ਹਿੰਡਨਬਰਗ ਨੇ ਸੇਬੀ ਮੁਖੀ ਦੀ ਖਾਮੋਸ਼ੀ ’ਤੇ ਚੁੱਕੇ ਸਵਾਲ
ਨਵੀਂ ਦਿੱਲੀ, 12 ਸਤੰਬਰ
ਅਮਰੀਕਾ ਦੀ ਖੋਜ ਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ ਸੇਬੀ ਦੀ ਚੇਅਰਪਰਸਨ ਮਾਧਵੀ ਪੁਰੀ ਬੁੱਚ ਦੀ ਮਾੜੇ ਵਿਹਾਰ, ਹਿੱਤਾਂ ਦੇ ਟਕਰਾਅ ਅਤੇ ਬਾਜ਼ਾਰ ਰੈਗੂਲੇਟਰ ਦੇ ਮੈਂਬਰ ਵਜੋਂ ਕੰਮ ਕਰਦਿਆਂ ਕੰਪਨੀਆਂ ਤੋਂ ਭੁਗਤਾਨ ਸਵੀਕਾਰ ਕਰਨ ਦੇ ਨਵੇਂ ਦੋਸ਼ਾਂ ਨੂੰ ਲੈ ਕੇ ਖਾਮੋਸ਼ੀ ’ਤੇ ਸਵਾਲ ਚੁੱਕੇ ਹਨ।
ਹਿੰਡਨਬਰਗ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਲਿਖਿਆ, ‘ਨਵੇਂ ਦੋਸ਼ ਸਾਹਮਣੇ ਆਏ ਹਨ ਕਿ ਨਿੱਜੀ ਸਲਾਹ ਕੰਪਨੀ, ਜਿਸ ਦੀ 99 ਫੀਸਦ ਮਾਲਕੀ ਸੇਬੀ ਮੁਖੀ ਮਾਧਵੀ ਬੁਚ ਕੋਲ ਹੈ, ਨੇ ਸੇਬੀ ਵੱਲੋਂ ਰੈਗੂਲੇਟ ਕਈ ਸੂਚੀਬੱਧ ਕੰਪਨੀਆਂ ਤੋਂ ਸੇਬੀ ਦੀ ਕੁੱਲਵਕਤੀ ਮੈਂਬਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਭੁਗਤਾਨ ਸਵੀਕਾਰ ਕੀਤਾ। ਇਨ੍ਹਾਂ ਕੰਪਨੀਆਂ ’ਚ ਮਹਿੰਦਰਾ ਐਂਡ ਮਹਿੰਦਰਾ, ਆਈਸੀਆਈਸੀਆਈ ਬੈਂਕ, ਡਾ. ਰੈੱਡੀਜ਼ ਅਤੇ ਪਿਡੀਲਾਈਟ ਸ਼ਾਮਲ ਹਨ।’ ਹਿੰਡਨਬਰਗ ਨੇ ਕਿਹਾ ਕਿ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਦੋਸ਼ ਬੁਚ ਦੀ ਸਲਾਹ ਦੇਣ ਵਾਲੀ ਭਾਰਤੀ ਕੰਪਨੀ ’ਤੇ ਲਾਗੂ ਹੁੰਦੇ ਹਨ, ਜਦਕਿ ਬੁਚ ਦੀ ਸਿੰਗਾਪੁਰ ਸਥਿਤ ਇਕਾਈ ਬਾਰੇ ਅਜੇ ਤੱਕ ਕੋਈ ਵੇਰਵੇ ਨਹੀਂ ਦਿੱਤੇ ਗਏ।’ ਹਿੰਡਨਬਰਗ ਨੇ ਕਿਹਾ, ‘ਬੁਚ ਨੇ ਸਾਰੇ ਨਵੇਂ ਮੁੱਦਿਆਂ ’ਤੇ ਪੂਰੀ ਤਰ੍ਹਾਂ ਚੁੱਪ ਧਾਰ ਰੱਖੀ ਹੈ।’ ਡਾਕਟਰ ਰੈੱਡੀਜ਼ ਲੈਬਾਰਟਰੀਜ਼ ਅਤੇ ਪਿਡੀਲਾਈਟ ਇੰਡਸਟਰੀਜ਼ ਨੇ ਵੀ ਕਿਹਾ ਕਿ ਜਦੋਂ ਮਾਧਵੀ ਬੁਚ ਨੇ ਸੇਬੀ ਦਾ ਦੂਜਾ ਸਭ ਤੋਂ ਵੱਡਾ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਧਵਲ ਬੁਚ ਦੀਆਂ ਸੇਵਾਵਾਂ ਲਈਆਂ ਸਨ ਪਰ ਕਿਸੇ ਤਰ੍ਹਾਂ ਦੇ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ। ਡਾਕਟਰ ਰੈੱਡੀਜ਼ ਨੇ ਕਿਹਾ ਕਿ ਉਨ੍ਹਾਂ ਬੁਚ ਨੂੰ ਸੇਵਾਵਾਂ ਦੇ ਬਦਲੇ ’ਚ 6.58 ਲੱਖ ਰੁਪਏ ਅਦਾ ਕੀਤੇ ਸਨ। ਪਿਡੀਲਾਈਟ ਨੇ ਕਿਹਾ ਕਿ ਉਹ ਸੇਬੀ ਦੀ ਕਿਸੇ ਜਾਂਚ ਦੇ ਘੇਰੇ ’ਚ ਨਹੀਂ ਆਈ ਹੈ। ਪਿਛਲੇ ਮਹੀਨੇ ਹਿੰਡਨਬਰਗ ਨੇ ਦੋਸ਼ ਲਾਇਆ ਸੀ ਕਿ ਬੁਚ ਨੇ 2015 ’ਚ ਸਿੰਗਾਪੁਰ ’ਚ ਇਕ ਵੈੱਲਥ ਮੈਨੇਜਮੈਂਟ ਕੰਪਨੀ ’ਚ ਖ਼ਾਤਾ ਖੋਲ੍ਹਿਆ ਸੀ। -ਪੀਟੀਆਈ