ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ ਹੇਮੰਤ ਸੋਰੇਨ
ਨਵੀਂ ਦਿੱਲੀ, 6 ਮਈ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਈਡੀ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਝਾਰਖੰਡ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚ ਗਏ ਹਨ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅੱਜ ਚੀਫ਼ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਅੱਗੇ ਪੇਸ਼ ਹੋ ਕੇ ਇਸ ਮਸਲੇ ’ਤੇ ਫੌਰੀ ਸੁਣਵਾਈ ਦੀ ਮੰਗ ਕੀਤੀ। ਸੋਰੇਨ ਦੀ ਜ਼ਮਾਨਤ ਅਰਜ਼ੀ ’ਤੇ 7 ਮਈ ਨੂੰ ਸੁਣਵਾਈ ਹੋ ਸਕਦੀ ਹੈ।
ਸਿੱਬਲ ਨੇ ਦਲੀਲ ਦਿੱਤੀ ਕਿ ਝਾਰਖੰਡ ਵਿਚ ਲੋਕ ਸਭਾ ਚੋਣਾਂ ਲਈ 13 ਮਈ ਨੂੰ ਵੋਟਾਂ ਪੈਣੀਆਂ ਹਨ ਤੇ ਸੋਰੇਨ ਨੂੰ ਆਪਣੀ ਪਾਰਟੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਲਈ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਸਿੱਬਲ ਨੇ ਕਿਹਾ, ‘‘ਹੇਮੰਤ ਸੋਰੇਨ ਨੂੰ 31 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸੀਂ 4 ਫਰਵਰੀ ਨੂੰ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਹਾਈ ਕੋਰਟ ਨੇ 28 ਫਰਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਪਰ ਫੈਸਲਾ ਨਹੀਂ ਦਿੱਤਾ। ਹਾਈ ਕੋਰਟ ਨੇ ਲੰਮਾ ਸਮਾਂ ਫੈਸਲਾ ਬਕਾਇਆ ਰੱਖਿਆ।’’ ਸਿੱਬਲ ਨੇ ਕਿਹਾ, ‘‘ਝਾਰਖੰਡ ਵਿਚ ਪਹਿਲੇ ਗੇੜ ਦੀਆਂ ਚੋਣਾਂ 13 ਮਈ ਨੂੰ ਸ਼ੁਰੂ ਹੋਣਗੀਆਂ ਤੇ ਇਸ ਲਈ ਅਸੀਂ ਸੰਵਿਧਾਨ ਦੀ ਧਾਰਾ 32 ਤਹਿਤ ਕੋਰਟ ਦਾ ਰੁਖ਼ ਕੀਤਾ ਸੀ, ਅਤੇ ਪਿਛਲੇ ਹਫਤੇ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਮਗਰੋਂ ਹਾਈ ਕੋਰਟ ਨੇ ਸੋਰੇਨ ਦੀ ਪਟੀਸ਼ਨ ਰੱਦ ਕਰਨ ਦਾ ਫੈਸਲਾ ਦਿੱਤਾ। ਅਧਿਕਾਰਾਂ ਨੂੰ ਇਸ ਤਰ੍ਹਾਂ ਮਧੋਲਣਾ ਮੰਦਭਾਗਾ ਹੈ।’’ ਬੈਂਚ, ਜਿਸ ਵਿਚ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸਨ, ਨੇ ਕਿਹਾ ਕਿ ਉਹ ਅਪੀਲ ’ਤੇ ਗੌਰ ਕਰਨਗੇ ਤੇ ਸੋਰੇਨ ਦੀ ਅੰਤਰਿਮ ਜ਼ਮਾਨਤ ਅਰਜ਼ੀ ’ਤੇ 7 ਮਈ ਨੂੰ ਸੁਣਵਾਈ ਕੀਤੀ ਜਾ ਸਕਦੀ ਹੈ। ਇਸ ਦੌਰਾਨ ਸੋਰੇਨ, ਜੋ ਅੱਜ ਰਾਮਗੜ੍ਹ ਵਿਚਲੇ ਆਪਣੇ ਜੱਦੀ ਪਿੰਡ ਨੇਮਰਾ ਵਿਚ ਰਿਸ਼ਤੇਦਾਰ ਰਾਜਾਰਾਮ ਸੋਰੇਨ ਦੀ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ, ਨੇ ਉੱਘੇ ਕਵੀ ਨਫ਼ਾਸ ਅੰਬਾਲਵੀ ਦੀਆਂ ਕੁਝ ਸਤਰਾਂ ਦੇ ਹਵਾਲੇ ਨਾਲ ਭਾਜਪਾ ਨੂੰ ਨਿਸ਼ਾਨਾ ਬਣਾਇਆ। ਸੋਰੇਨ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਉਸੇ ਗੁਮਾਨ ਹੈ ਕਿ ਮੇਰੀ ਉਡਾਨ ਕੁਛ ਕਮ ਹੈ, ਮੁਝੇ ਯਕੀਨ ਹੈ ਕਿ ਯੇ ਆਸਮਾਨ ਕੁਛ ਕਮ ਹੈ।’’ ਸੋਰੇਨ ਨੇ ਇਨ੍ਹਾਂ ਸਤਰਾਂ ਦੇ ਨਾਲ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ। -ਪੀਟੀਆਈ
ਆਬਕਾਰੀ ਮਾਮਲਾ: ਕਵਿਤਾ ਨੂੰ ਨਾ ਮਿਲੀ ਰਾਹਤ
ਨਵੀਂ ਦਿੱਲੀ: ਇਥੋਂ ਦੀ ਇਕ ਅਦਾਲਤ ਨੇ ਆਬਕਾਰੀ ਨੀਤੀ ਘੁਟਾਲੇ ’ਚ ਘਿਰੀ ਬੀਆਰਐੱਸ ਆਗੂ ਕੇ. ਕਵਿਤਾ ਵੱਲੋਂ ਦਾਖ਼ਲ ਜ਼ਮਾਨਤ ਅਰਜ਼ੀਆਂ ਅੱਜ ਖਾਰਜ ਕਰ ਦਿੱਤੀਆਂ। ਸੀਬੀਆਈ ਅਤੇ ਈਡੀ ਲਈ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਅਰਜ਼ੀਆਂ ਖਾਰਜ ਕਰਦਿਆਂ ਕਿਹਾ ਕਿ ਮੁੱਢਲੀ ਨਜ਼ਰ ’ਚ ਮੁਲਜ਼ਮ ਖ਼ਿਲਾਫ਼ ਢੁੱਕਵੇਂ ਸਬੂਤ ਹਨ। ਜੱਜ ਨੇ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਫਿਰ ਵੀ ਉਹ ਕੇਸ ਦੇ ਹੋਰ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਸਕਦੀ ਹੈ, ਜਿਸ ਕਾਰਨ ਅਜਿਹੇ ਮੁਕਾਮ ’ਤੇ ਜ਼ਮਾਨਤ ’ਤੇ ਰਿਹਾਅ ਕਰਨਾ ਮੁਸ਼ਕਲ ਹੈ। -ਪੀਟੀਆਈ