For the best experience, open
https://m.punjabitribuneonline.com
on your mobile browser.
Advertisement

ਹਿਮਾਚਲ ਜ਼ਿਮਨੀ ਚੋਣਾਂ: ਭਾਜਪਾ ਨੇ 6 ਕਾਂਗਰਸੀ ਬਾਗੀਆਂ ਨੂੰ ਟਿਕਟਾਂ ਦਿੱਤੀਆਂ

06:29 AM Mar 27, 2024 IST
ਹਿਮਾਚਲ ਜ਼ਿਮਨੀ ਚੋਣਾਂ  ਭਾਜਪਾ ਨੇ 6 ਕਾਂਗਰਸੀ ਬਾਗੀਆਂ ਨੂੰ ਟਿਕਟਾਂ ਦਿੱਤੀਆਂ
Advertisement

ਸ਼ਿਮਲਾ, 26 ਮਾਰਚ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਸਦਨ ਤੋਂ ਅਯੋਗ ਕਰਾਰ ਦਿੱਤੇ ਛੇ ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਅੱਜ ਆਪਣੀ ਪਾਰਟੀ ਵੱਲੋਂ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਨੇ ਅੱਜ ਗੁਜਰਾਤ, ਸਿੱਕਮ, ਪੱਛਮੀ ਬੰਗਾਲ ਅਤੇ ਕਰਨਾਟਕ ਸਮੇਤ ਕਈ ਸੂਬਿਆਂ ਵਿੱਚ ਵਿਧਾਨ ਸਭਾ ਉਪ ਚੋਣਾਂ ਲਈ ਵੀ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਭਾਜਪਾ ਨੇ ਉਨ੍ਹਾਂ ਛੇ ਵਿਧਾਇਕਾਂ ਨੂੰ ਪਾਰਟੀ ਟਿਕਟ ਦਿੱਤੀ ਹੈ ਜਿਹੜੇ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਸਨ। ਭਾਜਪਾ ਨੇ ਧਰਮਸ਼ਾਲਾ ਤੋਂ ਸੁਧੀਰ ਸ਼ਰਮਾ, ਲਾਹੌਲ ਅਤੇ ਸਪਿਤੀ ਤੋਂ ਰਵੀ ਠਾਕੁਰ, ਸੁਜਾਨਪੁਰ ਤੋਂ ਰਾਜਿੰਦਰ ਰਾਣਾ, ਬੜਸਰ ਤੋਂ ਇੰਦਰ ਦੱਤ ਲਖਨਪਾਲ, ਗਗਰੇਟ ਤੋਂ ਚੇਤੰਨਿਆ ਸ਼ਰਮਾ ਅਤੇ ਕੁਟਲੇਹਰ ਤੋਂ ਦਵਿੰਦਰ ਕੁਮਾਰ ਭੁੱਟੋ ਨੂੰ ਉਮੀਦਵਾਰ ਬਣਾਇਆ ਹੈ। ਇਨ੍ਹਾਂ ਨੂੰ ਬਜਟ ਸੈਸ਼ਨ ਦੌਰਾਨ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਹੱਕ ਵਿੱਚ ਹਾਜ਼ਰ ਹੋਣ ਲਈ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਇਕ ਮਹੀਨਾ ਪਹਿਲਾਂ ਸਦਨ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਤੇ ਇਹ ਛੇ ਜਣੇ 23 ਮਾਰਚ ਨੂੰ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਭਾਜਪਾ ਦੀ ਸੂਚੀ ਜਾਰੀ ਹੋਣ ਤੋਂ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ, ‘ਹਿਮਾਚਲ ਦੇ ਲੋਕ ਬੁੱਧੀਮਾਨ ਹਨ ਤੇ ਉਹ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਦੇਵ ਭੂਮੀ ਹਿਮਾਚਲ ਵਿੱਚ ‘ਆਇਆ ਰਾਮ, ਗਿਆ ਰਾਮ’ ਸੱਭਿਆਚਾਰ ਨੂੰ ਲਾਗੂ ਕਰਨ ਵਾਲਿਆਂ ਨੂੰ ਢੁੱਕਵਾਂ ਜਵਾਬ ਦੇਣਗੇ।’ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਜ਼ਿਮਨੀ ਚੋਣਾਂ ਪਹਿਲੀ ਜੂਨ ਨੂੰ ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ ਹਮੀਰਪੁਰ, ਸ਼ਿਮਲਾ, ਮੰਡੀ ਅਤੇ ਕਾਂਗੜਾ ਦੀਆਂ ਚੋਣਾਂ ਦੇ ਨਾਲ ਹੀ ਹੋਣਗੀਆਂ।

Advertisement

ਭਾਜਪਾ ਨੇ ਤਿੰਨ ਹੋਰ ਲੋਕ ਸਭਾ ਉਮੀਦਵਾਰਾਂ ਦੇ ਨਾਂ ਐਲਾਨੇ

ਨਵੀਂ ਦਿੱਲੀ: ਭਾਜਪਾ ਨੇ ਅੱਜ ਤਿੰਨ ਹੋਰ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਲੋਕ ਸਭਾ ਚੋਣਾਂ ਲਈ ਕੇਂਦਰੀ ਮੰਤਰੀ ਰਾਜਕੁਮਾਰ ਰੰਜਨ ਸਿੰਘ ਸਮੇਤ ਆਪਣੇ ਦੋ ਮੌਜੂਦਾ ਸੰਸਦ ਮੈਂਬਰਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ। ਭਾਜਪਾ ਨੇ ਰਾਜ ਕੁਮਾਰ ਰੰਜਨ ਦੀ ਥਾਂ ਮਨੀਪੁਰ ਹਲਕੇ ਤੋਂ ਮੰਤਰੀ ਥੌਨਾਓਜਮ ਬਸੰਤ ਕੁਮਾਰ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਰਾਜਸਥਾਨ ਦੇ ਦੋ ਹਲਕਿਆਂ ਕਰੌਲੀ-ਧੌਲਪੁਰ ਅਤੇ ਦੌਸਾ ਤੋਂ ਕ੍ਰਮਵਾਰ ਇੰਦੂ ਦੇਵੀ ਜਾਟਵ ਅਤੇ ਕਨ੍ਹਈਆ ਲਾਲ ਮੀਨਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਭਾਜਪਾ ਦਾ ਸਾਬਕਾ ਮੰਤਰੀ ਕਾਂਗਰਸ ਵਿਚ ਸ਼ਾਮਲ

ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਾਜ ਮੰਤਰੀ ਅਤੇ ਲਾਹੌਲ ਤੇ ਸਪਿਤੀ ਤੋਂ ਭਾਜਪਾ ਆਗੂ ਰਾਮ ਲਾਲ ਮਾਰਕੰਡਾ ਨੇ ਅੱਜ ਭਾਜਪਾ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਰਵੀ ਠਾਕੁਰ ਨੂੰ ਭਾਜਪਾ ਵੱਲੋਂ ਟਿਕਟ ਦੇਣ ਦੇ ਰੋਸ ਵਜੋਂ ਪਾਰਟੀ ਛੱਡਣ ਦਾ ਐਲਾਨ ਕੀਤਾ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਜੋਂ ਉਪ ਚੋਣ ਲੜਨਗੇ।

Advertisement
Author Image

joginder kumar

View all posts

Advertisement
Advertisement
×