ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉਚੇਰੀ ਸਿੱਖਿਆ: ਖੇਤਰ ਦੀ ਚੋਣ ਦੇ ਮਸਲੇ

06:10 AM Jul 16, 2024 IST

ਪ੍ਰਿੰਸੀਪਲ ਵਿਜੈ ਕੁਮਾਰ
Advertisement

ਭਾਰਤ ਦੀ ਸਿੱਖਿਆ ਪ੍ਰਣਾਲੀ ਦੀ ਇਹ ਵੱਡੀ ਤਰਾਸਦੀ ਰਹੀ ਹੈ ਕਿ ਜਿ਼ਆਦਾਤਰ ਬੱਚਿਆਂ ਨੂੰ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਉਨ੍ਹਾਂ ਨੇ ਆਪਣੇ ਬੌਧਿਕ ਪੱਧਰ ਤੇ ਦਿਲਚਸਪੀ ਅਨੁਸਾਰ ਕਿਹੜੇ ਖੇਤਰ ਵਿੱਚ ਜਾਣਾ ਹੈ। ਉਹ ਦੇਖਾ-ਦੇਖੀ ਇੱਕ ਦੂਜੇ ਤੋਂ ਪੁੱਛ ਕੇ ਆਰਟਸ, ਵੋਕੇਸ਼ਨਲ, ਸਾਇੰਸ ਅਤੇ ਕਾਮਰਸ ਗਰੁੱਪਾਂ ’ਚੋਂ ਕੋਈ ਇੱਕ ਗਰੁੱਪ ਚੁਣ ਲੈਂਦੇ ਹਨ। ਆਰਟਸ ਗਰੁੱਪ ਦੀ ਚੋਣ ਕਰਨ ਵੇਲੇ ਵੀ ਉਹ ਇਸ ਗਿਆਨ ਤੋਂ ਵਿਹੂਣੇ ਹੁੰਦੇ ਹਨ ਕਿ ਉਨ੍ਹਾਂ ਨੇ ਕਿਹੜੇ ਵਿਸ਼ੇ ਰੱਖਣੇ ਹਨ। ਉਹ ਦਾਖਲਾ ਕਰਨ ਵਾਲੇ ਅਧਿਆਪਕ ਨੂੰ ਕਹਿ ਦਿੰਦੇ ਹਨ ਕਿ ਕੋਈ ਵੀ ਵਿਸ਼ੇ ਰੱਖ ਦਿਓ ਜਾਂ ਫਿਰ ਉਹ ਵਿਸ਼ੇ ਰੱਖ ਲੈਂਦੇ ਹਨ ਜੋ ਉਨ੍ਹਾਂ ਦੇ ਮਿੱਤਰਾਂ ਦੋਸਤਾਂ ਨੇ ਚੁਣੇ ਹੁੰਦੇ ਹਨ। ਕਈ ਵਾਰ ਜਿਨ੍ਹਾਂ ਵਿਸਿ਼ਆਂ ਦੇ ਬੱਚੇ ਘੱਟ ਹੁੰਦੇ ਹਨ, ਅਧਿਆਪਕ ਆਪਣੀ ਅਸਾਮੀ ਬਚਾਉਣ ਲਈ ਉਹ ਵਿਸ਼ੇ ਰਖਵਾ ਦਿੰਦੇ ਹਨ। ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਦਿਲਚਸਪੀ ਅਤੇ ਬੌਧਿਕ ਪੱਧਰ ਅਨੁਸਾਰ ਵਿਸਿ਼ਆਂ ਦੀਆਂ ਅਸਾਮੀਆਂ ਦੀ ਘਾਟ ਹੋਣ ਕਾਰਨ ਬੱਚਿਆਂ ਨੂੰ ਉਹ ਵਿਸ਼ੇ ਪੜ੍ਹਾਏ ਜਾਂਦੇ ਹਨ ਜਿਹੜੇ ਉਹ ਪੜ੍ਹਨ ਦੇ ਚਾਹਵਾਨ ਵੀ ਨਹੀਂ ਹੁੰਦੇ।
