ਹੇਮਕੁੰਟ ਸਾਹਿਬ ਅਤੇ ਬਦਰੀਨਾਥ ਯਾਤਰਾ ਅੱਜ ਮੁੜ ਸ਼ੁਰੂ ਹੋਣ ਦੀ ਸੰਭਾਵਨਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 11 ਜੁਲਾਈ
ਉੱਤਰਾਖੰਡ ਵਿੱਚ ਜੋਸ਼ੀਮੱਠ ਨੇੜੇ ਪਹਾੜ ਖਿਸਕਣ ਕਾਰਨ ਸ੍ਰੀ ਹੇਮਕੁੰਟ ਸਾਹਿਬ ਅਤੇ ਬਦਰੀਨਾਥ ਯਾਤਰਾ ਫਿਲਹਾਲ ਰੁਕੀ ਹੋਈ ਹੈ। ਇਸ ਕਾਰਨ ਦੋਵੇਂ ਪਾਸੇ ਸ਼ਰਧਾਲੂ ਫਿਲਹਾਲ ਵੱਖ-ਵੱਖ ਥਾਵਾਂ ’ਤੇ ਰੁਕੇ ਹੋਏ ਹਨ ਅਤੇ ਸੁਰੱਖਿਅਤ ਹਨ, ਜੋ ਸੜਕੀ ਆਵਾਜਾਈ ਮੁੜ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਪ੍ਰਬੰਧਕਾਂ ਨੇ 12 ਜੁਲਾਈ ਨੂੰ ਸੜਕੀ ਆਵਾਜਾਈ ਬਹਾਲ ਹੋਣ ਦੀ ਉਮੀਦ ਪ੍ਰਗਟਾਈ ਹੈ। ਜੋਸ਼ੀਮੱਠ ਤੋਂ ਲਗਪਗ 500 ਮੀਟਰ ਪਹਿਲਾਂ ਵੱਡਾ ਪਹਾੜ ਡਿੱਗਣ ਕਾਰਨ ਸੜਕੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਹੋ ਗਈ ਸੀ। ਪਿਛਲੇ ਦਿਨ ਤੋਂ ਸੜਕੀ ਆਵਾਜਾਈ ਮੁੜ ਸ਼ੁਰੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਪਹਾੜ ਦਾ ਮਲਬਾ ਵੀ ਖਿਸਕ ਰਿਹਾ ਹੈ। ਇਸ ਕਾਰਨ ਸੜਕੀ ਆਵਾਜਾਈ ਸ਼ੁਰੂ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਵੇਲੇ ਗੁਰਦੁਆਰਾ ਗੋਬਿੰਦ ਘਾਟ ਅਤੇ ਜੋਸ਼ੀ ਮੱਠ ਵਿਖੇ ਲਗਪਗ 3000 ਯਾਤਰੂ ਰੁਕੇ ਹੋਏ ਹਨ। ਇਨ੍ਹਾਂ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਅਤੇ ਬਦਰੀਨਾਥ ਧਾਮ ਦੀ ਯਾਤਰਾ ਕਰਕੇ ਵਾਪਸ ਪਰਤਣ ਵਾਲੇ ਸ਼ਰਧਾਲੂ ਸ਼ਾਮਲ ਹਨ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਠਹਿਰੇ ਹੋਏ ਸਾਰੇ ਸ਼ਰਧਾਲੂ ਸੁਰੱਖਿਅਤ ਹਨ। ਗੁਰਦੁਆਰਾ ਗੋਬਿੰਦ ਘਾਟ ਵਿੱਚ ਲਗਪਗ 1000 ਤੋਂ ਵੱਧ ਸ਼ਰਧਾਲੂ ਰੁਕੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਲਕੇ ਸੜਕੀ ਆਵਾਜਾਈ ਬਹਾਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਸੜਕ ਤੋਂ ਕਾਫੀ ਹੱਦ ਤੱਕ ਮਲਬਾ ਹਟਾਇਆ ਗਿਆ ਹੈ। ਅੱਜ 200 ਤੋਂ ਵੱਧ ਯਾਤਰੀ ਮਲਬੇ ਨੂੰ ਪਾਰ ਕਰਕੇ ਦੂਜੇ ਪਾਸੇ ਗਏ ਹਨ ਅਤੇ ਘਰਾਂ ਨੂੰ ਪਰਤ ਗਏ ਹਨ। ਇਨ੍ਹਾਂ ਵਿੱਚ ਵਧੇਰੇ ਦੋਪਹੀਆ ਵਾਹਨ ਚਾਲਕ ਹਨ। ਜ਼ਿਕਰਯੋਗ ਹੈ ਕਿ ਵੱਡਾ ਪਹਾੜ ਡਿੱਗਣ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਦੇ ਵਾਇਰਲ ਹੋਣ ਮਗਰੋਂ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਯਾਤਰਾ ’ਤੇ ਗਏ ਹੋਏ ਸਨ, ਉਹ ਚਿੰਤਾ ਵਿੱਚ ਹਨ।