ਹਾਕੀ: ਇਟਲੀ ਨੂੰ 5-1 ਨਾਲ ਹਰਾ ਕੇ ਭਾਰਤ ਸੈਮੀਫਾਈਨਲ ’ਚ
ਰਾਂਚੀ, 16 ਜਨਵਰੀ
ਭਾਰਤੀ ਮਹਿਲਾ ਹਾਕੀ ਟੀਮ ਨੇ ਇਟਲੀ ਨੂੰ 5-1 ਨਾਲ ਹਰਾ ਕੇ ਐੱਫਆਈਐੱਚ ਓਲੰਪਿਕ ਕੁਆਲੀਫਾਇਰ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਦਿਤਾ ਦੁਹਾਨ ਨੇ ਆਪਣੇ ਇਸ 100ਵੇਂ ਕੌਮਾਂਤਰੀ ਮੁਕਾਬਲੇ ਵਿੱਚ ਦੋ ਗੋਲ ਕਰ ਕੇ ਭਾਰਤੀ ਟੀਮ ਨੂੰ ਪੈਰਿਸ ਦੀ ਟਿਕਟ ਦੇ ਨੇੜੇ ਕਰ ਦਿੱਤਾ ਹੈ। ਭਾਰਤੀ ਟੀਮ ਲਈ ਉਦਿਤਾ ਨੇ (ਪਹਿਲੇ ਮਿੰਟ, 55ਵੇਂ ਮਿੰਟ), ਦੀਪਿਕਾ (41ਵੇਂ ਮਿੰਟ), ਸਲੀਮਾ ਟੇਟੇ (45ਵੇਂ ਮਿੰਟ) ਅਤੇ ਨਵਨੀਤ ਕੌਰ (53ਵੇਂ ਮਿੰਟ) ਨੇ ਗੋਲ ਕੀਤੇ। ਭਾਰਤੀ ਟੀਮ ਦੋ ਜਿੱਤਾਂ ਦਰਜ ਕਰ ਕੇ ਪੂਲ ਬੀ ਵਿੱਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਭਾਰਤ ਦਾ ਮੁਕਾਬਲਾ ਵੀਰਵਾਰ ਨੂੰ ਪੂਲ ਏ ਦੀ ਸਿਖਰਲੀ ਟੀਮ ਜਰਮਨੀ ਨਾਲ, ਜਦੋਂਕਿ ਅਮਰੀਕਾ ਦਾ ਮੁਕਾਬਲਾ ਜਾਪਾਨ ਨਾਲ ਹੋਵੇਗਾ। ਸਿਖਰਲੀਆਂ ਤਿੰਨ ਟੀਮਾਂ ਪੈਰਿਸ ਓਲੰਪਿਕ ਵਿੱਚ ਪਹੁੰਚਣਗੀਆਂ। ਆਪਣੇ ਪਹਿਲੇ ਮੈਚ ਵਿੱਚ ਅਮਰੀਕਾ ਤੋਂ 0-1 ਨਾਲ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਇਸ ਮੈਚ ’ਤੇ ਸ਼ੁਰੂ ਤੋਂ ਹੀ ਆਪਣੀ ਪਕੜ ਨੂੰ ਮਜ਼ਬੂਤ ਰੱਖਿਆ। ਉਦਿਤਾ ਡਿਫੈਂਸ ਵਿੱਚ ਵਿਰੋਧੀ ਖਿਡਾਰਨਾਂ ਨੂੰ ਰੋਕਣ ’ਚ ਕਾਮਯਾਬ ਰਹੀ, ਜਦੋਂਕਿ ਗੋਇਲ ਤੇ ਸਲੀਮਾ ਨੇ ਮੱਧ ਵਿੱਚ ਖੇਡ ਨੂੰ ਆਪਣੇ ਕੰਟਰੋਲ ਵਿੱਚ ਰੱਖਿਆ। ਭਾਰਤੀ ਟੀਮ ਦੀ ਸ਼ੁਰੂਆਤ ਪਿਛਲੇ ਮੁਕਾਬਲੇ ਵਾਂਗ ਬਿਹਰਤਰੀਨ ਰਹੀ। ਮੇਜ਼ਬਾਨ ਟੀਮ ਨੇ ਮੁਕਾਬਲੇ ਦੀ ਸ਼ੁਰੂਆਤ ਵਿੱਚ ਹੀ ਲੀਡ ਹਾਸਲ ਕਰ ਲਈ, ਜੋ ਅਖੀਰ ਤੱਕ ਬਰਕਰਾਰ ਰਹੀ। ਇਸੇ ਤਰ੍ਹਾਂ ਜਰਮਨੀ ਨੇ ਚੈੱਕ ਗਣਰਾਜ ਨੂੰ 10-0, ਜਾਪਾਨ ਨੇ ਚਿੱਲੀ ਨੂੰ 2-0 ਨਾਲ ਤੇ ਅਮਰੀਕਾ ਨੇ ਨਿਊਜ਼ੀਲੈਂਡ ਨੂੰ 1-0 ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। -ਪੀਟੀਆਈ