ਹਿਮਾਚਲ: ਸੁੱਖੂ ਦੀ ਪਤਨੀ ਸਣੇ ਤਿੰਨ ਨਵੇਂ ਵਿਧਾਇਕਾਂ ਨੇ ਹਲਫ਼ ਲਿਆ
ਸ਼ਿਮਲਾ, 22 ਜੁਲਾਈ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਅੱਜ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਸਣੇ ਤਿੰਨ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ। ਸਦਨ ਵਿੱਚ ਹੋਏ ਇਸ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ, ਵਿਰੋਧੀ ਧਿਰ ਦੇ ਨੇਤਾ, ਕੈਬਨਿਟ ਮੰਤਰੀ ਅਤੇ ਹੋਰ ਮੈਂਬਰ ਮੌਜੂਦ ਸਨ। ਵਿਧਾਨ ਸਭਾ ਮੈਂਬਰ ਵਜੋਂ ਹਲਫ਼ ਲੈਣ ਵਾਲਿਆਂ ਵਿੱਚ ਦੇਹਰਾ ਵਿਧਾਨ ਸਭਾ ਸੀਟ ਤੋਂ ਚੁਣੇ ਗਏ ਕਾਂਗਰਸ ਵਿਧਾਇਕ ਕਮਲੇਸ਼ ਠਾਕੁਰ, ਨਾਲਾਗੜ੍ਹ ਸੀਟ ਤੋਂ ਚੁਣੇ ਹਰਦੀਪ ਸਿੰਘ ਬਾਵਾ ਅਤੇ ਹਮੀਰਪੁਰ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਭਾਜਪਾ ਵਿਧਾਇਕ ਆਸ਼ੀਸ਼ ਸ਼ਰਮਾ ਸ਼ਾਮਲ ਸਨ।
ਇਨ੍ਹਾਂ ਤਿੰਨੋਂ ਵਿਧਾਇਕਾਂ ਦੀ ਚੋਣ ਮਗਰੋਂ ਵਿਧਾਨ ਸਭਾ ਵਿੱਚ ਸਾਰੇ 68 ਮੈਂਬਰ ਪੂਰੇ ਹੋ ਗਏ ਹਨ। ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 40 ਹੋ ਗਈ ਹੈ, ਜਦਕਿ ਭਾਜਪਾ ਦੇ 28 ਵਿਧਾਇਕ ਹਨ। ਹਿਮਾਚਲ ਪ੍ਰਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਆਜ਼ਾਦ ਵਿਧਾਇਕ ਨਹੀਂ ਹੈ। ਇਸੇ ਤਰ੍ਹਾਂ ਇਹ ਵੀ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਇੱਕ ਹੀ ਸਦਨ ਦੇ ਮੈਂਬਰ ਹਨ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਸੁੱਖੂ ਨੇ ਭਾਜਪਾ ’ਤੇ ਵਿਧਾਇਕਾਂ ਦੀ ਖ਼ਰੀਦ-ਫਰੋਖਤ ਕਰ ਕੇ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। -ਪੀਟੀਆਈ