ਹਿਮਾਚਲ: ਮਸਜਿਦ ਦਾ ਨਾਜਾਇਜ਼ ਹਿੱਸਾ ਢਾਹੁਣ ਦੀ ਮੰਗ ਲਈ ਪ੍ਰਦਰਸ਼ਨ
ਮੰਡੀ/ਸ਼ਿਮਲਾ, 13 ਸਤੰਬਰ
ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ’ਚ ਸਰਕਾਰੀ ਜ਼ਮੀਨ ’ਤੇ ਕਥਿਤ ਨਾਜਾਇਜ਼ ਕਬਜ਼ਾ ਕਰ ਕੇ ਬਣਾਈ ਮਸਜਿਦ ਦਾ ਹਿੱਸਾ ਢਾਹੁਣ ਦੀ ਮੰਗ ਨੂੰ ਲੈ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਮੰਡੀ ਨਗਰ ਨਿਗਮ ਵੱਲੋਂ ਮਸਜਿਦ ਪ੍ਰਬੰਧਨ ਕਮੇਟੀ ਨੂੰ 30 ਦਿਨਾਂ ਦੇ ਅੰਦਰ ਕਬਜ਼ਾ ਹਟਾਉਣ ਲਈ ਨੋਟਿਸ ਦਿੱਤਾ ਗਿਆ ਹੈ। ਨੋਟਿਸ ਅਨੁਸਾਰ ਮਸਜਿਦ 232 ਵਰਗ ਮੀਟਰ ਜ਼ਮੀਨ ’ਤੇ ਬਣਾਈ ਗਈ ਹੈ, ਜਦਕਿ ਮਨਜ਼ੂਰੀ ਸਿਰਫ 45 ਵਰਗ ਮੀਟਰ ਜ਼ਮੀਨ ਦੀ ਦਿੱਤੀ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਂਦਿਆਂ ਮੰਡੀ ਮਾਰਕੀਟ ਇਲਾਕੇ ਵਿੱਚ ਮਾਰਚ ਕੀਤਾ ਅਤੇ ਸੇਰੀ ਮੰਚ ਨੇੜੇ ਧਰਨੇ ’ਤੇ ਬੈਠ ਗਏ। ਬਾਅਦ ਵਿਚ ਜਦੋਂ ਉਨ੍ਹਾਂ ਨੇ ਮਸਜਿਦ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਥਿਤੀ ਨੂੰ ਕਾਬੂ ਵਿਚ ਲਿਆਉਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ। ਬੀਤੇ ਦਿਨ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਮਸਜਿਦ ਦੇ ਅਣਅਧਿਕਾਰਤ ਹਿੱਸੇ ਨੂੰ ਖੁਦ ਢਾਹ ਦਿੱਤਾ ਸੀ। ਮਸਜਿਦ ਕਮੇਟੀ ਦੇ ਮੈਂਬਰ ਇਕਬਾਲ ਅਲੀ ਨੇ ਕਿਹਾ, ‘ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਸੀ ਕਿ ਮਸਜਿਦ ਦੀ ਇੱਕ ਕੰਧ ਵਿਭਾਗ ਦੀ ਜ਼ਮੀਨ ਵਿੱਚ ਆਉਂਦੀ ਹੈ। ਇਸ ਸਬੰਧੀ ਸਾਨੂੰ ਨੋਟਿਸ ਵੀ ਭੇਜਿਆ ਗਿਆ ਸੀ। ਇਸੇ ਕਰਕੇ ਅਸੀਂ ਕੰਧ ਢਾਹੁਣ ਦਾ ਫ਼ੈਸਲਾ ਕੀਤਾ।’ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੇ ਮੈਂਬਰਾਂ ਨੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਗੈਰ-ਕਾਨੂੰਨੀ ਢੰਗ ਨਾਲ ਬਣੇ ਸਾਰੇ ਢਾਂਚੇ ਢਾਹੁਣ ਦੀ ਮੰਗ ਕੀਤੀ ਹੈ। -ਪੀਟੀਆਈ