ਹਿਮਾਚਲ: ਪੈਰਾਗਲਾਈਡਿੰਗ ਦੌਰਾਨ ਹਵਾ ’ਚ ਟੱਕਰ
ਧਰਮਸ਼ਾਲਾ, 4 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਹਵਾ ਵਿੱਚ ਇੱਕ ਹੋਰ ਪੈਰਾਗਲਾਈਡਰ ਨਾਲ ਟੱਕਰ ਤੋਂ ਬਾਅਦ ਪੋਲੈਂਡ ਦਾ ਪੈਰਾਗਲਾਈਡਰ ਧੌਲਾਧਾਰ ਪਰਬਤੀ ਇਲਾਕੇ ’ਚ ਫਸ ਗਿਆ। ਅਧਿਕਾਰੀਆਂ ਨੇ ਕਿਹਾ ਕਿ ਪੈਰਾਗਲਾਈਡਰ ਨੂੰ ਬਚਾਉਣ ਅਤੇ ਉਸ ਨੂੰ ਹਵਾਈ ਮਾਰਗ ਰਾਹੀਂ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੈਰਾਗਲਾਈਡਰ ਦੀ ਪਛਾਣ ਐਂਡ੍ਰਿਊ ਬਾਬਿੰਸਕੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਦਿ ਪਹਾੜੀ ਇਲਾਕੇ ਕਾਰਨ ਬਾਬਿੰਸਕੀ ਅੱਜ ਪੈਰਾਗਲਾਈਡਿੰਗ ’ਚ ਨਾਕਾਮ ਰਿਹਾ। ਬੈਜਨਾਥ ਦੇ ਐੱਸਡੀਐੱਮ ਡੀਸੀ ਠਾਕੁਰ ਨੇ ਦੱਸਿਆ ਕਿ ਬੀਤੇ ਦਿਨ ਇੱਕ ਹੋਰ ਪੈਰਾਗਲਾਈਡਰ ਨਾਲ ਟਕਰਾਉਣ ਮਗਰੋਂ ਧੌਲਾਧਾਰ ਪਰਬਤੀ ਖੇਤਰ ’ਚ ਫਸ ਗਿਆ ਹੈ। ਮੁਸ਼ਕਿਲ ਪਹਾੜੀ ਖੇਤਰ ਹੋਣ ਕਾਰਨ ਅੱਜ ਹੈਲੀਕਾਪਟਰ ਦੀ ਮਦਦ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਮੀਨੀ ਖੋਜ ਟੀਮ ਜਲਦੀ ਹੀ ਮੌਕੇ ’ਤੇ ਪਹੁੰਚ ਜਾਵੇਗੀ। ਅਧਿਕਾਰੀਆਂ ਅਨੁਸਾਰ ਬਾਬਿੰਸਕੀ ਪੈਰਾਗਲਾਈਡਿੰਗ ਪ੍ਰਬੰਧਕਾਂ ਤੇ ਸਥਾਨਕ ਪ੍ਰਸ਼ਾਸਨ ਦੇ ਸੰਪਰਕ ਵਿੱਚ ਹੈ। ਇਸੇ ਵਿਚਾਲੇ ਅਧਿਕਾਰੀਆਂ ਨੇ ਦੱਸਿਆ ਕਿ ਕਾਂਗੜਾ ਜ਼ਿਲ੍ਹੇ ਦੇ ਬੀੜ ਬਿਲਿੰਗ ’ਚ ਪੈਰਾਗਲਾਈਡਿੰਗ ਵਿਸ਼ਵ ਕੱਪ 2024 ’ਚ ਹਿੱਸਾ ਲੈ ਰਹੇ ਇੱਕ ਆਸਟਰੇਲਿਆਈ ਪੈਰਾਗਲਾਈਡਰ ਨੂੰ ਬੀਤੇ ਦਿਨ ਉਡਾਣ ਭਰਨ ਤੋਂ ਪਹਿਲਾਂ ਪੈਰ ’ਚ ਮੋਚ ਆਉਣ ਮਗਰੋਂ ਮੁਕਾਬਲੇ ’ਚੋਂ ਬਾਹਰ ਹੋਣਾ ਪਿਆ। ਬਿਲਿੰਗ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ, ‘ਉਡਾਣ ਭਰਨ ਤੋਂ ਪਹਿਲਾਂ ਆਸਟਰੇਲਿਆਈ ਪੈਰਾਗਲਾਈਡਰ ਡੇਵਿਡ ਸਨੋਡੇਨ ਦੇ ਪੈਰ ’ਚ ਮੋਚ ਆ ਗਈ ਤੇ ਉਹ ਉਡਾਣ ਨਹੀਂ ਭਰ ਸਕਿਆ। ਉਨ੍ਹਾਂ ਨੂੰ ਐਕਸ-ਰੇਅ ਲਈ ਹਸਪਤਾਲ ਲਿਜਾਇਆ ਗਿਆ ਤੇ ਹੁਣ ਉਸ ਦੀ ਹਾਲਤ ਬਿਹਤਰ ਹੈ।’ -ਪੀਟੀਆਈ