ਹਾਕੀ ਇੰਡੀਆ ਸਮਾਰੋਹ: ਸਵਿਤਾ ਤੇ ਹਰਮਨਪ੍ਰੀਤ ਨੂੰ ਸਰਬੋਤਮ ਖਿਡਾਰੀ ਦਾ ਪੁਰਸਕਾਰ
ਨਵੀਂ ਦਿੱਲੀ, 15 ਮਾਰਚ
ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਹਾਕੀ ਇੰਡੀਆ ਸੱਤਵੇਂ ਸਾਲਾਨਾ ਪੁਰਸਕਾਰ ਵਿੱਚ ਸਾਲ 2024 ਦੇ ਸਰਬੋਤਮ ਪੁਰਸ਼ ਖਿਡਾਰੀ ਅਤੇ ਗੋਲਕੀਪਰ ਸਵਿਤਾ ਨੂੰ ਸਰਬੋਤਮ ਮਹਿਲਾ ਖਿਡਾਰੀ ਲਈ ‘ਬਲਬੀਰ ਸਿੰਘ ਸੀਨੀਅਰ ਪੁਰਸਕਾਰ’ ਮਿਲਿਆ ਹੈ।
50 ਸਾਲ ਪਹਿਲਾਂ 15 ਮਾਰਚ ਨੂੰ ਹੀ ਕੁਆਲਾਲੰਪੁਰ ਵਿੱਚ ਭਾਰਤ ਨੂੰ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੀ ਅਜੀਤਪਾਲ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ‘ਧਿਆਨਚੰਦ ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਦਿੱਤਾ ਗਿਆ। ਇਸ ਪੁਰਸਕਾਰ ਤਹਿਤ ਟੀਮ ਨੂੰ 50 ਲੱਖ ਰੁਪਏ ਮਿਲੇ। ਹਾਕੀ ਇੰਡੀਆ ਨੇ ਇਹ ਸਮਾਰੋਹ ਅੱਜ ਭਾਰਤ ਦੀ ਵਿਸ਼ਵ ਕੱਪ ਜਿੱਤ ਦੇ 50 ਸਾਲ ਅਤੇ ਇਸ ਸਾਲ ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਮੌਕੇ ਕਰਵਾਇਆ ਸੀ।
ਪਿਛਲੇ ਸਾਲ ਪੈਰਿਸ ਓਲੰਪਿਕ ਵਿੱਚ ਦਸ ਗੋਲ ਦਾਗ਼ ਕੇ ਭਾਰਤ ਨੂੰ ਲਗਾਤਾਰ ਦੂਜਾ ਓਲੰਪਿਕ ਕਾਂਸੀ ਦਾ ਤਗ਼ਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਕਿਹਾ, ‘‘ਐਨੇ ਮਹਾਨ ਖਿਡਾਰੀਆਂ ਸਾਹਮਣੇ ਅੱਜ ਦੇ ਖ਼ਾਸ ਦਿਨ ’ਤੇ ਪੁਰਸਕਾਰ ਹਾਸਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਵਿਸ਼ਵ ਕੱਪ ਵਿੱਚ ਇੱਕ ਹੋਰ ਖ਼ਿਤਾਬ ਭਾਰਤ ਦੀ ਝੋਲੀ ਪਾਈਏ।’’
ਉਨ੍ਹਾਂ ਨੂੰ ਇਹ ਪੁਰਸਕਾਰ ਤਿੰਨ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਮਰਹੂਮ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਭੋਮੀਆ, ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਅਤੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਦਿੱਤਾ। ਪੁਰਸਕਾਰ ਤਹਿਤ ਦੋਵੇਂ ਖਿਡਾਰੀਆਂ ਨੂੰ ਇਕ ਟਰਾਫੀ ਅਤੇ 25-25 ਲੱਖ ਰੁਪਏ ਦਿੱਤੇ ਗਏ।
