ਸਾਉਣੀ ਦਾ ਵਧੇਰੇ ਕਟਾਈਆਂ ਦੇਣ ਵਾਲਾ ਬਾਜਰਾ
ਮਨਿੰਦਰ ਕੌਰ/ਹਰਪ੍ਰੀਤ ਕੌਰ*
ਦੁਨੀਆਂ ਵਿੱਚ ਪਸ਼ੂਆਂ ਦੀ ਕੁੱਲ ਆਬਾਦੀ ਦਾ ਵੱਡਾ ਹਿੱਸਾ ਭਾਰਤ ਵਿੱਚ ਹੈ। ਪਰ ਸਾਡੇ ਪਸ਼ੂਆਂ ਤੋਂ ਦੁੱਧ ਅਤੇ ਹੋਰ ਪਦਾਰਥਾਂ ਦਾ ਉੱਤਪਾਦਨ ਦੁਨੀਆਂ ਵਿੱਚ ਹੋ ਰਹੇ ਔਸਤ ਉੱਤਪਾਦਨ ਤੋਂ ਬਹੁਤ ਘੱਟ ਹੈ। ਇਸ ਦਾ ਇੱਕ ਵੱਡਾ ਕਾਰਨ ਵੰਡ ਅਤੇ ਹਰੇ ਚਾਰੇ ਦੀ ਘਾਟ ਹੈ। ਖ਼ਾਸ ਤੌਰ ’ਤੇ ਛੋਟੇ ਪੱਧਰ ਵਾਲੇ ਡੇਅਰੀ ਉਦਯੋਗਾਂ ਵਿੱਚ ਪਸ਼ੂਆਂ ਨੂੰ ਪੂਰੀ ਖ਼ੁਰਾਕ ਜਾਂ ਚੰਗੀ ਖ਼ੁਰਾਕ ਨਹੀਂ ਮਿਲ ਰਹੀ ਹੈ। ਹਾਲਾਂਕਿ ਦੁੱਧ ਉੱਤਪਾਦਨ ਦੀ ਕੁੱਲ ਲਾਗਤ ਵਿੱਚ ਪਸ਼ੂਆਂ ਦੀ ਖ਼ੁਰਾਕ ਉੱਤੇ 60-70 ਫ਼ੀਸਦੀ ਖ਼ਰਚ ਆਉਂਦਾ ਹੈ। ਇਸ ਕਰ ਕੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਖ਼ੁਰਾਕ ਦੇ ਖ਼ਰਚ ਵਿੱਚ ਭਾਰੀ ਕਮੀ ਕੀਤੀ ਜਾ ਸਕਦੀ ਹੈ ਜੇ ਵੰਡ ਦੀ ਥਾਂ ਚੰਗੀ ਕਿਸਮ ਦਾ ਚਾਰਾ ਸ਼ਾਮਿਲ ਕੀਤਾ ਜਾਵੇ।
ਪਸ਼ੂਆਂ ਦੇ ਉਤਪਾਦਾਂ ਦੀ ਖ਼ਪਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਕਰ ਕੇ ਭਵਿੱਖ ਵਿੱਚ ਪਸ਼ੂਆਂ ਤੋਂ ਵਧੇਰੇ ਉੱਤਪਾਦਨ ਲੈਣ ਲਈ ਹਰੇ ਚਾਰੇ ਦੀ ਬਹੁਤ ਜ਼ਿਆਦਾ ਲੋੜ ਹੈ। ਪਰ ਸਾਡੇ ਕੁਦਰਤੀ ਸੋਮਿਆਂ ਜਿਵੇਂ ਕਿ ਜ਼ਮੀਨ ਅਤੇ ਪਾਣੀ ਵਿੱਚ ਹੋ ਰਹੀ ਕਮੀ ਕਰ ਕੇ ਵਧ ਰਹੀ ਰਹੇ ਚਾਰਿਆਂ ਦੀ ਮੰਗ ਨੂੰ ਪੂਰਾ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੈ। ਇਸ ਕਰ ਕੇ ਚਾਰੇ ਦੀ ਪੈਦਾਵਾਰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਲੋੜ ਹੈ। ਪੰਜਾਬ ਵਿਚ ਚਾਰੇ ਹੇਠਲੇ ਰਕਬੇ ਦੇ ਵਧਣ ਦੀ ਕੋਈ ਆਸ ਨਹੀਂ। ਇਸ ਲਈ ਜ਼ਿਆਦਾ ਕਟਾਈ ਵਾਲੇ ਚਾਰੇ ਬੀਜ ਕੇ ਅਤੇ ਉੱਨਤ ਢੰਗ ਅਪਣਾ ਕੇ ਪ੍ਰਤੀ ਇਕਾਈ ਰਕਬੇ ਵਿਚੋਂ ਪ੍ਰਤੀ ਇਕਾਈ ਸਮੇਂ ਵਿਚ ਚਾਰੇ ਦਾ ਉਤਪਾਦਨ ਜ਼ਰੂਰ ਵਧਾਇਆ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਹਰੇ ਚਾਰੇ ਦੀਆਂ ਕਈ ਫ਼ਸਲਾਂ ਅਤੇ ਇਨ੍ਹਾਂ ਫ਼ਸਲਾਂ ਦੀਆਂ ਵੱਧ ਝਾੜ ਦੇਣ ਵਾਲਿਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ। ਦੋਗਲਾ ਨੇਪੀਅਰ ਬਾਜਰਾ ਕਈ ਲੌਅ ਦੇਣ ਵਾਲਾ ਸਾਉਣੀ ਦਾ ਚਾਰਾ ਹੈ। ਇਹ ਚਾਰਾ ਸੁਆਦਲੇ ਅਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਤਕਰੀਬਨ 10% ਹੈ ਅਤੇ ਪਚਣਯੋਗ ਖ਼ੁਰਾਕੀ ਤੱਤ ਤਕਰੀਬਨ 60% ਹੈ। ਇੱਕ ਕਟਾਈਆਂ ਦੇਣ ਵਾਲੀਆਂ ਚਾਰੇ ਦੀਆਂ ਫ਼ਸਲਾਂ ਦੇ ਮੁਕਾਬਲੇ ਦੋਗਲਾ ਨੇਪੀਅਰ ਬਾਜਰਾ ਪ੍ਰਤੀ ਇਕਾਈ ਰਕਬੇ ਅਤੇ ਪ੍ਰਤੀ ਇਕਾਈ ਸਮੇਂ ਵਿੱਚੋਂ ਰਹੇ ਚਾਰੇ ਦਾ ਵੱਧ ਝਾੜ ਦਿੰਦਾ ਹੈ। ਇਹ ਫ਼ਸਲ ਹਰ ਕਿਸਮ ਦੀ ਜ਼ਮੀਨ ਅਤੇ ਜਲਵਾਯੂ ਵਿੱਚ ਵਧੀਆ ਹੋ ਜਾਂਦੀ ਹੈ ਅਤੇ ਛੋਟੇ ਪੱਧਰ ’ਤੇ ਚੱਲ ਰਹੇ ਡੇਅਰੀ ਉਦਯੋਗਾਂ ਲਈ ਬਹੁਤ ਲਾਹੇਵੰਦ ਹੈ। ਇਹ ਘਾਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਤਿਆਰ ਕੀਤਾ ਗਿਆ ਹੈ। ਇਹ ਬਾਜਰੇ ਵਰਗਾ ਘਾਹ ਹੈ ਅਤੇ ਇਸ ਦਾ ਵਾਧਾ ਕਲਮਾਂ ਅਤੇ ਜੜ੍ਹਾਂ ਰਾਹੀਂ ਹੁੰਦਾ ਹੈ। ਇਹ ਬਹੁ-ਸਾਲੀ ਫ਼ਸਲ ਹੈ ਪਰ ਬਹੁਤਾ ਚਾਰਾ ਮਾਰਚ ਤੋਂ ਨਵੰਬਰ ਤੱਕ ਮਿਲਦਾ ਹੈ। ਇਕ ਵਾਰ ਲਗਾਈ ਫ਼ਸਲ 2-3 ਸਾਲ ਚਾਰਾ ਦਿੰਦੀ ਹੈ। ਇਸ ਨੂੰ ਗਰਮ ਅਤੇ ਸਿੱਲ੍ਹਾ ਜਲਵਾਯੂ ਚਾਹੀਦਾ ਹੈ ਅਤੇ ਪੰਜਾਬ ਦੇ ਸਾਰੇ ਸੇਂਜੂ ਰਕਬੇ ਵਿਚ ਉਗਾਇਆ ਜਾ ਸਕਦਾ ਹੈ। ਇਹ ਚਾਰਾ ਹਰ ਕਿਸਮ ਦੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ ਪਰ ਜ਼ਿਆਦਾ ਚਾਰਾ ਲੈਣ ਲਈ ਭਾਰੀ ਜ਼ਮੀਨ ਵਿਚ ਬੀਜਣਾ ਚਾਹੀਦਾ ਹੈ।
ਉੱਨਤ ਕਿਸਮਾਂ
ਪੀ ਬੀ ਐਨ 342: ਇਸ ਕਿਸਮ ਦੇ ਹਰੇ ਚਾਰੇ ਦਾ ਝਾੜ੍ਹ 877 ਕੁਇੰਟਲ ਪ੍ਰਤੀ ਏਕੜ ਹੈ।
ਪੀ ਬੀ ਐਨ 346: ਇਸ ਕਿਸਮ ਦੇ ਹਰੇ ਚਾਰੇ ਦਾ ਝਾੜ 715 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਆਚਾਰ ਬਣਾਉਣ ਲਈ ਬਹੁਤ ਜ਼ਿਆਦਾ ਵਧੀਆ ਹੈ।
ਪੀ ਬੀ ਐੱਨ 233: ਇਹ ਕਿਸਮ 1100 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।
ਦੋਗਲੇ ਨੇਪੀਅਰ ਬਾਜਰੇ ਲਈ ਖੇਤ ਨਦੀਨਾਂ ਤੋਂ ਮੁਕਤ ਅਤੇ ਚੰਗੀ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ। ਇਸ ਲਈ ਖੇਤ ਨੂੰ ਪਹਿਲੀ ਵਾਰ ਤਵੀਆਂ ਨਾਲ ਵਾਹ ਕੇ ਅਤੇ ਫਿਰ ਦੋ ਵਾਰ ਕਲਟੀਵੇਟਰ ਨਾਲ ਵਾਹ ਕੇ ਵਧੀਆ ਤਿਆਰ ਕਰੋ। ਹਰ ਵਾਹੀ ਪਿਛੋਂ ਸੁਹਾਗਾ ਮਾਰ ਕੇ ਖੇਤ ਨੂੰ ਪੱਧਰਾ ਕਰ ਲਵੋ।
ਦੋਗਲਾ ਨੇਪੀਅਰ ਬਾਜਰਾ ਫਰਵਰੀ ਦੇ ਆਖਰੀ ਹਫ਼ਤੇ ਤੋਂ ਲੈ ਕੇ ਮਈ ਤੱਕ ਲਾਇਆ ਜਾ ਸਕਦਾ ਹੈ। ਇਸ ਦੀ ਬਿਜਾਈ ਅੱਧ ਅਪਰੈਲ ਤੱਕ ਖ਼ਤਮ ਕਰ ਲੈਣੀ ਚਾਹੀਦੀ ਹੈ ਤਾਂ ਕਿ ਬਹੁਤੀਆਂ ਜੜ੍ਹਾਂ ਵੱਧ ਗਰਮੀ ਕਰ ਕੇ ਮਰਨ ਤੋਂ ਬਚਾਈਆਂ ਜਾ ਸਕਣ। ਇਹ ਜੜ੍ਹਾਂ ਜਾਂ ਕਲਮਾਂ ਤੋਂ ਉਗਾਇਆ ਜਾਂਦਾ ਹੈ। ਜੜ੍ਹਾਂ 30 ਸੈਂਟੀਮੀਟਰ ਲੰਬੀਆਂ ਅਤੇ ਕਲਮਾਂ ਉੱਤੇ 2 ਤੋਂ 3 ਗੰਢਾਂ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਲਾਉਣ ਲਈ 11,000 ਜੜ੍ਹਾਂ ਜਾਂ ਕਲਮਾਂ ਕਾਫ਼ੀ ਹਨ। ਬੀਜਣ ਸਮੇਂ ਜੜ੍ਹ ਜਾਂ ਕਲਮ ਦਾ ਥੋੜ੍ਹਾ ਜਿਹਾ ਉੱਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰੱਖਣਾ ਚਾਹੀਦਾ ਹੈ। ਬੂਟਿਆਂ ਤੇ ਕਤਾਰਾਂ ਵਿਚ ਫ਼ਾਸਲਾ 90×40 ਸੈਂਟੀਮੀਟਰ ਜਾਂ 60×60 ਸੈਂਟੀਮੀਟਰ ਰੱਖੋ। ਬਿਜਾਈ ਚੰਗੀ ਸਿੱਲ੍ਹ ਵਿਚ ਕਰੋ।