ਸਾਇੰਸ ਗਰੁੱਪ ਦੀ ਚੋਣ ਵੇਲੇ ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਆਪਣੇ ਬੌਧਿਕ ਪੱਧਰ ਅਨੁਸਾਰ ਨਾਨ-ਮੈਡੀਕਲ ਰੱਖਣਾ ਚਾਹੀਦਾ ਹੈ ਜਾਂ ਮੈਡੀਕਲ। ਵੋਕੇਸ਼ਨਲ ਗਰੁੱਪ ਦੀ ਚੋਣ ਵੇਲੇ ਵੀ ਉਨ੍ਹਾਂ ਨੂੰ ਵੋਕੇਸ਼ਨਲ ਗਰੁੱਪ ਦੀ ਟਰੇਡ ਰੱਖਣ ਬਾਰੇ ਗਿਆਨ ਨਹੀਂ ਹੁੰਦਾ। ਗਿਆਰ੍ਹਵੀਂ ਜਮਾਤ ’ਚ ਬੱਚੇ ਅਗਸਤ ਮਹੀਨੇ ਤੱਕ ਵੀ ਆਪਣੇ ਵਿਸ਼ੇ ਅਤੇ ਗਰੁੱਪ ਬਦਲਦੇ ਰਹਿੰਦੇ ਹਨ। ਕਈ ਬੱਚੇ ਤਾਂ ਬਾਰ੍ਹਵੀਂ ਜਮਾਤ ਵਿਚ ਵੀ ਵਿਸ਼ੇ ਤੇ ਗਰੁੱਪ ਬਦਲ ਲੈਂਦੇ ਹਨ ਅਤੇ ਉਹ ਵਿਸ਼ੇ ਪੜ੍ਹਨ ਲੱਗ ਪੈਂਦੇ ਹਨ ਜਿਹੜੇ ਉਨ੍ਹਾਂ ਨੇ ਗਿਆਰ੍ਹਵੀਂ ਜਮਾਤ ਵਿਚ ਪੜ੍ਹੇ ਵੀ ਨਹੀਂ ਹੁੰਦੇ। ਕਹਿਣ ਨੂੰ ਤਾਂ ਸਕੂਲਾਂ ਦੀ ਵੋਕੇਸ਼ਨਲ ਸਿੱਖਿਆ ਕਿੱਤਾਮੁਖੀ ਹੁੰਦੀ ਹੈ ਪਰ ਬੱਚਿਆਂ ਨੂੰ ਨੌਕਰੀ ਲੈਣ ਲਈ ਆਈਟੀਆਈ ਕਰਨੀ ਪੈਂਦੀ ਹੈ; ਕਹਿਣ ਨੂੰ ਤਾਂ ਸਕੂਲਾਂ ਵਿਚ ਗਾਈਡੈਂਸ ਕੌਂਸਲਿੰਗ ਦਾ ਵੀ ਪ੍ਰਬੰਧ ਹੁੰਦਾ ਹੈ ਪਰ ਬੱਚਿਆਂ ਨੂੰ ਗਾਈਡ ਕੋਈ ਨਹੀਂ ਕਰਦਾ।

ਬਾਰ੍ਹਵੀਂ ਤੋਂ ਬਾਅਦ ਬੱਚਿਆਂ ਨੂੰ ਕਿਸੇ ਨਾ ਕਿਸੇ ਯੋਗ ਸ਼ਖ਼ਸ ਦੇ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਨੂੰ ਮਿਲਦੀ ਨਹੀਂ। ਬਾਰ੍ਹਵੀਂ ਤੋਂ ਬਾਅਦ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦਾ ਉਦੇਸ਼ ਕੀ ਹੈ ਅਤੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਕੇਵਲ ਇੰਨਾ ਕੁ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਡਿਗਰੀ ਜਾਂ ਡਿਪਲੋਮੇ ਵਿਚ ਦਾਖਲਾ ਲੈਣਾ ਹੈ।
ਪੱਛਮੀ ਦੇਸ਼ਾਂ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਇਹ ਫ਼ੈਸਲਾ ਨਹੀਂ ਕਰਦੇ ਕਿ ਬੱਚਿਆਂ ਨੇ ਕਿਹੜੇ ਖੇਤਰ ’ਚ ਜਾਣਾ ਹੈ ਸਗੋਂ ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ਇਹ ਫ਼ੈਸਲਾ ਕਰਦੀ ਹੈ ਕਿ ਬੱਚੇ ਨੂੰ ਕਿਹੜੇ ਖੇਤਰ ਵਿਚ ਭੇਜਿਆ ਜਾਣਾ ਹੈ। ਬੱਚਿਆਂ ਦੇ ਖੇਤਰ ਦੀ ਚੋਣ ਲਈ ਫ਼ੈਸਲਾ ਉਨ੍ਹਾਂ ਦੀ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਤੋਂ ਹੀ ਹੋ ਜਾਂਦਾ ਹੈ ਤੇ ਉਨ੍ਹਾਂ ਦੀ ਅੱਠਵੀਂ ਜਮਾਤ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਉਨ੍ਹਾਂ ਦੇ ਬੌਧਿਕ ਪੱਧਰ ਅਤੇ ਉਨ੍ਹਾਂ ਦੀ ਦਿਲਚਸਪੀ ਦੇ ਆਧਾਰ ’ਤੇ ਉਨ੍ਹਾਂ ਦੇ ਖੇਤਰ ਦੀ ਚੋਣ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਖੇਤਰ ਦੀ ਹੀ ਨਹੀਂ ਸਗੋਂ ਸਕੂਲ ਦੀ ਚੋਣ ਉਨ੍ਹਾਂ ਦੀ ਕਾਰਗੁਜ਼ਾਰੀ ਮੁਤਾਬਕ ਕੀਤੀ ਜਾਂਦੀ ਹੈ।
ਆਪਣੇ ਮੁਲਕ ਦੀ ਗੱਲ ਮੈਡੀਕਲ ਖੇਤਰ ਤੋਂ ਸ਼ੁਰੂ ਕਰ ਲੈਂਦੇ ਹਾਂ। ਮੈਡੀਕਲ ਗਰੁੱਪ ਦੀ ਚੋਣ ਕਰਨ ਵਾਲੇ ਬੱਚਿਆਂ ਨੂੰ ਇੰਨਾ ਕੁ ਹੀ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਪੀਐੱਮਟੀ ਦਾ ਟੈਸਟ ਪਾਸ ਕਰ ਕੇ ਐੱਮਬੀਬੀਐੱਸ ’ਚ ਦਾਖਲਾ ਲੈਣਾ ਹੈ। ਐੱਮਬੀਬੀਐੱਸ ਵਿੱਚ ਦਾਖਲਾ ਲੈਣ ਲਈ ਕੋਚਿੰਗ ਲੈਣੀ ਹੈ; ਜੇ ਦਾਖਲਾ ਨਾ ਮਿਲੇ ਤਾਂ ਦੂਜੇ ਸਾਲ ਵੀ ਕੋਚਿੰਗ ਲੈਣੀ ਹੈ। ਅਖੀਰ ਵਿਚ ਬੀਡੀਐੱਸ ਰਹਿ ਜਾਂਦੀ ਹੈ। ਜੇ ਬੀਡੀਐੱਸ ਨਾ ਕਰਨੀ ਹੋਵੇ ਤਾਂ ਬੀਐੱਸਈ ਕਰਨ ਲਈ ਕਾਲਜ ਵਿਚ ਦਾਖਲ ਹੋ ਜਾਣਾ ਹੈ।
ਇਸਰੋ ਵਿੱਚ ਵਿਗਿਆਨੀ ਬਣਨ, ਕਾਲਜ ਤੇ ਯੂਨੀਵਰਸਿਟੀ ’ਚ ਪ੍ਰੋਫੈਸਰ ਲੱਗਣ, ਐਕਸਰੇਅ, ਅਲਟਰਾਸਾਊਂਡ ਅਤੇ ਨਰਸਿੰਗ ਦੇ ਖੇਤਰ ’ਚ ਜਾਣ ਬਾਰੇ ਬੱਚੇ ਬਹੁਤ ਘੱਟ ਸੋਚਦੇ ਹਨ। ਹੁਣ ਜੇ ਇੰਜਨੀਅਰਿੰਗ ਦੇ ਖੇਤਰ ’ਚ ਜਾਣ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਖੇਤਰ ਦੀ ਚੋਣ ਕਰਨ ਵੇਲੇ ਆਪਣੇ ਬੌਧਿਕ ਪੱਧਰ ਅਤੇ ਦਿਲਚਸਪੀ ਨਾਲੋਂ ਇਸ ਗੱਲ ਵੱਲ ਜਿ਼ਆਦਾ ਧਿਆਨ ਦਿੰਦੇ ਹਨ ਕਿ ਨੌਕਰੀ ਕਿਹੜੇ ਖੇਤਰ ’ਚ ਜਿ਼ਆਦਾ ਛੇਤੀ ਮਿਲਦੀ ਹੈ। ਬੱਚਿਆਂ ਦੀ ਦਿਮਾਗੀ ਪਹੁੰਚ ਇੱਥੋਂ ਤੱਕ ਹੀ ਮਹਿਦੂਦ ਹੁੰਦੀ ਹੈ ਕਿ ਉਤਮ ਦਰਜੇ ਦੀ ਨੌਕਰੀ ਲੈਣ ਲਈ ਇੰਜਨੀਅਰਿੰਗ ਕਾਲਜ ’ਚ ਦਾਖਲਾ ਲੈਣ ਲਈ ਚੰਗੇ ਕੋਚਿੰਗ ਸੈਂਟਰ ਤੋਂ ਸਿਖਲਾਈ ਲੈਣੀ ਹੈ ਤੇ ਚੰਗਾ ਰੈਂਕ ਲੈਣਾ ਹੈ। ਬੱਚੇ ਚੰਗਾ ਰੈਂਕ ਲੈਣ ਲਈ ਪਿਛਲੇ ਦਸ ਸਾਲਾਂ ਦੇ ਪ੍ਰਸ਼ਨ ਪੱਤਰਾਂ ਤੋਂ ਤਿਆਰੀ ਕਰਨਾ ਹੀ ਕਾਫੀ ਸਮਝਦੇ ਹਨ। ਬੱਚਿਆਂ ਦਾ ਇਸ ਪਾਸੇ ਧਿਆਨ ਹੀ ਨਹੀਂ ਹੁੰਦਾ ਕਿ ਚੰਗੇ ਪੈਕਜ ਵਾਲੀਆਂ ਨੌਕਰੀਆਂ ਇਕੱਲੇ ਰੈਂਕਾਂ ਨਾਲ ਨਹੀਂ, ਗਿਆਨ ਨਾਲ ਵੀ ਮਿਲਦੀਆਂ ਹਨ। ਦਸ ਪੰਦਰਾਂ ਹਜ਼ਾਰ ਤਨਖਾਹ ਵਾਲੀ ਨੌਕਰੀ ਉਨ੍ਹਾਂ ਬੱਚਿਆਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਪੱਲੇ ਗਿਆਨ ਦੀ ਘਾਟ ਹੁੰਦੀ ਹੈ। ਚੰਗੇ ਗਿਆਨ ਵਾਲੇ ਬੱਚਿਆਂ ਨੂੰ ਕੰਪਨੀਆਂ ਉਨ੍ਹਾਂ ਦੇ ਕਾਲਜਾਂ ਤੋਂ ਹੀ ਚੁਣ ਕੇ ਲੈ ਜਾਂਦੀਆਂ ਹਨ। ਬਹੁਤ ਘੱਟ ਬੱਚੇ ਐਰੋਨੈਟਿਕ, ਐਨੀਮੇਸ਼ਨ, ਨੈਨੋ ਟੈਕਨਾਲੋਜੀ ਅਤੇ ਵਾਤਾਵਰਨ ਖੇਤਰ ਚੁਣਦੇ ਹਨ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਦਾ ਗਿਆਨ ਹੀ ਨਹੀਂ ਹੁੰਦਾ।
ਬਾਰ੍ਹਵੀਂ ਜਮਾਤ ਤੋਂ ਬਾਅਦ ਬੱਚੇ ਪੌਲਿਟੈਕਨਿਕ, ਬੀਬੀਏ, ਬੀਸੀਏ, ਐੱਮਬੀਏ ਅਤੇ ਐੱਮਸੀਏ ਦੀਆਂ ਡਿਗਰੀਆਂ ਇਸ ਲਈ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਨਾ ਕੋਈ ਨੌਕਰੀ ਮਿਲ ਜਾਵੇਗੀ ਜਾਂ ਫਿਰ ਆਈਲੈਟਸ ਕਰ ਕੇ ਵਿਦੇਸ਼ ਚਲੇ ਜਾਵਾਂਗੇ। ਇੱਕ ਸਰਵੇ ਰਿਪੋਰਟ ਅਨੁਸਾਰ ਸਾਡੇ ਦੇਸ਼ ਵਿਚ ਕੇਵਲ 15 ਫ਼ੀਸਦ ਬੱਚੇ ਹੀ ਆਪਣੀਆਂ ਯੋਗਤਾਵਾਂ ਅਨੁਸਾਰ ਆਪਣੇ ਉਦੇਸ਼ ਵਾਲੇ ਖੇਤਰ ’ਚ ਨੌਕਰੀਆਂ ਹਾਸਲ ਕਰਦੇ ਹਨ। ਦਾਖਲਿਆਂ ਅਤੇ ਨੌਕਰੀਆਂ ਲਈ ਹੋਣ ਵਾਲੇ ਟੈਸਟਾਂ ’ਚ ਜਿ਼ਆਦਾਤਰ ਬੱਚਿਆਂ ਦੇ ਅਸਫਲ ਹੋਣ ਦਾ ਕਾਰਨ ਹੀ ਸਾਡੇ ਬੱਚਿਆਂ ਪੱਲੇ ਗਿਆਨ ਦੀ ਘਾਟ ਹੋਣਾ ਹੈ। ਇੱਕ ਸਿੱਖਿਆ ਮਾਹਿਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਕੋਚਿੰਗ ਸੈਂਟਰਾਂ ’ਚ ਉਹੀ ਕੁਝ ਪੜ੍ਹਾਇਆ ਜਾਂਦਾ ਹੈ ਜੋ ਕੁਝ ਉਹ ਸਕੂਲਾਂ ਵਿੱਚ ਪੜ੍ਹ ਕੇ ਆਏ ਹੁੰਦੇ ਹਨ ਪਰ ਉਨ੍ਹਾਂ ਨੂੰ ਕੋਚਿੰਗ ਸੈਂਟਰਾਂ ਨੂੰ ਲੱਖਾਂ ਰੁਪਏ ਇਸ ਲਈ ਦੇਣੇ ਪੈਂਦੇ ਹਨ ਕਿਉਂਕਿ ਉਨ੍ਹਾਂ ਨੇ ਉਹ ਕੁਝ ਮਿਹਨਤ ਨਾਲ ਨਹੀਂ ਪੜ੍ਹਿਆ ਹੁੰਦਾ। ਇੱਕ ਹੋਰ ਸਿੱਖਿਆ ਮਾਹਿਰ ਦਾ ਕਹਿਣਾ ਹੈ ਕਿ ਜੇ ਸਾਡੇ ਦੇਸ਼ ਵਿਚ ਵੀ ਸਾਡੀਆਂ ਸਰਕਾਰਾਂ ਨੇ ਪੱਛਮੀ ਦੇਸ਼ਾਂ ਵਾਂਗ ਇਹ ਸਮਝ ਦਿਖਾਈ ਹੁੰਦੀ ਕਿ ਸਕੂਲੀ ਪੱਧਰ ਉੱਤੇ ਹੀ ਬੱਚਿਆਂ ਦੇ ਬੌਧਿਕ ਪੱਧਰ ਅਤੇ ਦਿਲਚਸਪੀ ਮੁਤਾਬਕ ਉਨ੍ਹਾਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿਚ ਭੇਜਿਆ ਜਾਂਦਾ ਤਾਂ ਨਾ ਸਾਡੇ ਮੁਲਕ ਵਿਚ ਬੇਰੁਜ਼ਗਾਰੀ ਹੋਣੀ ਸੀ ਤੇ ਨਾ ਹੀ ਬੱਚਿਆਂ ਨੂੰ ਵਿਦੇਸ਼ਾਂ ਨੂੰ ਭੱਜਣਾ ਪੈਣਾ ਸੀ। ਸਾਡੇ ਸਕੂਲਾਂ ਵਿਚ ਗਾਈਡੈਂਸ ਸੈੱਲ ਤਾਂ ਹਨ ਪਰ ਉਹ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਉਂਦੇ। ਸਕੂਲਾਂ ’ਚ ਬੱਚੇ ਗਿਆਨ ਪ੍ਰਾਪਤ ਕਰਨ ਲਈ ਪ੍ਰੀਖਿਆਵਾਂ ਪਾਸ ਨਹੀਂ ਕਰਦੇ ਸਗੋਂ ਅੰਕ ਹਾਸਲ ਕਰਨ ਲਈ ਪ੍ਰੀਖਿਆਵਾਂ ਪਾਸ ਕਰਦੇ ਹਨ।
ਜੇ ਸਾਡੀਆਂ ਸਰਕਾਰਾਂ ਸੱਚਮੁੱਚ ਚਾਹੁੰਦੀਆਂ ਹਨ ਕਿ ਬੱਚੇ ਉੱਚ ਸਿੱਖਿਆ ਦਾ ਖੇਤਰ ਆਪਣੇ ਬੌਧਿਕ ਪੱਧਰ ਅਤੇ ਦਿਲਚਸਪੀ ਅਨੁਸਾਰ ਚੁਣਨ ਤਾਂ ਉਨ੍ਹਾਂ ਨੂੰ ਦੇਸ਼ ਦੀਆਂ ਸਿੱਖਿਆ ਨੀਤੀਆਂ ਵਿਚ ਸੁਧਾਰ ਕਰਨਾ ਪਵੇਗਾ। ਸਕੂਲੀ ਪੱਧਰ ਉੱਤੇ ਹੀ ਉਨ੍ਹਾਂ ਨੂੰ ਉੱਚ ਸਿੱਖਿਆ ਦੇ ਖੇਤਰ ਦੀ ਚੋਣ ਲਈ ਤਿਆਰ ਕਰਨਾ ਪਵੇਗਾ। ਸਕੂਲਾ ’ਚ ਬੱਚਿਆਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਦਿਲਚਸਪੀ ਅਨੁਸਾਰ ਹੀ ਵਿਸ਼ੇ ਪੜ੍ਹਾਉਣੇ ਪੈਣਗੇ। ਉਨ੍ਹਾਂ ਨੂੰ ਦਾਖਲੇ ਅਤੇ ਨੌਕਰੀਆਂ ਲਈ ਹੋਣ ਵਾਲੇ ਟੈਸਟਾਂ ਨੂੰ ਪਾਸ ਕਰਨ ਯੋਗ ਗਿਆਨ ਦੇਣਾ ਪਵੇਗਾ। ਸਕੂਲਾਂ ਵਿਚ ਗਾਈਡੈਂਸ ਕੌਂਸਲਰਾਂ ਦੀਆਂ ਅਸਾਮੀਆਂ ਦੇਣੀਆਂ ਪੈਣਗੀਆਂ।
ਸੰਪਰਕ: vijaykumarbehki@gmail.com

Advertisement
Advertisement