For the best experience, open
https://m.punjabitribuneonline.com
on your mobile browser.
Advertisement

ਸਾਂਝੀ ਵਿਰਾਸਤ ਦੇ ਇਤਿਹਾਸਕ ਨਿਸ਼ਾਨ

06:17 AM Aug 03, 2024 IST
ਸਾਂਝੀ ਵਿਰਾਸਤ ਦੇ ਇਤਿਹਾਸਕ ਨਿਸ਼ਾਨ
Advertisement

ਨੀਰਾ ਚੰਢੋਕ

Advertisement

ਉੱਤਰ ਪ੍ਰਦੇਸ਼ ਸਰਕਾਰ ਦਾ ਹੁਕਮ (ਜਿਸ ’ਤੇ ਹੁਣ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ) ਕਿ ਕਾਂਵੜ ਯਾਤਰਾ ਮਾਰਗਾਂ ਦੇ ਨਾਲ ਸਥਿਤ ਖਾਣ-ਪੀਣ ਦੀਆਂ ਦੁਕਾਨਾਂ ’ਤੇ ਮਾਲਕਾਂ ਦੇ ਨਾਂ ਲਿਖੇ ਜਾਣ, ਇੱਕ ਹੋਰ ਅਜਿਹੀ ਘਟਨਾ ਹੈ ਜੋ ਸਾਡੀ ਉਨ੍ਹਾਂ ਸਾਂਝੀਆਂ ਵਿਰਾਸਤਾਂ ਬਾਰੇ ਬੇਹੱਦ ਖੋਖ਼ਲੀ ਸਮਝ ਦਾ ਪ੍ਰਗਟਾਵਾ ਕਰਦੀ ਹੈ ਜਿਨ੍ਹਾਂ ਰਾਹੀਂ ਸਭਿਅਤਾ ਉੱਸਰੀ ਹੈ। ਇਹ ਇੱਕ ਹੋਰ ਉਦਾਹਰਨ ਹੈ ਕਿ ਕਿਵੇਂ ਭਾਜਪਾ ਬਸਤੀਵਾਦੀਆਂ ਵੱਲੋਂ ਇਸਲਾਮੀ ਸ਼ਾਸਨ ਦੀ ਕੀਤੀ ਸ਼ਾਤਿਰਾਨਾ ਵਿਆਖਿਆ ਦਾ ਫ਼ਾਇਦਾ ਚੁੱਕ ਰਹੀ ਹੈ। ਇਤਿਹਾਸਕਾਰ ਰਿਚਰਡ ਐੱਮ ਈਟਨ ਮੁਤਾਬਿਕ, ਫਾਰਸੀ ਸਮੱਗਰੀ ’ਚ ਮੰਦਿਰਾਂ ਦੀ ਬੇਅਦਬੀ ਸਬੰਧੀ ਮਿਲਦਾ ਜਿ਼ਆਦਾਤਰ ਸਮਕਾਲੀ ਪ੍ਰਮਾਣ ਬਰਤਾਨਵੀ ਰਾਜ ਦੌਰਾਨ ਅਨੁਵਾਦ ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਅੱਠ ਜਿਲਦਾਂ ਵਾਲਾ ਭਾਰਤ ਦਾ ਇਤਿਹਾਸ, ਇਸ ਦੇ ਇਤਿਹਾਸਕਾਰਾਂ ਦੇ ਦੱਸਣ ਮੁਤਾਬਿਕ ਪ੍ਰੋਫੈਸਰ ਜੌਹਨ ਡਾਅਸਨ (ਸਰ ਹੈਨਰੀ ਏਲੀਅਟ ਦੇ ਪਰਚਿਆਂ ’ਚੋਂ) ਵੱਲੋਂ 1867 ਤੋਂ ਲੈ ਕੇ 1877 ਵਿਚਾਲੇ ਸੰਪਾਦਿਤ ਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਏਲੀਅਟ ਬਰਤਾਨਵੀ ਰਾਜ ਦੀ ਨਿਆਂ ਪ੍ਰਣਾਲੀ ਤੇ ਕਾਰਜ ਕੁਸ਼ਲਤਾ ਦੀ ਮੁਸਲਿਮ ਸ਼ਾਸਕਾਂ ਦੀ ਕਰੂਰਤਾ ਅਤੇ ਮਨਮਾਨੀ ਨਾਲ ਤੁਲਨਾ ਕਰਨ ਦਾ ਬਹੁਤ ਇੱਛੁਕ ਸੀ। ਉਸ ਨੇ ਇਤਿਹਾਸ ’ਚੋਂ ਕੁਝ ਚੋਣਵੇਂ ਤੱਥਾਂ ਨੂੰ ਹੀ ਲਿਆ।
ਉੱਘੇ ਇਤਿਹਾਸਕਾਰ ਮੁਹੰਮਦ ਹਬੀਬ ਨੇ 1947 ਵਿੱਚ ‘ਇੰਡੀਅਨ ਹਿਸਟਰੀ ਕਾਂਗਰਸ’ ਦੇ ਉਦਘਾਟਨੀ ਭਾਸ਼ਣ ਵਿੱਚ ਦੱਸਿਆ ਸੀ ਕਿ ਬਸਤੀਵਾਦੀਆਂ ਨੇ ਇਹ ਪ੍ਰਚਾਰਿਆ ਕਿ ਸ਼ਾਂਤੀ ਪਸੰਦ ਭਾਰਤੀ ਮੁਸਲਮਾਨ ਜਿਨ੍ਹਾਂ ਦੇ ਵੰਸ਼ਜ ਬੇਸ਼ੱਕ ਹਿੰਦੂ ਸਨ, ਨੇ ਅਸੱਭਿਅਕ ਵਿਦੇਸ਼ੀ ਦਾ ਭੇਸ ਧਾਰ ਲਿਆ- ਮੰਦਿਰ ਤੋੜਨ ਵਾਲੇ, ਗਊ ਮਾਸ ਖਾਣ ਵਾਲੇ ਵਜੋਂ ਅਤੇ ਉਸੇ ਧਰਤੀ ’ਤੇ ਉਸ ਨੂੰ ਫ਼ੌਜੀ ਪੱਖ ਤੋਂ ਬਸਤੀਵਾਦੀ ਗਰਦਾਨ ਦਿੱਤਾ ਗਿਆ ਜਿੱਥੇ ਉਹ ਪਹਿਲਾਂ ਹੀ ਹਜ਼ਾਰਾਂ ਸਾਲਾਂ ਤੋਂ ਵਸ ਰਿਹਾ ਸੀ। ਹਬੀਬ ਨੇ ਇਲਜ਼ਾਮ ਲਾਇਆ ਕਿ ਏਲੀਅਟ ਨੇ ਚੋਣਵੇਂ ਤਰੀਕੇ ਨਾਲ ਪੂਰਬਕਾਲੀ ਫਾਰਸੀ ਕਹਾਣੀਆਂ ਨੂੰ ਵਰਤਿਆ। ਇਹ ਨਾ ਸਿਰਫ਼ ਅਨੈਤਿਕ ਸੀ ਬਲਕਿ ਇਸ ਨੂੰ ਮਿਲੇ-ਜੁਲੇ ਸਮਾਜ ਦੇ ਸਮਾਜਿਕ ਰਿਸ਼ਤਿਆਂ ਦਾ ਨੁਕਸਾਨ ਕਰਨ ਲਈ ਤਿਆਰ ਕੀਤਾ ਗਿਆ ਸੀ।
ਬਹੁਵਾਦ ਦਾ ਅਰਥ ਹੈ ਕਿ ਜਦੋਂ ਅਸੀਂ ਭਾਰਤ ਵਿੱਚ ਧਰਮਾਂ- ਹਿੰਦੂ, ਬੁੱਧ, ਸਿੱਖ, ਇਸਲਾਮ, ਜੈਨ ਤੇ ਇਸਾਈ ਦੇ ਗੁਲਦਸਤੇ ਅਤੇ ਸੱਭਿਆਚਾਰਾਂ ਨੂੰ ਘੋਖਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਸੱਭਿਆਚਾਰਕ ਪ੍ਰਸੰਗਾਂ’ਤੇ ਮਿਰਜ਼ਾ ਗ਼ਾਲਿਬ ਅਤੇ ਸਾਹਿਰ ਲੁਧਿਆਣਵੀ ਦੀ ਸ਼ਾਇਰੀ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਅਤੇ ਪ੍ਰੇਮਚੰਦ ਦੀਆਂ ਗਹਿਰੀ ਪਹੁੰਚ ਵਾਲੀਆਂ ਲਿਖਤਾਂ ਦੀ ਛਾਪ ਹੈ। ਸਰਬਸਾਂਝੇ ਸਮਾਜ ਵਿੱਚ ਰਹਿਣ-ਸਹਿਣ ਦੇ ਫ਼ਾਇਦੇ ਦੇਖੋ। ਸਾਨੂੰ ਵਿਸ਼ੇਸ਼ ਸ਼ਨਾਖਤੀ ਚਿੰਨ੍ਹ ਜਾਂ ਅਜਿਹੀ ਕੁੰਡੀ ਦੀ ਲੋੜ ਨਹੀਂ ਹੈ ਜਿਸ ਨਾਲ ਅਸੀਂ ਸਲਾਮਤੀ ਲਈ ਬੱਝੇ ਰਹੀਏ। ਫਿਰ ਅਸੀਂ ਅਜਿਹਾ ਮਜ਼ਬੂਤ ਲੰਗਰ ਵੀ ਨਹੀਂ ਲੱਭਦੇ ਜੋ ਸਾਨੂੰ ਧਰਤੀ ਨਾਲ ਬੰਨ੍ਹੀ ਰੱਖਦਾ ਹੈ, ਇਹ ਤਲਾਸ਼ ਤੂਫ਼ਾਨੀ ਸਾਗਰੀ ਪਾਣੀਆਂ ’ਚ ਗੁਆਚਣ ਦੇ ਡਰ ’ਚੋਂ ਉਪਜਦੀ ਹੈ। ਅਸੀਂ ਆਜ਼ਾਦ ਹਾਂ। ਜਿਵੇਂ ਸੂਫ਼ੀ ਸੰਤ ਬੁੱਲ੍ਹੇ ਸ਼ਾਹ ਨੇ ਕਿਹਾ ਹੈ: “ਬੁੱਲ੍ਹਾ ਕੀ ਜਾਣਾ ਮੈਂ ਕੌਣ... ਨਾ ਮੈਂ ਭੇਦ ਮਜ਼ਹਬ ਦਾ ਪਾਇਆ/ਨਾ ਮੈਂ ਆਦਮ ਹੱਵਾ ਜਾਇਆ/ਨਾ ਕੋਈ ਆਪਣਾ ਨਾਮ ਧਰਾਇਆ।” ਇਸ ਦੀ ਥਾਂ ਅਸੀਂ ਖ਼ੁਦ ਨੂੰ ਕਈ ਸੱਭਿਆਚਾਰਾਂ ਦਾ ਸੁਮੇਲ ਮੰਨਦੇ ਹਾਂ। ਨੌਜਵਾਨ ਉਰਦੂ ਕਵੀ ਹੁਸੈਨ ਹੈਦਰੀ ਲਿਖਦਾ ਹੈ: “ਮੇਰੇ ਏਕ ਨਹੀਂ ਸੌ ਚਿਹਰੇ ਹੈਂ/ਸੌ ਰੰਗ ਕੇ ਹੈਂ ਕਿਰਦਾਰ ਮੇਰੇ/ਸੌ ਕਲਮ ਸੇ ਲਿਖੀ ਕਹਾਨੀ ਹੂੰ/ਮੈਂ ਜਿਤਨਾ ਮੁਸਲਮਾਨ ਹੂੰ ਭਾਈ/ਮੈਂ ਉਤਨਾ ਹਿੰਦੋਸਤਾਨੀ ਹੂੰ।”
ਮਹਾਨ ਚਿੱਤਰਕਾਰ ਐੱਮਐੱਫ ਹੁਸੈਨ ਦੀ ਕਹਾਣੀ ਇਸ ਨੁਕਤੇ ਨੂੰ ਸਪੱਸ਼ਟ ਕਰਦੀ ਹੈ। ਵੱਕਾਰੀ ਸਾਓ ਪਾਉਲੋ ਪ੍ਰਦਰਸ਼ਨੀ ’ਚ ਉਹ ਦੋ ਸਨਮਾਨਿਤ ਮਹਿਮਾਨਾਂ ਵਿੱਚੋਂ ਇੱਕ ਸੀ। ਗੈਲਰੀ ਦਾ ਪੂਰਾ ਹਿੱਸਾ ਮਹਾਭਾਰਤ ਕਾਲ ਦੇ ਉਨ੍ਹਾਂ ਦੇ ਚਿੱਤਰਾਂ ਨਾਲ ਸਜਿਆ ਹੋਇਆ ਸੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਮੁਸਲਮਾਨ ਨਹੀਂ ਹਨ ਤਾਂ ਉਨ੍ਹਾਂ ਜਵਾਬ ਦਿੱਤਾ, “ਹਾਂ ਪਰ ਮੈਂ ਭਾਰਤੀ ਹਾਂ ਤੇ ਮੇਰੀਆਂ ਜੜ੍ਹਾਂ ਇਸਲਾਮ ਨਾਲੋਂ ਵੱਧ ਗਹਿਰੀਆਂ ਤੇ ਪੁਰਾਣੀਆਂ ਹਨ।” ਇਹੀ ਸਮਝ ਸਾਡੀ ‘ਸਾਂਝੀ ਵਿਰਾਸਤ’ ਦਾ ਹਿੱਸਾ ਹੈ।