ਫ਼ਸਲ ਦੇ ਸ਼ੁਰੂਆਤੀ ਵਾਧੇ ਸਮੇਂ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ ਤਾਂ ਜੋ ਫ਼ਸਲ ਦੇ ਬੂਟੇ ਚੰਗੀ ਤਰ੍ਹਾਂ ਖੇਤ ਵਿੱਚ ਜੰਮ੍ਹ ਜਾਣ। ਇਸ ਲਈ ਦੋ ਗੋਡੀਆਂ 21 ਅਤੇ 42 ਦਿਨਾਂ ਬਾਅਦ ਕਰੋ।
ਕਈ ਲੌਅ ਦੇਣ ਕਰ ਕੇ ਦੋਗਲਾ ਨੇਪੀਅਰ ਬਾਜਰਾ ਖਾਦਾਂ ਨੂੰ ਬਹੁਤ ਮੰਨਦਾ ਹੈ। ਬਹੁਤ ਉਪਜਾਊ ਜ਼ਮੀਨਾਂ ਵਿਚ ਇਹ ਫ਼ਸਲ ਬਹੁਤ ਵਧਦੀ ਹੈ। ਬੀਜਣ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਅਤੇ ਬੀਜਣ ਤੋਂ 15 ਦਿਨ ਪਿੱਛੋਂ 66 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਯੂਰੀਏ ਦੀ ਇੰਨੀ ਹੀ ਮਾਤਰਾ ਹਰ ਕਟਾਈ ਤੋਂ ਪਿਛੋਂ ਪਾਓ। ਮੂਢੀ ਰੱਖੀ ਫ਼ਸਲ ਨੂੰ ਹਰ ਸਾਲ 240 ਕਿਲੋ ਸੁਪਰਫਾਸਫੇਟ ਦੋ ਕਿਸ਼ਤਾਂ ਵਿਚ, ਪਹਿਲੀ ਕਿਸ਼ਤ ਬਹਾਰ ਰੁੱਤ ਅਤੇ ਦੂਜੀ ਬਾਰਸ਼ਾਂ ਵਿਚ ਪਾਓ ਅਤੇ ਨਾਈਟ੍ਰੋਜਨ ਦੀ ਖ਼ੁਰਾਕ ਬੀਜੜ ਫ਼ਸਲ ਤਰ੍ਹਾਂ ਹੀ ਪਾਓ।
ਫਰਵਰੀ ਜਾਂ ਮਾਰਚ ਵਿੱਚ ਬੀਜੀ ਫ਼ਸਲ ਨੂੰ ਛੇਤੀ-ਛੇਤੀ ਦੋ ਪਾਣੀ ਦੇਣੇ ਜ਼ਰੂਰੀ ਹਨ ਤਾਂ ਜੋ ਜੜ੍ਹਾਂ/ਕਲਮਾਂ ਚੰਗੀ ਤਰ੍ਹਾਂ ਜੰਮ ਜਾਣ ਅਤੇ ਫ਼ਸਲ ਦਾ ਮੁੱਢਲਾ ਵਾਧਾ ਹੋ ਸਕੇ। ਉਸ ਤੋਂ ਬਾਅਦ ਬਹੁਤੀ ਗਰਮੀ ਅਤੇ ਖੁਸ਼ਕ ਮਹੀਨਿਆਂ ਵਿੱਚ ਚਾਰੇ ਨੂੰ 8-10 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿਉ ਅਤੇ ਬਾਅਦ ਵਿੱਚ ਮੌਸਮ ਅਨੁਸਾਰ 10 ਤੋਂ 14 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਜੇਕਰ ਲੋੜ ਪਵੇ ਤਾਂ ਮੀਂਹ ਦੇ ਦਿਨਾਂ ਵਿਚ ਪਾਣੀ ਖੇਤ ਵਿੱਚੋਂ ਬਾਹਰ ਕੱਢ ਦਿਉ।
ਪਾਣੀ ਦੀ ਬੱਚਤ ਲਈ ਬਿਜਾਈ ਤੋਂ ਬਾਅਦ ਖੇਤ ਵਿੱਚ 4 ਟਨ ਝੋਨੇ ਦੀ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦਿਉ। ਸਰਦੀਆਂ ਦੇ ਮਹੀਨਿਆਂ ਵਿਚ ਜਦ ਇਸ ਦਾ ਵਾਧਾ ਨਹੀਂ ਹੁੰਦਾ ਤਾਂ ਇਸ ਵਿਚ ਜਵੀ ਜਾਂ ਸੇਂਜੀ ਜਾਂ ਮੇਥੇ ਜਾਂ ਸਰ੍ਹੋਂ ਬੀਜੋ।
ਪਹਿਲੀ ਕਟਾਈ ਲਈ ਚਾਰਾ, ਬਿਜਾਈ ਤੋਂ 50 ਦਿਨਾਂ ਪਿੱਛੋਂ ਤਿਆਰ ਹੋ ਜਾਂਦਾ ਹੈ ਅਤੇ ਬਾਅਦ ਦੀਆਂ ਕਟਾਈਆਂ ਜਦੋਂ ਇਸ ਦੇ ਬੂਟੇ ਇੱਕ ਮੀਟਰ ਲੰਬੇ ਹੋਣ, ਲੈਣੀਆਂ ਚਾਹੀਦੀਆਂ ਹਨ। ਜੇ ਪੌਦੇ ਵਧੇਰੇ ਵਧਣ ਦਿੱਤੇ ਜਾਣ ਤਾਂ ਇਨ੍ਹਾਂ ਦੇ ਖ਼ੁਰਾਕੀ ਤੱਤ ਘਟ ਜਾਂਦੇ ਹਨ।
ਵਾਧੂ ਚਾਰਾ ਬਹੁਤ ਵਾਰ ਖੇਤਾਂ ਵਿੱਚ ਪੱਕ ਜਾਂਦਾ ਹੈ ਅਤੇ ਉਸ ਦੀ ਗੁਣਵੱਤਾ ਵੀ ਘਟ ਜਾਂਦੀ ਹੈ ਅਤੇ ਮੰਡੀ ਵਿੱਚ ਇਸ ਦਾ ਮੁੱਲ ਵੀ ਘੱਟ ਮਿਲਦਾ ਹੈ। ਇਸ ਲਈ ਵਾਧੂ ਹਰੇ ਚਾਰੇ ਨੂੰ ਸੰਭਾਲਣਾ ਜ਼ਰੂਰੀ ਹੈ। ਗ਼ੈਰ-ਫ਼ਲੀਦਾਰ ਦੋਗਲਾ ਨੇਪੀਅਰ ਬਾਜਰੇ ਦਾ ਆਚਾਰ ਬਣਾਇਆ ਜਾ ਸਕਦਾ ਹੈ। ਆਕਸੀਜਨ ਗੈਸ ਦੀ ਅਣਹੋਂਦ ਵਿਚ ਖਮੀਰੇ ਹੋਏ ਹਰੇ ਚਾਰੇ ਨੂੰ ਆਚਾਰ (ਸਾਈਲੇਜ਼) ਕਿਹਾ ਜਾਂਦਾ ਹੈ। ਆਚਾਰ ਖਾਣ ਵਿੱਚ ਰਸੀਲਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਆਚਾਰ ਦੁੱਧ ਦੇਣ ਵਾਲੇ ਪਸ਼ੂਆਂ ਲਈ ਸੰਤੁਲਿਤ ਖ਼ੁਰਾਕ ਦਾ ਕੰਮ ਕਰਦਾ ਹੈ। ਆਚਾਰ ਵਿਚ ਖ਼ੁਰਾਕੀ ਤੱਤ ਹਰੇ ਚਾਰੇ ਦੇ ਬਰਾਬਰ ਹੁੰਦੇ ਹਨ। ਆਚਾਰ ਦੀ ਵਰਤੋਂ ਕਰ ਕੇ ਮਹਿੰਗੇ ਦਾਣੇ ਦੀ ਮਾਤਰਾ ਘਟਾਈ ਜਾ ਸਕਦੀ ਹੈ ਅਤੇ ਇਸ ਤਰ੍ਹਾਂ ਸਸਤਾ ਦੁੱਧ ਪੈਦਾ ਕੀਤਾ ਜਾ ਸਕਦਾ ਹੈ।
ਆਚਾਰ ਬਣਾਉਣ ਲਈ ਟੋਆ ਭਰਨਾ: ਠੀਕ ਸਮੇਂ ਸਿਰ ਕੱਟੀ ਹੋਈ ਫ਼ਸਲ ਜਿਸ ਵਿਚ 30 ਤੋਂ 35 ਫ਼ੀਸਦੀ ਸੁੱਕਾ ਮਾਦਾ ਹੋਵੇ ਟੋਆ ਭਰਨ ਲਈ ਤਿਆਰ ਹੈ। ਇਹ ਦੇਖਿਆ ਗਿਆ ਹੈ ਕਿ 10 ਮੀਟਰ ਲੰਬੇ, 3 ਮੀਟਰ ਚੌੜੇ ਅਤੇ 1.5 ਮੀਟਰ ਡੂੰਘੇ ਟੋਏ ਵਿਚ 300-400 ਕੁਇੰਟਲ ਹਰੇ ਚਾਰੇ ਦਾ ਆਚਾਰ ਬਣਾਇਆ ਜਾ ਸਕਦਾ ਹੈ। ਟੋਏ ਦੀ ਲੰਬਾਈ ਜਾਂ ਚੌੜਾਈ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ, ਪਰ ਟੋਏ ਦੀ ਡੂੰਘਾਈ ਦੋ ਮੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਕੱਚੇ ਟੋਏ ਵਿਚ ਪਲਾਸਟਿਕ ਦੀ ਸ਼ੀਟ ਜਰੂਰ ਵਿਛਾਉ। ਕੱਟੀ ਹੋਈ ਫ਼ਸਲ ਦਾ 2-3 ਇੰਚ ਲੰਬਾ ਕੁਤਰਾ ਕਰੋ। ਕੁਤਰਾ ਕੀਤੇ ਚਾਰੇ ਨੂੰ ਇਕ-ਇਕ ਫੁੱਟ ਦੀਆਂ ਤਹਿਆਂ ਵਿਚ ਟੋਏ ਵਿਚ ਪਾਉ ਅਤੇ ਹਰ ਤਹਿ ਨੂੰ ਪੈਰਾਂ ਨਾਲ ਚੰਗੀ ਤਰ੍ਹਾਂ ਲਤਾੜੋ ਤਾਂ ਜੋ ਸਾਰੀ ਹਵਾ ਬਾਹਰ ਨਿਕਲ ਜਾਵੇ। ਜਿੰਨਾ ਜ਼ਿਆਦਾ ਦਬਾਉਗੇ ਉਨ੍ਹਾਂ ਹੀ ਵਧੀਆ ਆਚਾਰ ਬਣੇਗਾ। ਟੋਏ ਨੂੰ ਜ਼ਮੀਨ ਤੋਂ ਅੱਧਾ ਮੀਟਰ ਉੱਚਾ ਭਰੋ ਅਤੇ ਉਪਰੋਂ ਇਸ ਨੂੰ ਗੁੰਬਦ ਦੀ ਸ਼ਕਲ ਦਾ ਬਣਾਉ ਤਾਂ ਜੋ ਪਾਣੀ ਨਾ ਖੜ੍ਹ ਸਕੇ। ਇਸ ਟੋਏ ਨੂੰ ਉੱਪਰੋਂ ਤੂੜੀ ਜਾਂ ਪਰਾਲੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਉ। ਫਿਰ ਇਸ ਉੱਪਰ ਗਿੱਲੀ ਮਿੱਟੀ ਦਾ ਲੇਪ ਕਰੋ ਤਾਂ ਕਿ ਹਵਾ ਬਿਲਕੁਲ ਅੰਦਰ ਨਾ ਜਾ ਸਕੇ। ਡੇਢ ਮਹੀਨੇ (45 ਦਿਨਾਂ) ਬਾਅਦ ਆਚਾਰ ਤਿਆਰ ਹੋ ਜਾਂਦਾ ਹੈ। ਵਰਤਣ ਵੇਲੇ ਆਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ। ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ।
ਵਧੀਆ ਆਚਾਰ ਦੀ ਪਛਾਣ: ਚੰਗੇ ਆਚਾਰ ਦੀ ਪਛਾਣ ਕਰਨ ਲਈ ਹੇਠ ਲਿਖੇ ਨੁਕਤੇ ਹਨ:
• ਚੰਗਾ ਆਚਾਰ ਚਮਕਦਾਰ ਅਤੇ ਹਰੇ ਪੀਲੇ ਰੰਗ ਦਾ ਹੁੰਦਾ ਹੈ।
• ਇਸ ਆਚਾਰ ਦੀ ਸੁਗੰਧ ਸਿਰਕੇ ਵਰਗੀ ਹੁੰਦੀ ਹੈ।
• ਚੰਗਾ ਆਚਾਰ ਨਾ ਬਹੁਤਾ ਗਿੱਲਾ ਅਤੇ ਨਾ ਬਹੁਤਾ ਸੁੱਕਾ ਹੁੰਦਾ ਹੈ।
ਪਸ਼ੂਆਂ ਨੂੰ ਆਚਾਰ ਖਵਾਉਣਾ: ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਆਚਾਰ ਪਸੰਦ ਨਾ ਕਰਨ। ਇਸ ਲਈ ਪਹਿਲੇ 5-6 ਦਿਨ 5-10 ਕਿਲੋ ਆਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ। ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਆਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ।
ਕਿਸਾਨ ਆਚਾਰ ਬਣਾ ਕੇ ਇਸ ਨੂੰ ਹਰੇ ਚਾਰੇ ਦੀ ਘਾਟ ਸਮੇਂ (ਮਈ-ਜੂਨ ਜਾਂ ਨਵੰਬਰ-ਦਸੰਬਰ) ਵਰਤ ਸਕਦੇ ਹਨ।
ਆਚਾਰ ਬਣਾਉਣ ਦੇ ਹੋਰ ਵੀ ਕਈ ਫਾਇਦੇ ਹਨ ਜਿਵੇਂ ਕਿ:
• ਆਚਾਰ ਵਿੱਚ ਖ਼ੁਰਾਕੀ ਤੱਤਾਂ ਦੀ ਸਾਂਭ ਹੋ ਜਾਂਦੀ ਹੈ।
• ਪ੍ਰੋਟੀਨ ਅਤੇ ਮਿਨਰਲਜ਼ ਨਾਲ ਭਰਪੂਰ ਪੱਤਿਆਂ ਦਾ ਖੇਤ ਵਿੱਚ ਹੋਣ ਵਾਲਾ ਨੁਕਸਾਨ ਘਟ ਜਾਂਦਾ ਹੈ।
• ਜੇਕਰ ਆਚਾਰ ਚੰਗੇ ਤਰੀਕੇ ਨਾਲ ਪੈਦਾ ਕੀਤਾ ਜਾਵੇ ਤਾਂ ਇਹ ਲੰਬੇ ਸਮੇਂ ਤੱਕ ਪਸ਼ੂਆਂ ਦੀ ਖ਼ੁਰਾਕ ਵਿੱਚ ਵਰਤਿਆ ਜਾ ਸਕਦਾ ਹੈ।
• ਆਚਾਰ ਇੱਕ ਸਸਤੀ ਖ਼ੁਰਾਕ ਹੈ।
• ਹਰੇ ਚਾਰੇ ਵਿੱਚ ਕਈ ਵਾਰ ਜ਼ਹਿਰੀਲੇ ਤੱਤ ਹੁੰਦੇ ਹਨ ਜੋ ਕਿ ਆਚਾਰ ਬਣਾਉਣ ਨਾਲ ਬਹੁਤ ਘੱਟ ਜਾਂਦੇ ਹਨ।
• ਕਿਸਾਨ ਆਚਾਰ ਬਣਾ ਕੇ ਵੇਚ ਵੀ ਸਕਦੇ ਹਨ ਅਤੇ ਵਾਧੂ ਪੈਸੇ ਵੱਟ ਸਕਦੇ ਹਨ।
ਨੇਪੀਅਰ ਬਾਜਰਾ ਚਾਰਾ ਡੇਅਰੀ ਕਿਸਾਨਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ ਕਿਉਂਕਿ ਇਹ ਨਾ ਸਿਰਫ਼ ਪਸ਼ੂਆਂ ਲਈ ਚੰਗਾ ਚਾਰਾ ਪ੍ਰਦਾਨ ਕਰਦਾ ਹੈ, ਸਗੋਂ ਜੜ੍ਹਾਂ ਜਾਂ ਕਲਮਾਂ ਦੀ ਵਿਕਰੀ ਰਾਹੀਂ ਸਹਾਇਕ ਆਮਦਨ ਦਾ ਸਰੋਤ ਵੀ ਹੈ।
*ਪਲਾਂਟ ਬਰੀਡਿੰਗ ਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ।