For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਟੈਕਸੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਹਲਾਕ, ਦਸ ਜ਼ਖ਼ਮੀ

06:53 AM Aug 29, 2024 IST
ਹਿਮਾਚਲ  ਟੈਕਸੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਹਲਾਕ  ਦਸ ਜ਼ਖ਼ਮੀ
ਨੇਹਾ, ਦੀਕਸ਼ਾ ਤੇ ਲਾਡੀ ਦੀਆਂ ਫਾਈਲ ਫੋਟੋਆਂ।
Advertisement

ਪਠਾਨਕੋਟ (ਐੱਨਪੀ ਧਵਨ):

ਹਿਮਾਚਲ ਦੇ ਚੰਬਾ ਜ਼ਿਲ੍ਹੇ ’ਚ ਮਨੀਮਹੇਸ਼ ਯਾਤਰਾ ਦੌਰਾਨ ਅੱਜ ਸਵੇਰੇ ਭਰਮੌਰ-ਭਰਮਾਨੀ ਰੋਡ ’ਤੇ ਇੱਕ ਟੈਕਸੀ 300 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਉਸ ਵਿੱਚ ਸਵਾਰ ਤਿੰਨ ਸ਼ਰਧਾਲੂਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦ ਕਿ 10 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਨ੍ਹਾਂ ਨੂੰ ਚੰਬਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਸਿਵਲ ਹਸਪਤਾਲ ਭਰਮੌਰ ਵਿੱਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ਵਿੱਚ ਦੋ ਲੜਕੀਆਂ ਅਤੇ ਇੱਕ ਵਿਅਕਤੀ ਸ਼ਾਮਲ ਹੈ ਅਤੇ ਤਿੰਨੇ ਪਠਾਨਕੋਟ ਦੇ ਵਸਨੀਕ ਹਨ। ਇਨ੍ਹਾਂ ਲੜਕੀਆਂ ਵਿੱਚੋਂ ਇੱਕ ਦਾ ਪਿਤਾ ਪਠਾਨਕੋਟ ਵਿੱਚ ਜੂਸ ਵੇਚਣ ਦਾ ਕੰਮ ਕਰਦਾ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰ ਲਾਸ਼ਾਂ ਲੈਣ ਲਈ ਭਰਮੌਰ ਵੱਲ ਰਵਾਨਾ ਹੋ ਗਏ ਹਨ। ਡੀਐੱਸਪੀ ਜਤਿੰਦਰ ਚੌਧਰੀ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਿਆਂ ਸੜਕ ਦਾ ਕਿਨਾਰਾ ਧਸ ਗਿਆ ਅਤੇ ਸੁੂਮੋ ਗੱਡੀ ਪਲਟ ਕੇ ਖੱਡ ਵਿੱਚ ਡਿੱਗ ਗਈ, ਜਦਕਿ ਡਰਾਈਵਰ ਤੁਰੰਤ ਛਾਲ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਸੱਤ ਜ਼ਖ਼ਮੀ ਪਠਾਨਕੋਟ ਨਾਲ ਸਬੰਧਿਤ ਹਨ ਅਤੇ ਸਾਰਿਆਂ ਦੀ ਇੱਕ-ਦੂਜੇ ਨਾਲ ਜਾਣ-ਪਛਾਣ ਸੀ। ਮਨੀਮਹੇਸ਼ ਦੀ ਯਾਤਰਾ ਤੋਂ ਵਾਪਸੀ ਵੇਲੇ ਉਹ ਇੱਕ ਟੈਕਸੀ ਰਾਹੀਂ ਭਰਮਾਨੀ ਮਾਤਾ ਦੇ ਮੰਦਰ ਮੱਥਾ ਟੇਕਣ ਜਾ ਰਹੇ ਸਨ ਤਾਂ ਰਾਹ ਵਿੱਚ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਛਾਣ ਨੇਹਾ (21) ਪੁੱਤਰੀ ਜਨਕ, ਦੀਕਸ਼ਾ (39) ਪੁੱਤਰੀ ਰਾਜੇਸ਼ ਕੁਮਾਰ ਤੇ ਲਾਡੀ ਉਰਫ ਸੰਤ ਰੂਪ ਵਾਸੀ ਪਟੇਲ ਚੌਕ ਪਠਾਨਕੋਟ ਵਜੋਂ ਹੋਈ ਹੈ, ਜਦਕਿ ਜ਼ਖ਼ਮੀਆਂ ਵਿੱਚ ਆਰਤੀ (40) ਪਤਨੀ ਸੰਤ ਰੂਪ, ਮਾਨਵ (22) ਪੁੱਤਰ ਅਸ਼ੋਕ ਕੁਮਾਰ, ਸੌਰਵ (33) ਪੁੱਤਰ ਸੁਮਨ ਕੁਮਾਰ, ਰਾਜੇਸ਼ ਪੁੱਤਰ ਨੇਕ ਰਾਮ, ਵਿਸ਼ਾਲ ਕੁਮਾਰ (34), ਸ਼ਿਖਾ (27) ਪੁੱਤਰੀ ਰਾਜ ਕੁਮਾਰ, ਰਾਹੁਲ ਕੁਮਾਰ (33) ਪੁੱਤਰ ਬਲਜੀਤ ਗੁਲਾਟੀ ਤੇ ਗੌਰਵ (17) ਪੁੱਤਰ ਰਾਕੇਸ਼ ਕੁਮਾਰ ਸਾਰੇ ਵਾਸੀ ਪਠਾਨਕੋਟ, ਅਸ਼ੀਸ਼ (18) ਪੁੱਤਰ ਗੁੱਡੂ ਵਾਸੀ ਪਿੰਡ ਭਟਨੀ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼ ਅਤੇ ਵਿਵੇਕ ਕੁਮਾਰ (22) ਪੁੱਤਰ ਪੱਪਨ ਸ਼ਾਹੀਨ ਵਾਸੀ ਕਰਨਵਾਸ ਜ਼ਿਲ੍ਹਾ ਬੁਲੰਦਸ਼ਹਿਰ, ਉੱਤਰ ਪ੍ਰਦੇਸ਼ ਸ਼ਾਮਲ ਹਨ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਭਰਮੌਰ ਕੁਲਬੀਰ ਸਿੰਘ ਰਾਣਾ, ਤਹਿਸੀਲਦਾਰ ਭਰਮੌਰ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਲਈ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਹੈ।

Advertisement

Advertisement
Author Image

joginder kumar

View all posts

Advertisement