ਹੇਮੰਤ ਸੋਰੇਨ ਦੇ ਹਲਫ਼ਦਾਰੀ ਸਮਾਗਮ ’ਚ ‘ਇੰਡੀਆ’ ਗੱਠਜੋੜ ਦੇ ਸੀਨੀਅਰ ਆਗੂ ਹੋ ਸਕਦੇ ਨੇ ਸ਼ਾਮਲ
ਰਾਂਚੀ, 25 ਨਵੰਬਰ
ਕਾਂਗਰਸ ਦੇ ਰਾਹੁਲ ਗਾਂਧੀ ਤੇ ਰਾਸ਼ਟਰੀ ਜਨਤ ਦਲ ਦੇ ਤੇਜਸਵੀ ਯਾਦਵ ਸਮੇਤ ‘ਇੰਡੀਆ’ ਗੱਠਜੋੜ ਦੇ ਸੀਨੀਅਰ ਆਗੂ 28 ਨਵੰਬਰ ਨੂੰ ਹੇਮੰਤ ਸੋਰੇਨ ਸਰਕਾਰ ਦੇ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਜਾਣਕਾਰੀ ਅੱਜ ਕਾਂਗਰਸ ਦੇ ਸੀਨੀਅਰ ਆਗੂ ਨੇ ਦਿੱਤੀ ਹੈ। ਹੇਮੰਤ ਸੋਰੇਨ ਦੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਾਲੇ ਗੱਠਜੋੜ ਨੇ ਸ਼ਨਿਚਰਵਾਰ ਨੂੰ ਝਾਰਖੰਡ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ 81 ਮੈਂਬਰੀ ਵਿਧਾਨ ਸਭਾ ਵਿੱਚ 56 ਸੀਟਾਂ ਜਿੱਤ ਕੇ ਲਗਾਤਾਰ ਦੂਜੀ ਵਾਰ ਸੱਤਾ ਹਾਸਲ ਕੀਤੀ ਹੈ, ਜਦਕਿ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੂੰ ਸਿਰਫ਼ 24 ਸੀਟਾਂ ਮਿਲ ਸਕੀਆਂ। ਸੋਰੇਨ ਨੇ ਬਰਹਾਟ ਸੀਟ ਤੋਂ ਭਾਜਪਾ ਦੇ ਗਮਲੀਅਲ ਹੇਮਬਰਮ ਨੂੰ 39,791 ਵੋਟਾਂ ਨਾਲ ਹਰਾਇਆ।
ਕਾਂਗਰਸ ਆਗੂ ਨੇ ਦੱਸਿਆ, ‘‘ਮੋਰਹਾਬਾਦੀ ਮੈਦਾਨ ਵਿੱਚ 28 ਨਵੰਬਰ ਨੂੰ ਹੋਣ ਵਾਲੇ ਹਲਫ਼ਦਾਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ‘ਇੰਡੀਆ’ ਦੇ ਸਾਰੇ ਅਹਿਮ ਆਗੂਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਸਮਾਰੋਹ ਵਿਚ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। -ਪੀਟੀਆਈ