ਇਹੀ ਸਾਂਝੀ ਵਿਰਾਸਤ ਹੈ ਜਿਸ ਨੂੰ ਮੁੜ ਤੋਂ ਹਾਸਿਲ ਕੀਤਾ ਜਾ ਸਕਦਾ ਹੈ, ਜੇਕਰ ਅਸੀਂ ਆਪਣੇ ਇਤਿਹਾਸ ਨੂੰ ਸਿਰਫ਼ ਝਗੜਾਲੂ ਜਾਂ ਬਰਖਿਲਾਫ਼ ਦੱਸਣ ਦੀ ਥਾਂ ਸਾਂਝੀਆਂ ਰਵਾਇਤਾਂ ਦੀ ਸਹਿ-ਹੋਂਦ ਵਜੋਂ ਵੀ ਦਰਸਾਈਏ। ਅਸੀਂ ਕਲਾਤਮਕ ਢੰਗ ਨਾਲ ਕਿਵੇਂ ਸੋਚਾਂਗੇ? ਜਦੋਂ ਤੱਕ ਅਸੀਂ ਉਨ੍ਹਾਂ ਵਿਚਾਰਾਂ ਤੇ ਆਦਰਸ਼ਾਂ ਦੇ ਪ੍ਰਸੰਗ ਤੱਕ ਨਹੀਂ ਜਾਂਦੇ ਜਿਨ੍ਹਾਂ ’ਤੇ ਅਸੀਂ ਕੋਈ ਰਚਨਾ ਕਰਨੀ ਹੈ, ਅਜਿਹਾ ਸੋਚਣਾ ਸੰਭਵ ਨਹੀਂ ਹੈ। ਇਹ ਸਾਂਝਾ ਸਭਿਆਚਾਰ ਸਾਡਾ ਹੈ, ਇਹ ਸਾਡੀਆਂ ਜਿ਼ੰਦਗੀਆਂ ਤੇ ਸਾਡੀ ਚੇਤਨਾ ਦਾ ਪ੍ਰਸੰਗ ਉਸਾਰਦਾ ਹੈ। ਜਿੱਥੋਂ ਤੱਕ ਨੀਤੀ-ਭ੍ਰਿਸ਼ਟ ਸਿਆਸਤਦਾਨਾਂ ਦਾ ਸਵਾਲ ਹੈ, ਜਿਗਰ ਮੁਰਾਦਾਬਾਦੀ ਨੇ ਕਈ ਦਹਾਕੇ ਪਹਿਲਾਂ 1960 ਵਿੱਚ ਇਸ ਦਾ ਜਵਾਬ ਦਿੱਤਾ ਸੀ: “ਉਨਕਾ ਜੋ ਫ਼ਰਜ਼ ਹੈ, ਵੋਹ ਅਹਿਲ-ਏ-ਸਿਆਸਤ ਜਾਨੇਂ/ਮੇਰਾ ਪੈਗ਼ਾਮ ਮੁਹੱਬਤ ਹੈ, ਜਹਾਂ ਤੱਕ ਪਹੁੰਚੇ।”
‘ਸਾਂਝੀ ਵਿਰਾਸਤ’ ਦੇ ਸ਼ਬਦਾਂ ਤੋਂ ਮਨ ’ਚ ਵੱਖ-ਵੱਖ ਰੰਗਾਂ ਦਾ ਇੱਕ ਚਿੱਤਰ-ਪਟ ਬਣਦਾ ਹੈ ਜੋ ਕੱਪੜੇ ’ਤੇ ਆਪੋ ਵਿੱਚ ਇਸ ਤਰ੍ਹਾਂ ਸਮੋਏ ਹੋਏ ਹਨ ਕਿ ਬੇਹੱਦ ਸ਼ਾਨਦਾਰ ਤਸਵੀਰ ਪੇਸ਼ ਕਰਦੇ ਹਨ। ਜਿਵੇਂ ਹੀ ਅਸੀਂ ਇਸ ਚਿੱਤਰ-ਪਟ ਨੂੰ ਪਲਟਦੇ ਹਾਂ, ਇਕੱਲੀ-ਇਕੱਲੀ ਤੰਦ ਵੱਖਰੀ ਦਿਖਦੀ ਹੈ ਪਰ ਆਖਿ਼ਰਕਾਰ ਇਹ ਫਿਰ ਜਟਿਲਤਾ ਨਾਲ ਘੁਲ-ਮਿਲ ਜਾਂਦੇ ਹਨ। ਅਸੀਂ ਇੱਕ-ਦੂਜੇ ਤੋਂ ਲੈਂਦੇ ਵੀ ਹਾਂ ਤੇ ਦਿੰਦੇ ਵੀ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਨਾਲ ਸਾਡੀ ਆਪਣੀ ਪਛਾਣ ਦਾ ਨਾਸ ਹੁੰਦਾ ਹੈ। ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ ਤੇ ਹਰ ਭਾਸ਼ਾ ਆਪਣੇ ਹਿਸਾਬ ਨਾਲ ਵੱਖਰੀ ਪਛਾਣ ਰੱਖਦੀ ਹੈ ਪਰ ਅਸੀਂ ਉਹ ਭਾਸ਼ਾਵਾਂ ਵੀ ਬੋਲਦੇ ਹਾਂ ਜੋ ਇੱਕ-ਦੂਜੇ ਨਾਲ ਮੇਲ ਖਾਂਦੀਆਂ ਹਨ। ਇਹੀ ਸਾਂਝੀਆਂ ਰਵਾਇਤਾਂ ਸਾਡੇ ਸੱਭਿਆਚਾਰ ਨੂੰ ਬਣਾਉਂਦੀਆਂ ਹਨ ਜੋ ਅਜੋਕੇ ਸਮਾਜ ਵਿੱਚ ਦੂਜਿਆਂ ਨਾਲ ਸਾਡੇ ਰਿਸ਼ਤਿਆਂ ਦਾ ਰਾਹ ਰੌਸ਼ਨ ਕਰਦਾ ਹੈ। ਲੋਕੀਂ ਆਪਣੇ ਜੋਖ਼ਮ ’ਤੇ ਮੇਲ-ਜੋਲ ਦੇ ਇਸ ਇਤਿਹਾਸ ਨੂੰ ਨਜ਼ਰ ਅੰਦਾਜ਼ ਕਰਦੇ ਹਨ।
ਸੋਚੋ, ਜੇ ਇੱਕ ਵਾਰ ਅਸੀਂ ਆਪਣੀ ‘ਸਾਂਝੀ ਵਿਰਾਸਤ’ ਨੂੰ ਸਵੀਕਾਰਨਾ ਤੇ ਸਲਾਹੁਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਜਿ਼ੰਦਗੀ ਕਿੰਨੀ ਅਮੀਰ, ਕਿੰਨੀ ਕਲਾਤਮਕ ਹੋ ਜਾਵੇਗੀ। ਹੈਦਰੀ ਦਾ ਮੁੜ ਜਿ਼ਕਰ ਕਰਦੇ ਹਾਂ: “ਮੁਝ ਮੇਂ ਗੀਤਾ ਕਾ ਸਾਰ ਭੀ ਹੈ/ਏਕ ਉਰਦੂ ਕਾ ਅਖ਼ਬਾਰ ਭੀ ਹੈ/ਮੇਰਾ ਏਕ ਮਹੀਨਾ ਰਮਜ਼ਾਨ ਭੀ ਹੈ/ਮੈਨੇ ਕੀਆ ਤੋ ਗੰਗਾ ਸਨਾਨ ਭੀ ਹੈ... ਮੰਦਿਰ ਕੀ ਚੌਖਟ ਮੇਰੀ ਹੈ/ਮਸਜਿਦ ਕੇ ਕਿਬਲੇ ਮੇਰੇ ਹੈਂ/ਗੁਰਦੁਆਰਾ ਕਾ ਦਰਬਾਰ ਮੇਰਾ/ਯੀਸ਼ੂ ਕੇ ਗਿਰਜੇ ਮੇਰੇ ਹੈਂ।” ਬਸ ਇਹੀ ਸਾਂਝੀ ਵਿਰਾਸਤ ਹੈ।
*ਲੇਖਕਾ ਰਾਜਨੀਤੀ ਸ਼ਾਸਤਰੀ ਹੈ।

Advertisement

Advertisement
Author Image

joginder kumar

View all posts

Advertisement