ਧੱਕਾ ਬਸਤੀ ਦੇ ਨੌਜਵਾਨਾਂ ਤੋਂ ਉਚੇਰੀ ਸਿੱਖਿਆ ਦੇ ਮੌਕੇ ਹੋਏ ਦੂਰ
ਅਕਾਂਕਸ਼ਾ ਐੱਨ ਭਾਰਦਵਾਜ
ਜਲੰਧਰ, 26 ਜੁਲਾਈ
ਜਲੰਧਰ ਦੇ ਕਸਬਾ ਲੋਹੀਆਂ ਸਥਿਤ ਪਿੰਡ ਧੱਕਾ ਬਸਤੀ ਦੇ ਵਸਨੀਕ ਜਸਵਿੰਦਰ ਸਿੰਘ (19) ਨੇ ਪਿਛਲੇ ਸਾਲ 12ਵੀਂ ਜਮਾਤ ਪਾਸ ਕੀਤੀ ਸੀ ਤੇ ਇਸ ਸਾਲ ਉਹ ਜਲੰਧਰ ਵਿੱਚ ਆਈਟੀਆਈ ਦੇ ਕੋਰਸ ਵਿੱਚ ਦਾਖਲਾ ਲੈਣ ਦੀ ਤਿਆਰੀ ਕਰ ਰਿਹਾ ਸੀ। ਉਸ ਦਾ ਘਰ ਲੋਹੀਆਂ ਦੇ ਉਸ ਇਲਾਕੇ ਵਿੱਚ ਸਥਿਤ ਹੈ, ਜਿੱਥੇ ਇਸ ਵਾਰ ਹੜ੍ਹਾਂ ਦੀ ਸਭ ਤੋਂ ਵੱਧ ਮਾਰ ਪਈ ਹੈ। ਇਸ ਹੜ੍ਹ ਨੇ ਨਾ ਸਿਰਫ਼ ਉਸ ਦਾ ਘਰ ਤਹਿਸ-ਨਹਿਸ ਕੀਤਾ ਹੈ, ਸਗੋਂ ਇਸ ਦੇ ਨਾਲ ਹੀ ਉਚੇਰੀ ਸਿੱਖਿਆ ਹਾਸਲ ਕਰਨ ਦਾ ਉਸ ਦਾ ਸੁਫ਼ਨਾ ਵੀ ਤੋੜ ਦਿੱਤਾ ਹੈ। ਜਸਵਿੰਦਰ ਹੁਣ ਪੜ੍ਹਾਈ ਦਾ ਖਿਆਲ ਪਿੱਛੇ ਪਾ ਕੇ ਨੌਕਰੀ ਦੀ ਭਾਲ ਵਿੱਚ ਜੁੱਟ ਗਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਧੱਕਾ ਬਸਤੀ ਵਿੱਚ ਵੱਡੀ ਗਿਣਤੀ ਲੋਕਾਂ ਦੇ ਘਰ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ ਹਨ, ਜਿਸ ਕਰ ਕੇ ਇਸ ਪਿੰਡ ਦੇ ਵਸਨੀਕ ਹੁਣ ਨੱਲ ਮੰਡੀ ਵਿੱਚ ਰਹਿ ਰਹੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਇਸ ਵੇਲੇ ਉਨ੍ਹਾਂ ਦੇ ਬੱਚੇ ਕਾਲਜਾਂ ਵਿੱਚ ਪੜ੍ਹਾਈ ਕਰਨ ਦੀ ਥਾਂ ਮਜਬੂਰੀਵੱਸ ਇੱਧਰ-ਉੱਧਰ ਭਟਕ ਰਹੇ ਹਨ। ਜਸਵਿੰਦਰ ਨੇ ਕਿਹਾ, ‘‘ਮੇਰਾ ਭਰਾ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਵਿੱਚ ਪੜ੍ਹਾਈ ਕਰ ਰਿਹਾ ਹੈ। ਮੇਰਾ ਪਿਤਾ ਇੱਕ ਦਿਹਾੜੀਦਾਰ ਹੈ, ਜਿਸ ਦੀ ਸਖ਼ਤ ਮਿਹਨਤ ਸਦਕਾ ਹੀ ਭਰਾ ਦੀ ਫੀਸ ਭਰੀ ਜਾ ਰਹੀ ਸੀ। ਮੈਂ ਆਪਣੇ ਪਿਤਾ ਦੀ ਮਦਦ ਕਰਨ ਅਤੇ ਕਮਾਈ ਕਰਨ ਲਈ ਇੱਕ ਸਾਲ ਪੜ੍ਹਾਈ ਛੱਡ ਕੇ ਬਾਹਰ ਜਾਣ ਦੇ ਹੀਲੇ ਭਾਲਦਾ ਰਿਹਾ, ਪਰ ਕੁਝ ਨਾ ਹੋ ਸਕਿਆ। ਜਦੋਂ ਕੋਈ ਰਾਹ ਨਾ ਲੱਭਿਆ ਤਾਂ ਮੁੜ ਇਥੇ ਆਪਣੀ ਪੜ੍ਹਾਈ ਸ਼ੁਰੂ ਕਰਨ ਦਾ ਮਨ ਬਣਾਇਆ ਪਰ ਹੁਣ ਮੇਰੀ ਪੜ੍ਹਾਈ ਲਈ ਘਰ ਵਿੱਚ ਪੈਸੇ ਨਹੀਂ ਬਚੇ, ਇਸ ਕਰਕੇ ਹੁਣ ਮੈਂ ਕੋਈ ਨੌਕਰੀ ਦੀ ਭਾਲ ਕਰਾਂਗਾ।’’
ਇੱਕ ਸਰਕਾਰੀ ਸਕੂਲ ਵਿੱਚ ਮਿੱਡ-ਡੇਅ ਮੀਲ ਤਿਆਰ ਕਰਨ ਵਾਲਾ ਵਰਕਰ ਹਰਮੇਸ਼ ਸਿੰਘ ਵੀ ਇਸੇ ਮੁਸੀਬਤ ਵਿੱਚੋਂ ਲੰਘ ਰਿਹਾ ਹੈ। ਉਸ ਦੇ 18 ਸਾਲਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਹੜ੍ਹਾਂ ਤੋਂ ਪਹਿਲਾਂ ਇੱਕ ਆਨਲਾਈਨ ਕੋਰਸ ਸ਼ੁਰੂ ਕੀਤਾ ਸੀ ਪਰ ਇਸ ਹੜ੍ਹ ਵਿੱਚ ਉਸ ਦਾ ਸਭ ਕੁਝ ਰੁੜ੍ਹ ਗਿਆ ਹੈ, ਜਿਸ ਕਰ ਕੇ ਹੁਣ ਉਸ ਕੋਲ ਆਪਣੇ ਪੁੱਤਰ ਦੀ ਫੀਸ ਭਰਨ ਲਈ ਕੁਝ ਨਹੀਂ ਬਚਿਆ।