ਹਿਮਾਚਲ: ਸਾਬਕਾ ਭਾਜਪਾ ਆਗੂ ਰਾਕੇਸ਼ ਚੌਧਰੀ ਦੀ ਜ਼ਹਿਰ ਖਾਣ ਕਾਰਨ ਮੌਤ
ਲਲਿਤ ਮੋਹਨ
ਧਰਮਸ਼ਾਲਾ, 8 ਅਕਤੂਬਰ
ਟਾਂਡਾ ਦੇ ਮੈਡੀਕਲ ਕਾਲਜ ’ਚ ਲੰਘੀ ਰਾਤ ਦਾਖਲ ਕਰਵਾਏ ਭਾਜਪਾ ਦੇ ਸਾਬਕਾ ਆਗੂ ਰਾਕੇਸ਼ ਚੌਧਰੀ ਦੀ ਅੱਜ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੋਵਾਂ ਨੂੰ ਕਥਿਤ ਤੌਰ ’ਤੇ ਜ਼ਹਿਰ ਖਾਣ ਕਾਰਨ ਮਗਰੋਂ ਇੱਥੇ ਦਾਖਲ ਕਰਵਾਇਆ ਗਿਆ ਸੀ। ਕਾਂਗੜਾ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਚੌਧਰੀ ਦੀ ਪਤਨੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਉਹ ਫਿਲਹਾਲ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਚੌਧਰੀ ਨੇ ਆਜ਼ਾਦ ਤੌਰ ’ਤੇ 2019 ਦੀ ਵਿਧਾਨ ਸਭਾ ਜ਼ਿਮਨੀ ਚੋਣ ਲੜੀ ਸੀ। ਉਹ 16 ਹਜ਼ਾਰ ਵੋਟਾਂ ਹਾਸਲ ਕਰਕੇ ਦੂਜੇ ਸਥਾਨ ’ਤੇ ਰਹੇ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਪਰ ਕਾਂਗਰਸ ਉਮੀਦਵਾਰ ਸੁਧੀਰ ਸ਼ਰਮਾ ਤੋਂ ਹਾਰ ਗਏ। ਧਰਮਸ਼ਾਲਾ ਜ਼ਿਮਨੀ ਚੋਣ ’ਚ ਕਾਂਗਰਸ ਦੇ ਬਾਗੀ ਆਗੂ ਸੁਧੀਰ ਸ਼ਰਮਾ ਦੇ ਭਾਜਪਾ ’ਚ ਸ਼ਾਮਲ ਹੋਣ ਤੇ ਉਸ ਨੂੰ ਧਰਮਸ਼ਾਲਾ ਤੋਂ ਪਾਰਟੀ ਉਮੀਦਵਾਰ ਐਲਾਨੇ ਜਾਣ ਮਗਰੋਂ ਚੌਧਰੀ ਨੇ ਭਾਜਪਾ ਛੱਡ ਦਿੱਤੀ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ।