ਹਿੰਦੂ ਸੰਗਠਨ ਵੱਲੋਂ ਪੂਜਾ ਸਥਾਨ ਐਕਟ ਦੀਆਂ ਧਾਰਾਵਾਂ ਨੂੰ ਚੁਣੌਤੀ
ਨਵੀਂ ਦਿੱਲੀ, 6 ਜਨਵਰੀ
ਅਖਿਲ ਭਾਰਤੀ ਸੰਤ ਸਮਿਤੀ ਨਾਂ ਦੇ ਹਿੰਦੂ ਸੰਗਠਨ ਨੇ ਅੱਜ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ 1991 ਦੇ ਪੂਜਾ ਸਥਾਨ ਐਕਟ ਦੀਆਂ ਮੱਦਾਂ ਦੀ ਵੈਧਤਾ ਖ਼ਿਲਾਫ਼ ਦਾਇਰ ਮਾਮਲਿਆਂ ’ਚ ਦਖਲ ਦੇਣ ਦੀ ਮੰਗ ਕੀਤੀ ਹੈ। ਇਸ ਕਾਨੂੰਨ ਵਿੱਚ ਪੂਜਾ ਸਥਾਨਾਂ ਦੇ 15 ਅਗਸਤ 1947 ਦੇ ਧਾਰਮਿਕ ਸਰੂਪ ਬਰਕਰਾਰ ਰੱਖਣ ਨੂੰ ਕਿਹਾ ਗਿਆ ਹੈ। ਵਕੀਲ ਅਤੁਲੇਸ਼ ਕੁਮਾਰ ਰਾਹੀਂ ਦਾਇਰ ਸੰਗਠਨ ਦੀ ਪਟੀਸ਼ਨ ’ਚ 1991 ਦੇ ਕਾਨੂੰਨ ਦੀ ਧਾਰਾ 3 ਤੇ 4 ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਨ੍ਹਾਂ ਧਾਰਾਵਾਂ ’ਚ ਬਰਾਬਰੀ ਦੇ ਅਧਿਕਾਰ ਤੇ ਧਰਮ ਦਾ ਪਾਲਣ ਕਰਨ ਦੀ ਆਜ਼ਾਦੀ ਸਮੇਤ ਕਈ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਚੀਫ ਜਸਟਿਸ ਸੰਜੀਵ ਖੰਨਾ ਦੀ ਪ੍ਰਧਾਨਗੀ ਹੇਠਲੇ ਬੈਂਚ ਨੇ 12 ਦਸੰਬਰ 2024 ਨੂੰ ਅਗਲੇ ਹੁਕਮਾਂ ਤੱਕ ਸਾਰੀਆਂ ਅਦਾਲਤਾਂ ਨੂੰ ਨਵੇਂ ਮੁਕੱਦਮਿਆਂ ’ਤੇ ਸੁਣਵਾਈ ਅਤੇ ਧਾਰਮਿਕ ਥਾਵਾਂ ਤੇ ਖਾਸ ਤੌਰ ’ਤੇ ਮਸਜਿਦਾਂ ਤੇ ਦਰਗਾਹਾਂ ’ਤੇ ਦਾਅਵਿਆਂ ਦੇ ਸਬੰਧ ਵਿੱਚ ਪੈਂਡਿੰਗ ਮਾਮਲਿਆਂ ’ਚ ਕੋਈ ਵੀ ਅੰਤਰਿਮ ਜਾਂ ਆਖਰੀ ਹੁਕਮ ਪਾਸ ਕਰਨ ’ਤੇ ਰੋਕ ਲਗਾ ਦਿੱਤੀ ਸੀ। -ਪੀਟੀਆਈ