ਛੰਨਿਆਂ ਤੇ ਥਾਲੀਆਂ ’ਚ ਸਾਂਭੀ ਵਿਰਾਸਤ
ਰੇਣੂ ਸੂਦ ਸਿਨਹਾ
ਇਹ 1970 ਦੀ ਗੱਲ ਹੈ। ਗਰਮੀਆਂ ਦੀ ਰੁੱਤ ਦੇ ਅੰਤਲੇ ਦਿਨ ਸਨ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਵਾਈਸ ਚਾਂਸਲਰ ਡਾ. ਐਮਐੱਸ ਰੰਧਾਵਾ ਕੈਂਪਸ ’ਚ ਘੁੰਮਦੇ ਘੁਮਾਉਂਦੇ ਹੋਮ ਸਾਇੰਸ ਕਾਲਜ ਦੀਆਂ ਉਨ੍ਹਾਂ ਕੁਝ ਵਿਦਿਆਰਥਣਾਂ ਕੋਲ ਜਾ ਪਹੁੰਚੇ ਜੋ ‘ਠੰਢੇ’ ਪੀ ਰਹੀਆਂ ਸਨ। ਉਨ੍ਹਾਂ ਪੁੱਛਿਆ, ‘‘ਕੀ ਤੁਸੀਂ ਲੱਸੀ ਨਹੀਂ ਪੀਂਦੀਆਂ?’’ ਵਿਦਿਆਰਥਣਾਂ ਦਾ ਜਵਾਬ ਸੀ ਕਿ ਘਰੇ ਕਦੇ ਕਦਾਈਂ ਪੀ ਲੈਂਦੀਆਂ ਹਾਂ। ਉਨ੍ਹਾਂ ਫਿਰ ਪੁੱਛਿਆ, ‘‘ਕਦੇ ਕੜੇ ਵਾਲੇ ਪਿੱਤਲ ਦੇ ਗਲਾਸ ’ਚ ਪੀਤੀ ਹੈ?’’ ਲੜਕੀਆਂ ਹੈਰਾਨੀ ਨਾਲ ਉਨ੍ਹਾਂ ਦੇ ਚਿਹਰੇ ਵੱਲ ਦੇਖ ਰਹੀਆਂ ਸਨ।
ਡਾ. ਰੰਧਾਵਾ ਮਹਿਸੂਸ ਕਰ ਰਹੇ ਸਨ ਕਿ ਸਾਡੇ ਆਲੇ-ਦੁਆਲੇ ਸਭ ਕੁਝ ਬਦਲ ਰਿਹਾ ਹੈ। ਸ਼ੁਰੂਆਤ ’ਚ ਮੱਠੀ ਰਫ਼ਤਾਰ ਨਾਲ ਅਤੇ ਫਿਰ ਤੇਜ਼ੀ ਨਾਲ। ਉਨ੍ਹਾਂ ਦੇ ਆਪਣੇ ਸ਼ਬਦਾਂ ਅਨੁਸਾਰ, ‘‘ਹਰੀ ਕ੍ਰਾਂਤੀ ਤੋਂ ਬਾਅਦ ਪੇਂਡੂ ਪੰਜਾਬ ਤੇਜ਼ੀ ਨਾਲ ਬਦਲ ਰਿਹਾ ਹੈ। ਖੂਹਾਂ ’ਚੋਂ ਪਾਣੀ ਕੱਢਣ ਲਈ ਹੁਣ ਚੜਸ ਤੇ ਲੱਕੜ ਦੀਆਂ ਭੌਣੀਆਂ (ਢਿੰਗਲੀ/ਢੀਂਗੁਲੀ) ਦੀ ਥਾਂ ਬਿਜਲੀ ਦੀਆਂ ਮੋਟਰਾਂ ਅਤੇ ਪੰਪਾਂ ਨੇ ਲੈ ਲਈ ਹੈ। ਗੰਡਾਸਾ ਹੁਣ ਲੋਪ ਹੋ ਚੁੱਕਾ ਹੈ। ਬਲਦਾਂ ਦੀ ਮਦਦ ਨਾਲ ਚਲਾਇਆ ਜਾਣ ਵਾਲਾ ਖਰਾਸ ਵੀ ਹੁਣ ਦੁਰਲੱਭ ਹੋ ਚੁੱਕਾ ਹੈ। ਬਲਦਾਂ ਵਾਲੇ ਫਲ੍ਹਿਆਂ ਦੀ ਥਾਂ ਹੁਣ ਥਰੈਸ਼ਰਾਂ ਨੇ ਲੈ ਲਈ ਹੈ। ਤਾਂਬੇ ਦੇ ਖ਼ੂਬਸੂਰਤ ਤੇ ਪੁਰਾਣੇ ਭਾਂਡੇ ਛੰਨੇ ਤੇ ਥਾਲੀਆਂ ਵੀ ਹੁਣ ਗੁਆਚਦੇ ਜਾ ਰਹੇ ਹਨ। ਪੰਜਾਬ ਦੇ ਪਿੰਡਾਂ ’ਚ ਹੁਣ ਕੋਈ ਸੁਆਣੀ ਫੁਲਕਾਰੀ ਨਹੀਂ ਕੱਢਦੀ, ਹਵੇਲੀਆਂ ਨੂੰ ਸ਼ਿੰਗਾਰਨ ਦੀ ਪੁਰਾਤਨ ਕਲਾ ਵੀ ਹੁਣ ਕਿੱਧਰੇ ਨਹੀਂ ਲੱਭਦੀ। ਇਹੋ ਗੱਲਾਂ ਸਨ ਕਿ ਮੈਨੂੰ ਇਹ ਅਜਾਇਬ ਘਰ ਬਣਾਉਣ ਦਾ ਖਿਆਲ ਆਇਆ ਤਾਂ ਜੋ ਸਾਡੇ ਪੇਂਡੂ ਵਿਰਸੇ ਨੂੰ ਸੰਭਾਲਿਆ ਜਾ ਸਕੇ।’’ ਡਾ. ਰੰਧਾਵਾ, ਜਿਨ੍ਹਾਂ ਨੂੰ ਪੰਜਾਬ ਦੇ ਛੇਵੇਂ ਦਰਿਆ ਵਜੋਂ ਵੀ ਯਾਦ ਕੀਤਾ ਜਾਂਦਾ ਹੈ, ਬੜੇ ਦੂਰਅੰਦੇਸ਼ ਪ੍ਰਸ਼ਾਸਕ ਸਨ ਜੋ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸਹੇਜ ਕੇ ਰੱਖਣਾ ਚਾਹੁੰਦੇ ਸਨ। ਸਮੇਂ ਦੀ ਮੁੱਠੀ ’ਚੋਂ ਰੇਤ ਵਾਂਗ ਕਿਰਦੀ ਜਾ ਰਹੀ ਤੇ ਖ਼ਤਮ ਹੋਣ ਕੰਢੇ ਪਹੁੰਚੀ ਵਿਰਾਸਤ ਨੂੰ ਕੇਵਲ ਅਜਾਇਬ ਘਰ ’ਚ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਡੈਨਮਾਰਕ ਦੀ ਆਪਣੀ ਫੇਰੀ ਦੌਰਾਨ 1970 ’ਚ ਉਨ੍ਹਾਂ ਕੋਪਨਹੈਗਨ ਨੇੜੇ ਫਰੀਲੈਂਡਮਿਊਜ਼ੀਟ ਨੇੜੇ ‘ਓਪਨ ਮਿਊਜ਼ੀਅਮ’ ਦੇਖਿਆ। ਇਸ ’ਚ ਪੁਰਾਣੇ ਪੇਂਡੂ ਘਰ, ਛੱਪਰ, ਖੇਤੀ ਸੰਦ ਤੇ ਹੋਰ ਪੁਰਾਣਾ ਸਾਮਾਨ ਸੰਭਾਲਿਆ ਹੋਇਆ ਸੀ ਜਿਸ ਤੋਂ ਡੈਨਮਾਰਕ ਦੀ ਪਿਛਲੀਆਂ ਤਿੰਨ ਸਦੀਆਂ ਦੀ ਪੇਂਡੂ ਜ਼ਿੰਦਗੀ ਦੀ ਝਲਕ ਦਿਖਦੀ ਸੀ। ਉਹ ਚਾਹੁੰਦੇ ਸਨ ਕਿ ਇਸੇ ਤਰ੍ਹਾਂ ਦਾ ਪ੍ਰਾਜੈਕਟ ਪੀਏਯੂ ’ਚ ਸਥਾਪਿਤ ਕੀਤਾ ਜਾਵੇ। ਉੱਘੇ ਲੇਖਕ ਖੁਸ਼ਵੰਤ ਸਿੰਘ ਨੇ 1974 ’ਚ ਇਸ ਦਾ ਉਦਘਾਟਨ ਕੀਤਾ ਅਤੇ ਅੱਜ 50 ਸਾਲ ਬਾਅਦ ਲੁਧਿਆਣਾ ਦੇ ਪੀਏਯੂ ਕੈਂਪਸ ’ਚ ਸਥਿਤ ਪੰਜਾਬ ਦੀ ਸੱਭਿਆਚਾਰਕ ਤੇ ਸਮਾਜਿਕ ਵਿਰਾਸਤ ਅਤੇ ਇਤਿਹਾਸ ਦੀ ਬਾਤ ਪਾਉਂਦਾ ਇਹ ਅਜਾਇਬ ਘਰ ਰੰਧਾਵਾ ਦੀ ਦੂਰਅੰਦੇਸ਼ੀ ਦੀ ਗਵਾਹੀ ਦਿੰਦਾ ਹੈ।
ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟ ਸੁਸਾਇਟੀ ਵੱਲੋਂ ਰੂਪ-ਲੇਖਾ ਦੇ 1986 ਦੇ ਅੰਕ ’ਚ ਆਰਟ ਹਿਸਟੋਰੀਅਨ ਕੰਵਰਜੀਤ ਸਿੰਘ ਕੰਗ ਦਾ ਇੱਕ ਲੇਖ ਪ੍ਰਕਾਸ਼ਿਤ ਕੀਤਾ ਗਿਆ। ਇਸ ’ਚ ਉਨ੍ਹਾਂ ਦੱਸਿਆ ਕਿ ਇਸ ਅਜਾਇਬ ਘਰ ਦੀ ਇਮਾਰਤ ਦੀ ਉਸਾਰੀ ਸਥਾਨਕ ਪੁਰਾਤਨ ਭਵਨ ਕਲਾ ਨੂੰ ਆਧਾਰ ਬਣਾ ਕੇ ਕੀਤੀ ਜਾਵੇ। ਇਸ ਮੰਤਵ ਵਾਸਤੇ ਡਾ. ਰੰਧਾਵਾ ਨੇ ਫੋਟੋਗ੍ਰਾਫਰਾਂ, ਭਵਨ ਕਲਾ ਦੇ ਮਾਹਿਰਾਂ ਅਤੇ ਇੰਜਨੀਅਰਾਂ ਦੀ ਟੀਮ ਲੈ ਕੇ ਪੰਜਾਬ ਦੇ ਪੁਰਾਣੇ ਕਸਬਿਆਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਭਦੌੜ, ਜਗਰਾਉਂ, ਰਾਹੋਂ, ਜ਼ੀਰਾ ਅਤੇ ਸੁਨਾਮ ਦਾ ਦੌਰਾ ਕੀਤਾ। ਆਖ਼ਰਕਾਰ ਇਹ ਫ਼ੈਸਲਾ ਹੋਇਆ ਕਿ ਨਵਾਂਸ਼ਹਿਰ ਨੇੜੇ ਰਾਹੋਂ ’ਚ ਸਥਿਤ 18ਵੀਂ ਸਦੀ ਦੀ ਹਵੇਲੀ ਦੇ ਆਧਾਰ ’ਤੇ ਇਸ ਦਾ ਡਿਜ਼ਾਈਨ ਤਿਆਰ ਕੀਤਾ ਜਾਵੇ। ਇਸ ਮੰਤਵ ਲਈ ਚੰਡੀਗੜ੍ਹ ਦੇ ਆਰਕੀਟੈਕਚਰ ਕਾਲਜ ਦੇ 24 ਨੌਜਵਾਨ ਆਰਕੀਟੈਕਟ ਚੁਣੇ ਗਏ। ਇਸ ਟੀਮ ’ਚ ਸ਼ਾਮਿਲ ਰਹੇ ਸੁਰਿੰਦਰ ਸਿੰਘ ਸੇਖੋਂ ਦੱਸਦੇ ਹਨ ਕਿ 1969 ’ਚ ਮੈਂ ‘ਮਾਡਲ ਵਿਲੇਜ’ ’ਤੇ ਆਧਾਰਿਤ ਆਪਣਾ ਥੀਸਿਸ ਦਿਖਾਉਣ ਲਈ ਡਾ. ਰੰਧਾਵਾ ਕੋਲ ਗਿਆ ਸੀ ਜਦੋਂ ਉਨ੍ਹਾਂ ਮੈਨੂੰ ਪੀਏਯੂ ’ਚ ਨੌਕਰੀ ਦੀ ਪੇਸ਼ਕਸ਼ ਕੀਤੀ। ਸ੍ਰੀ ਸੇਖੋਂ ਉਸ ਟੀਮ ’ਚ ਸ਼ਾਮਲ ਸਨ ਜੋ ਅਕਸਰ ਰੰਧਾਵਾ ਨਾਲ ਪੰਜਾਬ ਭਰ ’ਚ ਦੌਰੇ ’ਤੇ ਜਾਂਦੀ ਸੀ।
ਸ੍ਰੀ ਸੇਖੋਂ ਦੱਸਦੇ ਹਨ ਕਿ ਅਜਾਇਬ ਘਰ ਦੀ ਇਮਾਰਤ ਭਾਵੇਂ ਰਾਹੋਂ ਵਾਲੀ ਹਵੇਲੀ ਦਾ ਰੂਪ ਸੀ ਪਰ ਇਸ ’ਚ ਰੱਖੀਆਂ ਗਈਆਂ ਸਾਰੀਆਂ ਵਸਤਾਂ ਸੱਚਮੁੱਚ ਵਿਰਾਸਤੀ ਹਨ। ਇਨ੍ਹਾਂ ’ਚੋਂ ਕਈ ਤਾਂ ਹੁਣ 100 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ। ਪੀਏਯੂ ਦੇ ਮੁਲਾਜ਼ਮ ਤੇ ਪ੍ਰੋਫੈਸਰ ਜਦੋਂ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਪਿੰਡਾਂ ’ਚ ਜਾਂਦੇ ਸਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਅਜਿਹੀਆਂ ਪੁਰਾਤਨ ਵਸਤਾਂ ਵੀ ਲੱਭਣ ਦਾ ਯਤਨ ਕਰਨ ਜੋ 19ਵੀਂ ਸਦੀ ਦੇ ਅਖ਼ੀਰ ਜਾਂ 20ਵੀਂ ਸਦੀ ’ਚ ਵਰਤੀਆਂ ਜਾਂਦੀਆਂ ਸਨ। ਇਨ੍ਹਾਂ ’ਚ ਘਰਾਂ ਤੇ ਖੇਤਾਂ ’ਚ ਵਰਤੀਆਂ ਜਾਣ ਵਾਲੀਆਂ ਵਸਤਾਂ ਤੇ ਸੰਦਾਂ ਤੋਂ ਇਲਾਵਾ ਪੁਰਾਣੀਆਂ ਪੋਸ਼ਾਕਾਂ, ਸੰਗੀਤਕ ਸਾਜ਼, ਗਹਿਣੇ, ਸਿੱਕੇ, ਫੁਲਕਾਰੀਆਂ, ਚਰਖੇ, ਪਲੰਘ, ਪੀੜ੍ਹੇ, ਸੰਦੂਕ, ਪਰਾਤਾਂ ਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਪੰਜਾਬ ਦੀਆਂ ਪੁਰਾਣੀਆਂ ਹਵੇਲੀਆਂ ਦੀ ਸ਼ਾਨ ਨੱਕਾਸ਼ੀ ਵਾਲੇ ਦਰਵਾਜ਼ੇ, ਚੌਗਾਠਾਂ, ਖਿੜਕੀਆਂ ਅਤੇ ਛੱਤਾਂ ਵਾਲੀ ਚਿੱਤਰਕਾਰੀ ਵੀ ਇਸ ਅਜਾਇਬ ਘਰ ਵਾਸਤੇ ਚਾਹੀਦੇ ਸਨ। ਇਸ ਦੇ ਮੁੱਖ ਦੁਆਰ ਵਾਸਤੇ ਨੱਕਾਸ਼ੀ ਵਾਲਾ ਭਾਰੀ ਦਰਵਾਜ਼ਾ ਰਾਹੋਂ ਦੀ ਇੱਕ ਧਰਮਸ਼ਾਲਾ ਵਿੱਚੋਂ ਲਿਆਂਦਾ ਗਿਆ ਤੇ ਲੱਕੜ ’ਤੇ ਕੀਤੀ ਚਿੱਤਰਕਾਰੀ ਵਾਲੀ ‘ਫਾਲਸ ਸੀਲਿੰਗ’ ਸੁਨਾਮ ਦੀ 200 ਸਾਲ ਪੁਰਾਣੀ ਕਾਜ਼ੀਆਂ ਹਵੇਲੀ ਤੋਂ ਲਿਆਂਦੀ ਗਈ। ਪੀਏਯੂ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ (ਕਮਿਊਨੀਕੇਸ਼ਨ) ਰਣਜੀਤ ਸਿੰਘ ਤੰਬਰ ਨੇ ਦੱਸਿਆ ਕਿ ਡਾ. ਰੰਧਾਵਾ ਦੀਆਂ ਹਦਾਇਤਾਂ ’ਤੇ ਕਈ ਦਰਵਾਜ਼ਿਆਂ ਆਦਿ ’ਚ ਸਾਗਵਾਨ ਦੀ ਲੱਕੜ ਵੀ ਲਗਾਈ ਗਈ। ਅਜਾਇਬ ਘਰ ਦੀ ਸਥਾਪਨਾ ਦੇ ਖ਼ਿਆਲ ਅਤੇ ਇਸ ਦੀ ਉਸਾਰੀ ਹੋ ਜਾਣ ਦੇ ਹਰ ਪੜਾਅ ਤੱਕ ਰੰਧਾਵਾ ਵੱਲੋਂ ਕੀਤੀ ਮਿਹਨਤ ਤੇ ਇਸ ਪ੍ਰਤੀ ਲਗਾਅ ਸਾਫ਼ ਨਜ਼ਰ ਆਉਂਦਾ ਹੈ। ਉਹ ਅਕਸਰ ਦਿਨ ’ਚ ਤਿੰਨ ਵਾਰ ਇਸ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ ਲੈਣ ਜਾਂਦੇ ਸਨ।
ਉਨ੍ਹਾਂ 1971 ਵਿੱਚ ਸੇਖੋਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ’ਜ਼ ਦੇ ਸਹਿ-ਸੰਸਥਾਪਕ ਗੌਤਮ ਸਾਰਾਭਾਈ ਦੇ ਘਰ ਅਤੇ ਅਹਿਮਦਾਬਾਦ ਦੇ ਹੈਂਡੀਕਰਾਫਟਸ ਮਿਊਜ਼ੀਅਮ ਦਾ ਜਾਇਜ਼ਾ ਲੈਣ ਲਈ ਭੇਜਿਆ। ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਦੇ ਪਹਿਲੇ ਡਾਇਰੈਕਟਰ ਜਨਰਲ ਡਾ. ਬੀਪੀ ਪਾਲ ਨੇ 1972 ’ਚ ਆਪਣੀ ਮਰਹੂਮ ਭੈਣ ਰੰਪਾ ਪਾਲ ਵੱਲੋਂ ਇਕੱਤਰ ਕੀਤੀਆਂ ਫੁਲਕਾਰੀਆਂ ਬਾਰੇ ਸਲਾਹ ਮੰਗੀ। ਉਹ ਇਨ੍ਹਾਂ ’ਚੋਂ ਕੁਝ ਅਜਾਇਬ ਘਰ ਨੂੰ ਦਾਨ ਦੇਣੀਆਂ ਚਾਹੁੰਦੇ ਸਨ। ਉਨ੍ਹਾਂ ਦਾ ਖ਼ਿਆਲ ਸੀ ਕਿ ਬਾਕੀ ਕੁਝ ਫੁਲਕਾਰੀਆਂ ਵੇਚ ਦਿੱਤੀਆਂ ਜਾਣ ਤੇ ਉਸ ਰਕਮ ਨਾਲ ਲੋੜਵੰਦ ਔਰਤਾਂ ਦੀ ਮਦਦ ਕੀਤੀ ਜਾਵੇ। ਡਾ. ਰੰਧਾਵਾ ਨੇ ਉਨ੍ਹਾਂ ਨੂੰ ਮਨਾਇਆ ਕਿ ਉਹ ਸਾਰੀਆਂ ਫੁਲਕਾਰੀਆਂ ਅਜਾਇਬ ਘਰ ਨੂੰ ਦੇ ਦੇਣ ਅਤੇ ਫਿਰ ਫੁਲਕਾਰੀਆਂ ਵਾਲਾ ਇਹ ਹਿੱਸਾ ਉਨ੍ਹਾਂ ਦੀ ਭੈਣ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਜਦੋਂ ਅਜਾਇਬ ਘਰ ਦੀ ਇਮਾਰਤ ਤਿਆਰ ਹੋਣ ਵਾਲੀ ਸੀ ਤਾਂ ‘ਦਿ ਟ੍ਰਿਬਿਊਨ’ ਤੇ ਹੋਰ ਭਾਸ਼ਾਈ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਂਭਣਯੋਗ ਵਿਰਾਸਤੀ ਵਸਤਾਂ ਦਾਨ ਕਰਨ। ਪ੍ਰਸ਼ਾਸਕੀ ਸਹਿਯੋਗੀਆਂ ਤੇ ਦੋਸਤਾਂ ਨੇ ਵੀ ਇਸ ’ਚ ਮਦਦ ਦਿੱਤੀ। ਅਜਾਇਬ ਘਰ ਦਾ ਨੀਂਹ ਪੱਥਰ ਪਹਿਲੀ ਮਾਰਚ 1971 ਨੂੰ ਰੱਖਿਆ ਗਿਆ ਸੀ ਅਤੇ 30 ਨਵੰਬਰ 1973 ਨੂੰ ਇਸ ਦੀ ਉਸਾਰੀ ਮੁਕੰਮਲ ਹੋਈ ਜਿਸ ’ਚ ਹੁਨਰਮੰਦ ਕਾਰੀਗਰਾਂ ਨੇ ਯੋਗਦਾਨ ਦਿੱਤਾ ਅਤੇ ਪੁਰਾਣੀਆਂ ਹਵੇਲੀਆਂ ਦੇ ਨਕਸ਼ ਹੂਬਹੂ ਘੜੇ ਗਏ। ਡਾ. ਰੰਧਾਵਾ ਦਾ ਮੰਤਵ ਸੀ ਕਿ ਇਹ ਅਜਾਇਬ ਘਰ ਜਿੱਥੇ ਪੰਜਾਬ ਦੀ ਲੋਪ ਹੁੰਦੀ ਵਿਰਾਸਤ ਨੂੰ ਸੰਭਾਲ ਕੇ ਰੱਖੇਗਾ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਸੱਭਿਆਚਾਰ, ਖੇਤੀ ਦੇ ਤਰੀਕਿਆਂ ਅਤੇ ਰਵਾਇਤੀ ਜੀਵਨ ਸ਼ੈਲੀ ਬਾਰੇ ਪ੍ਰਮਾਣਿਕ ਜਾਣਕਾਰੀ ਦੇਣ ’ਚ ਵੀ ਸਹਾਈ ਹੋਵੇਗਾ।
ਸੰਪਰਕ: 98155-51458