ਹੇਮੰਤ ਸੋਰੇਨ ਦੀ ਪਤਨੀ ਕਲਪਨਾ ਵੱਲੋਂ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ
ਨਵੀਂ ਦਿੱਲੀ, 30 ਮਾਰਚ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਨੇ ਅੱਜ ਇੱਥੇ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਇਸ ਲੜਾਈ ਨੂੰ ਲੰਮੀ ਲਿਜਾਣ ਦਾ ਸੰਕਲਪ ਪ੍ਰਗਟਾਇਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ 6 ਫਲੈਗਸਟਾਫ ਰੋਡ ’ਤੇ ਸਥਿਤ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸੁਨੀਤਾ ਕੇਜਰੀਵਾਲ ਨਾਲ ਗੱਲਬਾਤ ਕੀਤੀ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲਪਨਾ ਨੇ ਕਿਹਾ, ‘‘ਮੈਂ ਇੱਥੇ ਸੁਨੀਤਾ ਜੀ ਨਾਲ ਦੁੱਖ-ਦਰਦ ਵੰਡਾਉਣ ਆਈ ਹਾਂ। ਉਨ੍ਹਾਂ ਆਪਣੀ ਹੱਡਬੀਤੀ ਸੁਣਾਈ। ਅਸੀਂ ਦੋਵਾਂ ਨੇ ਸੰਕਲਪ ਲਿਆ ਕਿ ਇਸ ਲੜਾਈ ਨੂੰ ਦੂਰ ਤੱਕ ਲੈ ਕੇ ਜਾਣਾ ਹੈ। ਪੂਰਾ ਝਾਰਖੰਡ ਅਰਵਿੰਦ ਕੇਜਰੀਵਾਲ ਨਾਲ ਖੜ੍ਹਾ ਹੈ।’’ ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਜੋ ਕੁੱਝ ਝਾਰਖੰਡ ਵਿੱਚ ਵਾਪਰਿਆ ਸੀ, ਉਹੀ ਦਿੱਲੀ ਵਿੱਚ ਦੁਹਰਾਇਆ ਜਾ ਰਿਹਾ ਹੈ। ਦੋਵਾਂ ਥਾਵਾਂ ’ਤੇ ਸਥਿਤੀ ਇੱਕੋ-ਜਿਹੀ ਹੈ। ਉਨ੍ਹਾਂ ਕਿਹਾ, ‘‘ਮੇਰੇ ਪਤੀ ਹੇਮੰਤ ਜੀ ਜੇੇਲ੍ਹ ਭੇਜੇ ਗਏ ਅਤੇ ਅਰਵਿੰਦ ਕੇਜਰੀਵਾਲ ਸਰ ਵੀ ਹਿਰਾਸਤ ਵਿੱਚ ਹਨ। ਝਾਰਖੰਡ ਤੇ ਦਿੱਲੀ ਦੀ ਸਥਿਤੀ ਬਰਾਬਰ ਹੈ।’’ ਕਲਪਨਾ ਨੇ ਕਿਹਾ ਕਿ ਉਹ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੂੰ ਮਿਲ ਕੇ ਝਾਰਖੰਡ ਦੀ ਸਥਿਤੀ ਬਾਰੇ ਜਾਣੂ ਕਰਵਾਉਣਗੇ। ਕਲਪਨਾ ਸੋਰੇਨ ਤੋਂ ਇਲਾਵਾ ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ ਦਾ ਭਲਕੇ ‘ਇੰਡੀਆ’ ਗੱਠਜੋੜ ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। -ਪੀਟੀਆਈ