ਹਿਮਾਚਲ: ਕਸੋਲ ’ਚ ਫਸੇ 2 ਹਜ਼ਾਰ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ
* ਚੰਦਰਤਾਲ ’ਚ ਸੱਤ ਬਿਮਾਰ ਸੈਲਾਨੀਆਂ ਨੂੰ ਕੱਢਿਆ
* ਬਰਫ਼ ਹਟਾਉਣ ਦਾ ਕੰਮ ਜ਼ੋਰਾਂ ’ਤੇ
* 15 ਅਤੇ 16 ਨੂੰ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ
ਸ਼ਿਮਲਾ/ਕੁੱਲੂ, 12 ਜੁਲਾਈ
ਕੁੱਲੂ ਜ਼ਿਲ੍ਹੇ ਦੇ ਕਸੋਲ ਇਲਾਕੇ ’ਚ ਮੋਹਲੇਧਾਰ ਮੀਂਹ ਕਾਰਨ ਫਸੇ 2 ਹਜ਼ਾਰ ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਲਾਹੌਲ ’ਚ ਸੈਲਾਨੀਆਂ ਦੇ ਫਸੇ 300 ਵਾਹਨ ਆਪਣੇ-ਆਪਣੇ ਮੁਕਾਮ ਲਈ ਰਵਾਨਾ ਹੋ ਗਏ ਹਨ। ਕੁੱਲੂ-ਮਨਾਲੀ ਸੜਕ ਮੰਗਲਵਾਰ ਸ਼ਾਮ ਖੋਲ੍ਹ ਦਿੱਤੀ ਗਈ ਸੀ ਅਤੇ ਕਰੀਬ 2200 ਵਾਹਨ ਕੁੱਲੂ ’ਚੋਂ ਲੰਘੇ। ਮੌਸਮ ਵਿਭਾਗ ਨੇ 15 ਅਤੇ 16 ਜੁਲਾਈ ਨੂੰ ਸੂਬੇ ’ਚ ਮੋਹਲੇਧਾਰ ਮੀਂਹ ਪੈਣ ਦੀ ਚਿਤਾਵਨੀ ਦਿੰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਮਨਾਲੀ ਦੇ ਕਈ ੲਿਲਾਕਿਆਂ ’ਚ ਪਿਛਲੇ ਦੋ ਦਨਿਾਂ ਤੋਂ ਮੋਬਾਈਲ ਸਿਗਨਲ ਨਾ ਮਿਲਣ ਕਰਕੇ ਸੈਲਾਨੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਬਣਾਉਣ ’ਚ ਨਾਕਾਮ ਰਹੇ। ਸੁੱਖੂ ਨੇ ਟਵੀਟ ਕਰਕੇ ਕਿਹਾ ਕਿ ਟੀਮਾਂ ਕਸੋਲ-ਭੁੰਤਰ ਰੋਡ ’ਤੇ ਢਿੱਗਾਂ ਸਾਫ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਕੁੱਲੂ ਦੇ ਏਐੱਸਪੀ ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਇਕ ਚੈੱਕ ਪੋਸਟ ਸਥਾਪਿਤ ਕੀਤੀ ਗਈ ਹੈ ਜਿਥੇ ਪੁਲੀਸ ਫਸੇ ਹੋਏ ਲੋਕਾਂ ਦੇ ਵੇਰਵੇ ਇਕੱਠੇ ਕਰਕੇ ਉਨ੍ਹਾਂ ਨੂੰ ਫੇਸਬੁੱਕ ਪੇਜ ’ਤੇ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਮਸ਼ਿਲਾ ਚੌਕ ’ਤੇ ਲੋਕਾਂ ਨੂੰ ਭੋਜਨ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਧਰ ਚੰਦਰਤਾਲ ਦੇ ਰਾਹ ’ਚ ਪਈ ਬਰਫ਼ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਚੰਦਰਤਾਲ ’ਚ 300 ਸੈਲਾਨੀ ਸ਼ਨਿਚਰਵਾਰ ਤੋਂ ਫਸੇ ਹੋਏ ਹਨ ਜਨਿ੍ਹਾਂ ’ਚੋਂ ਬਿਮਾਰ ਸੱਤ ਸੈਲਾਨੀਆਂ (ਦੋ ਬਜ਼ੁਰਗਾਂ ਅਤੇ ਇਕ ਲੜਕੀ ਸ਼ਾਮਲ) ਨੂੰ ਮੰਗਲਵਾਰ ਸ਼ਾਮ ਚੰਦਰਤਾਲ ਤੋਂ ਹੈਲੀਕਾਪਟਰ ਰਾਹੀਂ ਭੁੰਤਰ ਲਿਆਂਦਾ ਗਿਆ। ਕਾਜ਼ਾ ਦੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਜੈਨ ਨੇ ਕਿਹਾ ਕਿ ਕੁੰਜ਼ੁਮ ਦੱਰੇ ਨੇੜਲੀ ਸੜਕ ਤਿੰਨ ਤੋਂ ਚਾਰ ਫੁੱਟ ਤੱਕ ਬਰਫ਼ ਨਾਲ ਢਕੀ ਹੋਈ ਹੈ ਅਤੇ ਉਸ ਨੂੰ ਹਟਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। -ਪੀਟੀਆਈ