ਉੱਧਰ, ਤੀਜੀ ਵਾਰ ਪੁਰਸਕਾਰ ਜਿੱਤਣ ਵਾਲੀ ਸਾਬਕਾ ਕਪਤਾਨ ਸਵਿਤਾ ਨੇ ਵੀਡੀਓ ਸੁਨੇਹੇ ਵਿੱਚ ਕਿਹਾ, ‘‘ਇਸ ਪੁਰਸਕਾਰ ਨਾਲ ਮੈਨੂੰ ਅੱਗੇ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਮਿਲੇਗੀ। ਇਹ ਮੇਰੇ ਸਾਥੀ ਖਿਡਾਰੀਆਂ ਨੂੰ ਸਮਰਪਿਤ ਹੈ।’’
ਟੋਕੀਓ ਓਲੰਪਿਕ 2021 ਵਿੱਚ ਇਤਿਹਾਸਕ ਚੌਥੇ ਸਥਾਨ ’ਤੇ ਰਹੀ ਭਾਰਤੀ ਟੀਮ ਦੀ ਮੈਂਬਰ ਅਤੇ ਹਾਲ ਹੀ ਵਿੱਚ 300ਵਾਂ ਕੌਮਾਂਤਰੀ ਮੈਚ ਖੇਡਣ ਵਾਲੀ ਸਵਿਤਾ ਨੂੰ ਸਾਲ ਦੇ ਸਰਬੋਤਮ ਗੋਲਕੀਪਰ ਦਾ ਬਲਜੀਤ ਸਿੰਘ ਪੁਰਸਕਾਰ ਵੀ ਮਿਲਿਆ। ਸਰਬੋਤਮ ਡਿਫੈਂਡਰ ਦਾ ਪਰਗਟ ਸਿੰਘ ਪੁਰਸਕਾਰ ਅਮਿਤ ਰੋਹੀਦਾਸ ਨੇ ਜਿੱਤਿਆ ਜਦਕਿ ਸਰਬੋਤਮ ਮਿੱਡਫੀਲਡਰ ਦਾ ਅਜੀਤਪਾਲ ਸਿੰਘ ਪੁਰਸਕਾਰ ਹਾਰਦਿਕ ਸਿੰਘ ਨੂੰ ਮਿਲਿਆ।
ਸਰਬੋਤਮ ਫਾਰਵਰਡ ਦਾ ਧਨਰਾਜ ਪਿੱਲੈ ਪੁਰਸਕਾਰ ਅਭਿਸ਼ੇਕ ਨੂੰ ਦਿੱਤਾ ਗਿਆ। ਸਾਲ 2024 ਦੀ ਸਰਬੋਤਮ ਅੰਡਰ-21 ਮਹਿਲਾ ਖਿਡਾਰੀ ਦਾ ਅਸੁੰਥਾ ਲਾਕੜਾ ਪੁਰਸਕਾਰ ਡਰੈਗ ਫਲਿੱਕਰ ਦੀਪਿਕਾ ਨੂੰ ਮਿਲਿਆ ਜਦਕਿ ਪੁਰਸ਼ ਵਰਗ ਵਿੱਚ ਜੁਗਰਾਜ ਸਿੰਘ ਪੁਰਸਕਾਰ ਅਰਾਈਜੀਤ ਸਿਘ ਹੁੰਦਲ ਨੇ ਜਿੱਤਿਆ।
ਇਸ ਮੌਕੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਅਤੇ ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਭਾਰਤੀ ਪੁਰਸ਼ ਟੀਮ ਨੂੰ ਪੈਰਿਸ ਓਲੰਪਿਕ-2024 ਵਿੱਚ ਲਗਾਤਾਰ ਦੂਜਾ ਕਾਂਸੀ ਦਾ ਤਗ਼ਮਾ ਜਿੱਤਣ ਲਈ ਵਧਾਈ ਦਿੱਤੀ। ਹਰੇਕ ਖਿਡਾਰੀ ਨੂੰ 15 ਲੱਖ ਰੁਪਏ ਅਤੇ ਸਹਾਇਕ ਸਟਾਫ ਨੂੰ 7.5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਹਾਕੀ ਇੰਡੀਆ ਨੇ ਕੁੱਲ ਇਨਾਮੀ ਰਾਸ਼ੀ ਇਸ ਸਾਲ ਵਧਾ ਕੇ 12 ਕਰੋੜ ਰੁਪਏ ਕਰ ਦਿੱਤੀ ਸੀ। -ਪੀਟੀਆਈ