ਹਿਮਾਚਲ: ਬੱਦਲ ਫਟਣ ਕਾਰਨ ਆਏ ਹੜ੍ਹ ਦੌਰਾਨ ਮਰਨ ਵਾਲਿਆਂ ਦੀ ਗਿਣਤੀ 8 ਹੋਈ
ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿਚ ਬੱਦਲ ਫਟਣ ਕਾਰਨ ਆਏ ਹੜ੍ਹ ਦੌਰਾਨ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਲਾਪਤਾ ਹੋਏ 45 ਵਿਅਕਤੀਆਂ ਦੀ ਭਾਲ ਲਈ ਮੁਸ਼ੱਕਤ ਕੀਤੀ ਜਾ ਰਹੀ ਹੈ। ਇਕ ਮਹਿਲਾ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਸਹੁਰੇ ਅਤੇ ਸੱਸ ਦੀਆਂ ਲਾਸ਼ਾਂ ਮਿਲ ਗਈਆਂ ਹਨ, ਪਰ ਮੇਰਾ ਪੁੱਤ, ਜੀਜਾ, ਉਸਦੀ ਪਤਨੀ ਅਤੇ ਉਨ੍ਹਾਂ ਦਾ ਛੇ ਸਾਲ ਦਾ ਬੱਚਾ ਅਤੇ ਦੋ ਮਹੀਨਿਆਂ ਦੀ ਧੀ ਹਾਲੇ ਵੀ ਲਾਪਤਾ ਹਨ। ਕੁੱਲੂ ਦੇ ਡਿਪਟੀ ਕਮਿਸ਼ਨਰ ਟੀਐੱਸ ਰਵੀਸ਼ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਨੀਕਰਨ ਖੇਤਰ 'ਚ ਮਲਾਨਾ-2 ਪਾਵਰ ਪ੍ਰੋਜੈਕਟ ਦੀ ਥਾਂ 'ਤੇ ਫਸੇ 33 ਲੋਕਾਂ ਨੂੰ ਵੀਰਵਾਰ ਰਾਤ ਅਤੇ ਸ਼ੁੱਕਰਵਾਰ ਦੀ ਸਵੇਰ ਨੂੰ ਬਚਾਅ ਲਿਆ ਗਿਆ।
ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਬੱਦਲ ਫਟਣ ਨਾਲ ਸੂਬੇ ਵਿੱਚ 20 ਤੋਂ ਵੱਧ ਘਰ, ਛੇ ਦੁਕਾਨਾਂ, ਚਾਰ ਮੁੱਖ ਪੁਲ ਅਤੇ ਦੋ ਪੈਦਲ ਚੱਲਣ ਵਾਲੇ ਪੁਲ ਹੜ੍ਹ ਦੇ ਪਾਣੀ ਵਿਚ ਵਹਿ ਗਏ ਹਨ। ਸੂਬਾ ਆਫ਼ਤ ਪ੍ਰਬੰਧਨ ਕੇਂਦਰ ਦੇ ਅਨੁਸਾਰ 27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 73 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਰਾਜ ਨੂੰ 649 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਵੀ ਹੋਇਆ ਹੈ।
ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਖੇਤਰ ਦੇ ਬੱਦਲ ਫਟਣ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਹੈ ਇਸ ਮੌਕੇ ਉਨ੍ਹਾਂ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਮੇਜ ਵਿਖੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਵੀ ਕੀਤੀ।- ਪੀਟੀਆਈ