ਜਥੇਦਾਰ ਨੇ ਰੋਕ ਨੂੰ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਦੱਸਿਆ
* ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਮਾਮਲਾ ਸਬੰਧਤ ਮੰਤਰਾਲਿਆਂ ਨਾਲ ਵਿਚਾਰਨ ਦੇ ਨਿਰਦੇਸ਼ ਦਿੱਤੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਨਵੰਬਰ
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਵਲੋਂ ਦੇਸ਼ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਸੇਵਾਵਾਂ ਵਿਚ ਤਾਇਨਾਤ ਅੰਮ੍ਰਿਤਧਾਰੀ ਕਰਮਚਾਰੀਆਂ ਦੇ ਕਿਰਪਾਨ ਪਹਿਨਣ ’ਤੇ ਲਾਈ ਪਾਬੰਦੀ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਸੰਪਰਕ ਕਰਕੇ ਇਸ ਪਾਬੰਦੀ ਖਿਲਾਫ਼ ਢੁੱਕਵੀ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਸਦੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਕਕਾਰ ਵਜੋਂ ਦਿੱਤੀ ਗਈ ਹੈ, ਜੋ ਸਿੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਲਿਹਾਜ਼ਾ ਭਾਰਤ ਦੇ ਹਵਾਈ ਅੱਡਿਆਂ ’ਤੇ ਨੌਕਰੀ ਕਰਨ ਵਾਲੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਤੋਂ ਰੋਕਣਾ ਜਿੱਥੇ ਅਸਿੱਧੇ ਤੌਰ ’ਤੇ ਸਿੱਖਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਕਰਨ ਦੇ ਤੁਲ ਹੈ, ਉੱਥੇ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਸਿੱਧਾ ਤੇ ਅਸਹਿਣਯੋਗ ਹਮਲਾ ਹੈ।
ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤਾ ਕਿ ਫੌਰੀ ਭਾਰਤ ਦੇ ਗ੍ਰਹਿ ਮੰਤਰਾਲੇ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਇਸ ਪਾਬੰਦੀ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਜਲਦ ਹੀ ਭਾਰਤ ਸਰਕਾਰ ਦੇ ਨਾਲ ਇਸ ਸਬੰਧੀ ਗੱਲਬਾਤ ਕਰਕੇ ਹਵਾਈ ਅੱਡਿਆਂ ’ਤੇ ਨੌਕਰੀ ਕਰਦੇ ਅੰਮ੍ਰਿਤਧਾਰੀ ਕਰਮਚਾਰੀਆਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਦਿਵਾਉਣ ਸਬੰਧੀ ਇਕ ਉੱਚ ਪੱਧਰੀ ਵਫਦ ਬਣਾ ਕੇ ਭੇਜਿਆ ਜਾਵੇ।
ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਜਾਰੀ ਕੀਤਾ ਸੀ ਸਰਕੁਲਰ
ਭਾਰਤ ਦੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਪਿਛਲੇ ਦਿਨੀਂ ਦੇਸ਼ ਦੇ ਹਵਾਈ ਅੱਡਿਆਂ ’ਤੇ ਸੁਰੱਖਿਆ ਸਬੰਧੀ ਸਰਕੁਲਰ ਜਾਰੀ ਕੀਤਾ ਹੈ। ਇਸ ਵਿਚ ਭਾਰਤ ਦੇ ਹਵਾਈ ਅੱਡਿਆਂ ’ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਕਿਰਪਾਨ ਧਾਰਨ ਕਰਕੇ ਡਿਊਟੀ ਨਹੀਂ ਕਰ ਸਕਦੇ ਜਦੋਂਕਿ ਸਿੱਖ ਯਾਤਰੂਆਂ ’ਤੇ ਅਜਿਹੀ ਕੋਈ ਰੋਕ ਨਹੀਂ ਹੈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਦੇ ਸਬੰਧਤ ਵਿਭਾਗ ਨੂੰ ਪੱਤਰ ਭੇਜਿਆ ਸੀ, ਪਰ ਹੁਣ ਤਕ ਕੇਂਦਰ ਸਰਕਾਰ ਵਲੋਂ ਕੋਈ ਜਵਾਬ ਨਹੀਂ ਆਇਆ ਹੈ।