ਹਿਮਾਚਲ: ਕੁੱਲੂ ਤੇ ਲਾਹੌਲ-ਸਪਿਤੀ ਦੇ ਉੱਚੇ ਇਲਾਕਿਆਂ ’ਚ ਬਰਫ਼ਬਾਰੀ
ਸ਼ਿਮਲਾ, 23 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਲਾਹੌਲ ਤੇ ਸਪਿਤੀ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ’ਚ ਅੱਜ ਰੁੱਕ-ਰੁੱਕ ਕੇ ਬਰਫਬਾਰੀ ਹੋਈ, ਜਿਸ ਨਾਲ ਅੱਠ ਹਫ਼ਤਿਆਂ ਦਾ ਸੋਕਾ ਖਤਮ ਹੋ ਗਿਆ ਹੈ ਅਤੇ ਨੇੜਲੇ ਇਲਾਕਿਆਂ ’ਚ ਸੀਤ ਲਹਿਰ ਤੇਜ਼ ਹੋ ਗਈ ਹੈ। ਕੁੱਲੂ ਜ਼ਿਲ੍ਹੇ ਦੇ ਸੋਲੰਗ, ਮਾਰੀ, ਗੁਲਾਬਾ ਤੇ ਰੋਹਤਾਂਗ ਅਤੇ ਲਾਹੌਲ ਤੇ ਸਪਿਤੀ ਦੇ ਕੋਕਸਰ ਤੇ ਸਿੱਸੂ ’ਚ ਬਰਫਬਾਰੀ ਹੋਣ ਨਾਲ ਕਿਸਾਨਾਂ, ਬਾਗਵਾਨਾਂ ਤੇ ਹੋਟਲ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ ਕਿਉਂਕਿ ਖੁਸ਼ਕ ਮੌਸਮ ਨੇ ਸਰਦੀਆਂ ਦੀ ਫਸਲ ਦੇ ਨਾਲ ਨਾਲ ਸੈਰ-ਸਪਾਟਾ ਸਨਅਤ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅਟਲ ਟਨਲ ਤੇ ਹੋਰ ਇਲਾਕਿਆਂ ’ਚ ਹੋਈ ਬਰਫਬਾਰੀ ਦੀ ਵੀਡੀਓ ਸਾਂਝੀ ਕਰਦਿਆਂ ਲਾਹੌਲ-ਸਪਿਤੀ ਪੁਲੀਸ ਨੇ ਲੋਕਾਂ ਬਿਨਾਂ ਲੋੜ ਯਾਤਰਾ ਨਾ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨਾਲ ਹੀ ਸਲਾਹ ਦਿੱਤੀ ਹੈ ਕਿ ਯਾਤਰਾ ਦੌਰਾਨ ਵਾਹਨ ’ਚ ਗਰਮ ਕੱਪੜੇ, ਖਾਣ-ਪੀਣ ਦਾ ਸਾਮਾਨ ਤੇ ਮੁੱਢਲੇ ਇਲਾਜ ਲਈ ਕਿੱਟ ਜ਼ਰੂਰ ਰੱਖੀ ਜਾਵੇ ਤੇ ਐਮਰਜੈਂਸੀ ਨੰਬਰ ਵੀ ਆਪਣੇ ਕੋਲ ਰੱਖੇ ਜਾਣ। -ਪੀਟੀਆਈ