For the best experience, open
https://m.punjabitribuneonline.com
on your mobile browser.
Advertisement

‘ਹੀਰੋਇਨ ਆਫ ਹਾਈਜੈਕ’ ਨੀਰਜਾ ਭਨੋਟ

11:17 AM Aug 24, 2024 IST
‘ਹੀਰੋਇਨ ਆਫ ਹਾਈਜੈਕ’ ਨੀਰਜਾ ਭਨੋਟ
Advertisement

ਬਲਵਿੰਦਰ ਸਿੰਘ ਭੁੱਲਰ

ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਨਸਾਨ ਬਹੁਤ ਘੱਟ ਹੁੰਦੇ ਹਨ। ਔਰਤਾਂ ਵਿੱਚ ਅਜਿਹੀ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਹੈ। ਇਸ ਗਿਣਤੀ ਵਿੱਚ ਆਪਣਾ ਨਾਂ ਸ਼ਾਮਲ ਕਰਵਾਉਣ ਵਾਲੀ ਨੀਰਜਾ ਭਨੋਟ ਇੱਕ ਅਜਿਹੀ ਮਹਾਨ ਸ਼ਹੀਦ ਔਰਤ ਹੈ, ਜਿਸ ਦੀ ਬਹਾਦਰੀ ਤੋਂ ਸਮੁੱਚੀ ਦੁਨੀਆ ਪ੍ਰਭਾਵਿਤ ਹੈ। ਭਾਰਤ, ਪਾਕਿਸਤਾਨ ਅਤੇ ਅਮਰੀਕਾ ਨੇ ਤਾਂ ਨੀਰਜਾ ਨੂੰ ਸਨਮਾਨਿਤ ਕਰਕੇ ਉਸ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਸ਼ੰਦੇਸ ਵੀ ਦਿੱਤਾ ਹੈ।
ਚੰਡੀਗੜ੍ਹ ਵਿੱਚ ਜਨਮੀ ਲਾਡੋ ਵੱਡੀ ਹੋ ਕੇ ਨੀਰਜਾ ਭਨੋਟ ਬਣੀ। ਉਸ ਨੇ ਮੁੱਢਲੀ ਸਿੱਖਿਆ ਚੰਡੀਗੜ੍ਹ ਤੇ ਉੱਚ ਸਿੱਖਿਆ ਮੁੰਬਈ ਤੋਂ ਪ੍ਰਾਪਤ ਕੀਤੀ ਅਤੇ ਫਿਰ ਵਿਆਹ ਉਪਰੰਤ ਆਪਣੇ ਪਤੀ ਨਾਲ ਖਾੜੀ ਦੇਸ਼ਾਂ ਵਿੱਚ ਚਲੀ ਗਈ, ਪਰ ਸਹੁਰਿਆਂ ਵੱਲੋਂ ਦਾਜ ਕਾਰਨ ਹੋਏ ਝਗੜੇ ਸਦਕਾ ਉਹ ਕਰੀਬ ਦੋ ਮਹੀਨੇ ਬਾਅਦ ਹੀ ਆਪਣੇ ਮਾਪਿਆਂ ਕੋਲ ਮੁੰਬਈ ਆ ਗਈ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਹ 1986 ਨੂੰ ਹਵਾਈ ਸੇਵਾ ਵਿੱਚ ਬਤੌਰ ਏਅਰਹੋਸਟੈੱਸ ਭਰਤੀ ਹੋ ਗਈ। ਕੁਝ ਮਹੀਨੇ ਹੀ ਹੋਏ ਸਨ ਕਿ 5 ਸਤੰਬਰ 1986 ਨੂੰ ਉਹ ਆਪਣੀ ਡਿਊਟੀ ਕਰਨ ਲਈ ਮੁੰਬਈ ਤੋਂ ਨਿਊਯਾਰਕ ਰਵਾਨਾ ਹੋਏ ਜਹਾਜ਼ ਵਿੱਚ ਸਵਾਰ ਹੋ ਗਈ। ਇਹ ਜਹਾਜ਼ ਪਾਕਿਸਤਾਨ ਦੇ ਜਿਨਾਹ ਅੰਤਰਰਾਸ਼ਟਰੀ ਏਅਰਪੋਰਟ ਕਰਾਚੀ ’ਤੇ ਤੇਲ ਭਰਵਾਉਣ ਲਈ ਉਤਰ ਕੇ ਅਜੇ ਖੜ੍ਹਾ ਹੀ ਸੀ, ਤਾਂ ਇਸ ਨੂੰ ਚਾਰ ਫਲਸਤੀਨੀ ਅਤਿਵਾਦੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਜੋ ਆਪਣੇ ਬੰਦੀ ਸਾਥੀਆਂ ਨੂੰ ਰਿਹਾਅ ਕਰਵਾਉਣਾ ਚਾਹੁੰਦੇ ਸਨ। ਜਹਾਜ਼ ਵਿਚਲੇ 14 ਦੇਸ਼ਾਂ ਦੇ ਸਾਰੇ 361 ਯਾਤਰੀਆਂ ਨੂੰ ਉਨ੍ਹਾਂ ਨੇ ਬੰਧਕ ਬਣਾ ਲਿਆ, ਜਿਨ੍ਹਾਂ ਵਿੱਚ ਭਾਰਤ ਦੇ 91, ਪਾਕਿਸਤਾਨ ਦੇ 44, ਅਮਰੀਕਾ ਦੇ 41 ਅਤੇ ਕੈਨੇਡਾ ਦੇ 30 ਯਾਤਰੀਆਂ ਤੋਂ ਇਲਾਵਾ ਹੋਰ ਵੱਖ ਵੱਖ ਦੇਸ਼ਾਂ ਦੇ ਯਾਤਰੀ ਵੀ ਸਨ। ਨੀਰਜਾ ਨੇ ਤੁਰੰਤ ਹੁਸ਼ਿਆਰੀ ਵਰਤਦਿਆਂ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਇਸ ਦੇ 3 ਮੈਂਬਰ ਜਹਾਜ਼ ਦੇ ਕਾਕਪਿੱਟ ਵਿੱਚੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਏ।
ਅਤਿਵਾਦੀਆਂ ਨੇ ਇੱਕ ਭਾਰਤੀ ਰਾਜੇਸ਼ ਕੁਮਾਰ, ਜਿਸ ਨੂੰ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਦੀ ਨਾਗਰਿਕਤਾ ਮਿਲੀ ਸੀ, ਨੂੰ ਜਹਾਜ਼ ਦੇ ਦਰਵਾਜ਼ੇ ’ਤੇ ਲਿਆ ਕੇ ਗੋਲੀ ਮਾਰ ਕੇ ਹੇਠਾਂ ਸੁੱਟ ਦਿੱਤਾ ਤਾਂ ਜੋ ਦਹਿਸ਼ਤ ਪੈਦਾ ਕੀਤੀ ਜਾ ਸਕੇ। ਕੁਝ ਸਮੇਂ ਬਾਅਦ ਅਤਿਵਾਦੀਆਂ ਨੇ ਨੀਰਜਾ ਅਤੇ ਉਸ ਦੇ ਸਾਥੀ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਯਾਤਰੀਆਂ ਦੇ ਪਾਸਪੋਰਟ ਇਕੱਠੇ ਕਰਕੇ ਉਨ੍ਹਾਂ ਦੇ ਹਵਾਲੇ ਕਰ ਦੇਣ। ਉਨ੍ਹਾਂ ਦੀ ਇੱਛਾ ਸੀ ਕਿ ਪਾਸਪੋਰਟਾਂ ਤੋਂ ਪਹਿਚਾਣ ਕਰਕੇ ਉਹ ਅਮਰੀਕਾ ਦੇ ਵਸਨੀਕਾਂ ਨੂੰ ਗੋਲੀਆਂ ਮਾਰ ਕੇ ਪਾਕਿਸਤਾਨ ਸਰਕਾਰ ’ਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਦਬਾਅ ਬਣਾ ਲੈਣਗੇ। ਨੀਰਜਾ ਨੇ ਯਾਤਰੀਆਂ ਦੇ ਪਾਸਪੋਰਟ ਇਕੱਠੇ ਕਰ ਲਏ। ਇਸ ਸਮੇਂ ਤੱਕ ਆਪਣੀ ਤੀਖਣ ਬੁੱਧੀ ਨਾਲ ਨੀਰਜਾ ਸਮਝ ਚੁੱਕੀ ਸੀ ਕਿ ਅਤਿਵਾਦੀ ਕੀ ਚਾਹੁੰਦੇ ਹਨ। ਉਸ ਨੇ ਅਮਰੀਕਨ ਯਾਤਰੀਆਂ ਦੇ ਪਾਸਪੋਰਟ ਲੁਕਾ ਕੇ ਬਾਕੀ ਅਤਿਵਾਦੀਆਂ ਦੇ ਹਵਾਲੇ ਕਰ ਦਿੱਤੇ। ਅਤਿਵਾਦੀਆਂ ਨੇ ਘੋਖ ਪੜਤਾਲ ਕਰਕੇ ਇੱਕ ਬ੍ਰਿਟਿਸ਼ ਯਾਤਰੀ ਨੂੰ ਉਠਾ ਲਿਆ ਅਤੇ ਜਹਾਜ਼ ਦੇ ਦਰਵਾਜ਼ੇ ’ਤੇ ਲਿਆ ਕੇ ਉਸ ਨੂੰ ਮਾਰ ਦੇਣ ਦੀ ਧਮਕੀ ਨਾਲ ਦਬਾਅ ਬਣਾਉਣਾ ਚਾਹਿਆ, ਪਰ ਨੀਰਜਾ ਨੇ ਗੱਲਬਾਤ ਕਰਕੇ ਉਸ ਦੀ ਵੀ ਜਾਨ ਬਚਾ ਲਈ।
ਕਰੀਬ 17 ਘੰਟੇ ਦੀ ਕਸ਼ਮਕਸ਼ ਉਪਰੰਤ ਅਤਿਵਾਦੀਆਂ ਨੇ ਯਾਤਰੀਆਂ ਨੂੰ ਮਾਰਨ ਦਾ ਮਨ ਬਣਾ ਲਿਆ ਅਤੇ ਉਨ੍ਹਾਂ ਨੇ ਜਹਾਜ਼ ਵਿੱਚ ਵਿਸਫੋਟਕ ਸਮੱਗਰੀ ਫਿੱਟ ਕਰਨੀ ਸ਼ੁਰੂ ਕਰ ਦਿੱਤੀ। ਅਤਿਵਾਦੀਆਂ ਦੀ ਇਸ ਇੱਛਾ ਨੂੰ ਭਾਂਪਦਿਆਂ ਨੀਰਜਾ ਦੀ ਚਿੰਤਾ ਹੋਰ ਵਧ ਗਈ। ਉਸ ਨੇ ਇਹ ਵੀ ਮਹਿਸੂਸ ਕਰ ਲਿਆ ਸੀ ਕਿ ਜਹਾਜ਼ ਦਾ ਤੇਲ ਕਿਸੇ ਵੀ ਸਮੇਂ ਖ਼ਤਮ ਹੋ ਸਕਦਾ ਹੈ ਅਤੇ ਅਜਿਹਾ ਹੋਣ ਨਾਲ ਜਹਾਜ਼ ਵਿੱਚ ਹਨੇਰਾ ਹੋੋ ਜਾਵੇਗਾ। ਨੀਰਜਾ ਨੇ ਚੁਸਤੀ ਵਰਤਦਿਆਂ ਆਪਣੇ ਸਹਿਯੋਗੀ ਕਰਮਚਾਰੀਆਂ ਨੂੰ ਕਿਹਾ ਕਿ ਉਹ ਸਾਰੇ ਯਾਤਰੀਆਂ ਨੂੰ ਖਾਣੇ ਦੇ ਪੈਕਟ ਸਪਲਾਈ ਕਰ ਦੇਣ ਅਤੇ ਨਾਲ ਹੀ ਉਹ ਕਾਰਡ ਵੀ ਵੰਡ ਦੇਣ, ਜਿਸ ਵਿੱਚ ਜਹਾਜ਼ ’ਚੋਂ ਬਚ ਨਿਕਲਣ ਲਈ ਐਮਰਜੈਂਸੀ ਦਰਵਾਜ਼ੇ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਮੁਲਾਜ਼ਮਾਂ ਨੇ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਯਾਤਰੀਆਂ ਨੂੰ ਖਾਣੇ ਦੇ ਪੈਕਟਾਂ ਦੇ ਨਾਲ ਨਾਲ ਸੁਰੱਖਿਅਤ ਨਿਕਲਣ ਦੇ ਰਸਤੇ ਬਾਰੇ ਜਾਣਕਾਰੀ ਵੀ ਪਹੁੰਚਾ ਦਿੱਤੀ।
ਯਾਤਰੀ ਅਜੇ ਖਾਣਾ ਖਾ ਹੀ ਰਹੇ ਸਨ ਕਿ ਜਹਾਜ਼ ਦਾ ਤੇਲ ਖ਼ਤਮ ਹੋ ਗਿਆ ਅਤੇ ਹਨੇਰਾ ਛਾ ਗਿਆ। ਨੀਰਜਾ ਨੂੰ ਵੀ ਇਸੇ ਸਮੇਂ ਦੇ ਉਡੀਕ ਸੀ, ਉਸ ਨੇ ਜਹਾਜ਼ ਦੇ ਐਮਰਜੈਂਸੀ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਯਾਤਰੀ ਛਾਲਾਂ ਮਾਰ ਕੇ ਬਾਹਰ ਨਿਕਲਣ ਲੱਗੇ। ਇਸੇ ਸਮੇਂ ਪਾਕਿਸਤਾਨ ਦੇ ਕਮਾਂਡੋ ਮੁਲਾਜ਼ਮ ਜਹਾਜ਼ ਵਿੱਚ ਦਾਖਲ ਹੋ ਗਏ, ਉੱਧਰ ਅਤਿਵਾਦੀਆਂ ਨੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਨੂੰ ਮੌਤ ਆਪਣੇ ਸਿਰਾਂ ’ਤੇ ਮੰਡਰਾਉਂਦੀ ਦਿਸ ਰਹੀ ਸੀ। ਕਮਾਂਡੋਜ਼ ਨੇ ਤਿੰਨ ਅਤਿਵਾਦੀਆਂ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਅਤੇ ਇੱਕ ਵਾਰ ਗੋਲੀਬਾਰੀ ਬੰਦ ਹੋ ਗਈ।
ਨੀਰਜਾ ਸਭ ਤੋਂ ਪਹਿਲਾਂ ਜਹਾਜ਼ ’ਚੋਂ ਨਿਕਲ ਸਕਦੀ ਸੀ, ਪਰ ਉਸ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ। ਜਦ ਉਸ ਨੇ ਸਮਝ ਲਿਆ ਕਿ ਸਾਰੇ ਯਾਤਰੀ ਬਾਹਰ ਨਿਕਲ ਗਏ ਹਨ ਅਤੇ ਅਤਿਵਾਦੀ ਮਾਰੇ ਜਾ ਚੁੱਕੇ ਹਨ ਤਾਂ ਉਹ ਜਹਾਜ਼ ’ਚੋਂ ਬਾਹਰ ਨਿਕਲਣ ਲਈ ਤੁਰੀ ਹੀ ਸੀ ਕਿ ਉਸ ਨੂੰ ਜਹਾਜ਼ ਵਿੱਚ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਫਿਰ ਵਾਪਸ ਮੁੜੀ ਤੇ ਉਸ ਨੇ ਜਹਾਜ਼ ਵਿੱਚੋਂ ਤਿੰੰਨ ਛੋਟੇ ਛੋਟੇ ਬੱਚੇ ਭਾਲ ਲਏ ਤੇ ਉਨ੍ਹਾਂ ਨੂੰ ਚੁੱਕ ਕੇ ਦਰਵਾਜ਼ੇ ਵੱਲ ਜਾਣ ਲੱਗੀ। ਇਸੇ ਸਮੇਂ ਲੁਕਿਆ ਹੋਇਆ ਇੱਕ ਬੰਦੁਕਧਾਰੀ ਅਤਿਵਾਦੀ ਉਸ ਦੇ ਅੱਗੇ ਆ ਗਿਆ ਤੇ ਉਹ ਬੱਚਿਆਂ ’ਤੇ ਗੋਲੀ ਦਾਗਣ ਲੱਗਾ, ਜਿਹੜਾ ਸਰਕਾਰ ’ਤੇ ਦਬਾਅ ਵਜੋਂ ਉਸ ਦਾ ਆਖਰੀ ਯਤਨ ਸੀ। ਨੀਰਜਾ ਨੇ ਅਤਿਵਾਦੀ ਨੂੰ ਲਲਕਾਰਿਆ ਤੇ ਬੱਚਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਅਤਿਵਾਦੀ ਨੇ ਨੀਰਜਾ ’ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਅਤੇ ਉਹ ਮੌਕੇ ’ਤੇ ਹੀ ਸ਼ਹੀਦੀ ਪ੍ਰਾਪਤ ਕਰ ਗਈ। ਕਮਾਡੋਜ਼ ਨੇ ਜਵਾਬੀ ਫਾਇਰਿੰਗ ਨਾਲ ਅਤਿਵਾਦੀ ਨੂੰ ਮਾਰ ਮੁਕਾਇਆ ਅਤੇ ਬੱਚੇ ਬਚ ਗਏ। ਇਸ ਤਰ੍ਹਾਂ ਨੀਰਜਾ ਨੇ ਬਹੁਤ ਬਹਾਦਰੀ ਨਾਲ ਆਪਣੀ ਡਿਊਟੀ ਅਦਾ ਕਰਦਿਆਂ ਜਹਾਜ਼ ਵਿਚਲੇ 360 ਯਾਤਰੀਆਂ ਦੀ ਜਾਨ ਬਚਾ ਕੇ ਆਪਣੇ ਜੀਵਨ ਦੀ ਅਹੂਤੀ ਦੇ ਦਿੱਤੀ।
ਸਿਰਫ਼ 23 ਸਾਲ ਦੀ ਉਮਰ ਵਿੱਚ ਨੀਰਜਾ ਬਹਾਦਰੀ ਵਾਲਾ ਏਡਾ ਵੱਡਾ ਕਾਰਨਾਮਾ ਕਰਕੇ ਸ਼ਹਾਦਤ ਪ੍ਰਾਪਤ ਕਰਨ ਵਾਲੀ ਭਾਰਤ ਦੀ ਸਭ ਤੋਂ ਘੱਟ ਉਮਰ ਵਾਲੀ ਸ਼ਹੀਦ ਔਰਤ ਬਣ ਗਈ। ਭਾਰਤ ਸਰਕਾਰ ਵੱਲੋਂ ਨੀਰਜਾ ਨੂੰ ਮਰਨ ਉਪਰੰਤ ਸ਼ਾਂਤੀ ਲਈ ਦਿੱਤਾ ਜਾਣ ਵਾਲਾ ਸਰਵਉੱਚ ਪੁਰਸਕਾਰ ‘ਅਸ਼ੋਕ ਚੱਕਰ’ ਦੇ ਕੇ ਸਨਮਾਨ ਦਿੱਤਾ ਗਿਆ। ਪਾਕਿਸਤਾਨ ਦੀ ਸਰਕਾਰ ਵੱਲੋਂ ਵੀ ‘ਤਗ਼ਮਾ ਏ ਇਨਸਾਨੀਅਤ’ ਅਤੇ ਅਮਰੀਕਾ ਵੱਲੋਂ ‘ਜਸਟਿਸ ਫਾਰ ਕਰਾਈਮ ਐਵਾਰਡ 2005’ ਦਿੱਤਾ ਗਿਆ। ਅੰਤਰਰਾਸ਼ਟਰੀ ਤੌਰ ’ਤੇ ਨੀਰਜਾ ਨੂੰ ‘ਹੀਰੋਇਨ ਆਫ ਹਾਈਜੈਕ’ ਵੀ ਕਿਹਾ ਜਾਂਦਾ ਹੈ।

ਸੰਪਰਕ: 98882-75913

Advertisement

Advertisement
Author Image

sukhwinder singh

View all posts

Advertisement