ਹਾਈ ਕੋਰਟ ਵੱਲੋਂ ਕੁੱਲ੍ਹੜ ਪੀਜ਼ਾ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ
ਹਤਿੰਦਰ ਮਹਿਤਾ
ਜਲੰਧਰ, 19 ਅਕਤੂਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲੀਸ ਨੂੰ ਕੁੱਲ੍ਹੜ ਪੀਜ਼ਾ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਸਹਿਜ ਅਰੋੜਾ ਤੇ ਉਸ ਦੀ ਪਤਨੀ ਗੁਰਪ੍ਰੀਤ ਨੇ ਹਾਈ ਕੋਰਟ ’ਚ ਸਾਂਝੀ ਪਟੀਸ਼ਨ ਦਾਇਰ ਕਰ ਕੇ ਸੁਰੱਖਿਆ ਦੀ ਮੰਗ ਕੀਤੀ ਸੀ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨਿਹੰਗ ਮਾਨ ਸਿੰਘ ਅਕਾਲੀ ਵੱਲੋਂ ਜੋੜੇ ਨੂੰ ਕਥਿਤ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਉਨ੍ਹਾਂ ਨੇ ਜੋੜੇ ਨੂੰ ਆਪਣੀਆਂ ਇਤਰਾਜ਼ਯੋਗ ਵੀਡੀਓਜ਼ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਆਖਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇ ਜੋੜਾ ਅਜਿਹਾ ਨਹੀਂ ਕਰ ਸਕਦਾ ਤਾਂ ਨੌਜਵਾਨ ਪੁਲੀਸ ਨੂੰ ਬੁਲਾ ਕੇ ਆਪਣੀ ਪੱਗ ਵਾਪਸ ਕਰ ਦੇਵੇ। ਸਹਿਜ ਤੇ ਗੁਰਪ੍ਰੀਤ ਵੱਲੋਂ ਇਸ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਜੋੜੇ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਨਿਹੰਗ ਸਿੰਘਾਂ ਵੱਲੋਂ ਵਿਰੋਧ ਮਗਰੋਂ ਇਸ ਜੋੜੇ ਨੇ ਲੰਘੇ ਐਤਵਾਰ ਨੂੰ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਦੋਵਾਂ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਜਾਣਗੇ ਅਤੇ ਉੱਥੇ ਆਪਣੀ ਅਰਜ਼ੀ ਦੇਣਗੇ। ਸਹਿਜ ਨੇ ਕਿਹਾ ਸੀ ਕਿ ਦਰਬਾਰ ਸਾਹਿਬ ਪਹੁੰਚ ਕੇ ਉਹ ਪੁੱਛੇਗਾ ਕੀ ਉਹ ਦਸਤਾਰ ਸਜਾ ਸਕਦਾ ਹੈ ਜਾਂ ਨਹੀਂ। ਜੇ ਉਹ ਗਲਤ ਹਨ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੱਸ ਦੇਈਏ ਕਿ ਹਾਲ ਹੀ ’ਚ ਜਲੰਧਰ ’ਚ ਕੁੱਲ੍ਹੜ ਪੀਜ਼ਾ ਜੋੜੇ ਦੇ ਰੈਸਟੋਰੈਂਟ ਦੇ ਬਾਹਰ ਨਿਹੰਗਾਂ ਨੇ ਪ੍ਰਦਰਸ਼ਨ ਕਰ ਕੇ ਜੋੜੇ ਨੂੰ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਆਖਿਆ ਸੀ। ਉਨ੍ਹਾਂ ਕਿਹਾ ਸੀ ਕਿ ਵੀਡੀਓ ਦਾ ਬੱਚਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ।