For the best experience, open
https://m.punjabitribuneonline.com
on your mobile browser.
Advertisement

ਹਿਮਾਚਲ: ਭਾਰੀ ਮੀਂਹ ਕਾਰਨ ਕੁੱਲੂ ’ਚ ਅੱਠ ਇਮਾਰਤਾਂ ਡਿੱਗੀਆਂ

07:06 AM Aug 25, 2023 IST
ਹਿਮਾਚਲ  ਭਾਰੀ ਮੀਂਹ ਕਾਰਨ ਕੁੱਲੂ ’ਚ ਅੱਠ ਇਮਾਰਤਾਂ ਡਿੱਗੀਆਂ
ਕੁੱਲੂ ਜ਼ਿਲ੍ਹੇ ਦੇ ਅੰਨੀ ਇਲਾਕੇ ਵਿੱਚ ਡਿੱਗੀਆਂ ਇਮਾਰਤਾਂ ਦੁਆਲੇ ਜਮ੍ਹਾਂ ਹੋਏ ਲੋਕ। -ਫੋਟੋ: ਪੀਟੀਆਈ
Advertisement

ਸ਼ਿਮਲਾ/ਮੰਡੀ, 24 ਅਗਸਤ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਅੰਨੀ ਇਲਾਕੇ ’ਚ ਅੱਜ ਭਾਰੀ ਮੀਂਹ ਕਾਰਨ ਘੱਟੋ-ਘੱਟ ਅੱਠ ਇਮਾਰਤਾਂ ਡਿੱਗ ਗਈਆਂ। ਹਾਲਾਂਕਿ ਇਹ ਇਮਾਰਤਾਂ ਖਾਲੀ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦੂਜੇ ਪਾਸੇ ਸ਼ਿਮਲਾ ’ਚ ਭਾਰੀ ਮੀਂਹ ਕਾਰਨ ਡਿੱਗੇ ਸ਼ਿਵ ਮੰਦਿਰ ਦੇ ਮਲਬੇ ਥੱਲਿਓਂ ਇੱਕ ਹੋਰ ਲਾਸ਼ ਬਰਾਮਦ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ਇਲਾਕੇ ’ਚ ਮਲਬੇ ਹੇਠੋਂ ਹੁਣ ਤੱਕ 25 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਦੱਸਿਆ ਕਿ ਸਮਰ ਹਿੱਲ ’ਚ ਡਿੱਗੇ ਸ਼ਿਵ ਮੰਦਿਰ ਦੇ ਮਲਬੇ ਹੇਠੋਂ 18, ਫਾਗਲੀ ’ਚੋਂ 5 ਤੇ ਕ੍ਰਿਸ਼ਨਾ ਨਗਰ ’ਚੋਂ 2 ਲਾਸ਼ਾਂ ਮਿਲ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਇੱਕ ਹੋਰ ਲਾਸ਼ ਬਰਾਮਦ ਹੋਈ ਹੈ ਅਤੇ ਦੋ ਵਿਅਕਤੀ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਅੱਜ ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ ਉਸ ਦੀ ਸ਼ਨਾਖ਼ਤ ਨੀਰਜ ਵਜੋਂ ਹੋਈ ਹੈ। ਹਿਮਾਚਲ ਪ੍ਰਦੇਸ਼ ’ਚ 24 ਜੂਨ ਤੋਂ ਮੌਨਸੂਨ ਸ਼ੁਰੂ ਹੋਣ ਮਗਰੋਂ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਹੁਣ ਤੱਕ 239 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 40 ਵਿਅਕਤੀ ਅਜੇ ਵੀ ਲਾਪਤਾ ਹਨ।
ਦੂਜੇ ਪਾਸੇ ਅੰਨੀ ਦੇ ਐੱਸਡੀਐੱਮ ਨਰੇਸ਼ ਵਰਮਾ ਨੇ ਦੱਸਿਆ ਕਿ ਇੱਥੇ ਭਾਰੀ ਮੀਂਹ ਕਾਰਨ ਘੱਟੋ ਘੱਟ ਅੱਠ ਇਮਾਰਤਾਂ ਡਿੱਗ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਥੇ ਮਕਾਨਾਂ ਦੇ ਨਾਲ ਨਾਲ ਦੁਕਾਨਾਂ, ਬੈਂਕਾਂ ਤੇ ਹੋਰ ਕਾਰੋਬਾਰੀ ਅਦਾਰਿਆਂ ਵਾਲੀਆਂ ਇਮਾਰਤਾਂ ’ਚ ਤਰੇੜਾਂ ਆ ਗਈਆਂ ਸਨ। ਇਨ੍ਹਾਂ ਇਮਾਰਤਾਂ ਨੂੰ ਅਸੁਰੱਖਿਅਤ ਐਲਾਨਦਿਆਂ ਕੁਝ ਦਿਨ ਪਹਿਲਾਂ ਖਾਲੀ ਕਰਵਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਅਤੇ ਕੌਮੀ ਮਾਰਗ-305 ’ਤੇ ਹੋਰ ਅਸੁਰੱਖਿਅਤ ਇਮਾਰਤਾਂ ਨੂੰ ਇਹਤਿਆਤ ਵਜੋਂ ਖਾਲੀ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੀਂਹ ਕਾਰਨ ਸੂਬੇ ਵਿੱਚ ਹੁਣ ਤੱਕ 12 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। -ਪੀਟੀਆਈ

Advertisement

ਹਿਮਾਚਲ ’ਚ ਹੋਈ ਤਬਾਹੀ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ: ਪ੍ਰਿਯੰਕਾ

ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਹੋਈ ਤਬਾਹੀ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ। ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ, ‘ਆਫ਼ਤ ਦੇ ਇਸ ਮੁਸ਼ਕਲ ਸਮੇਂ ’ਚ ਮੇਰੀਆਂ ਪ੍ਰਾਰਥਨਾਵਾਂ ਹਿਮਾਚਲ ਦੇ ਲੋਕਾਂ ਨਾਲ ਹਨ। ਕਈ ਰਾਜਾਂ ਨੇ ਹਿਮਾਚਲ ਪ੍ਰਦੇਸ਼ ਦੀ ਮਦਦ ਲਈ ਸ਼ਲਾਘਾਯੋਗ ਤੇ ਸੰਵੇਦਨਸ਼ੀਲ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਭਾਰੀ ਨੁਕਸਾਨ ਨੂੰ ਦੇਖਦਿਆਂ ਹਿਮਾਚਲ ਪ੍ਰਦੇਸ਼ ’ਚ ਹੋਈ ਤਬਾਹੀ ਨੂੰ ਕੌਮੀ ਆਫ਼ਤ ਐਲਾਨਿਆ ਜਾਵੇ ਤਾਂ ਜੋ ਨੁਕਸਾਨ ਝੱਲ ਰਹੇ ਸਾਰੇ ਭੈਣਾਂ-ਭਰਾਵਾਂ ਨੂੰ ਢੁੱਕਵੀਂ ਰਾਹਤ ਮਿਲ ਸਕੇ।’ -ਪੀਟੀਆਈ

Advertisement
Tags :
Author Image

Advertisement
Advertisement
×