ਸਲਾਮ ਜ਼ਿੰਦਗੀ
ਮਨਸ਼ਾ ਰਾਮ ਮੱਕੜ
ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਕੰਪਲੈਕਸ ਬਾਹਰ 1968 ਤੋਂ ਟਾਈਪਿਸਟ ਵਜੋਂ ਕੰਮ ਕਰਦਾ ਹਾਂ। ਆਸ-ਪਾਸ ਤੋਂ ਬਹੁਤ ਲੋਕ ਆਪਣੇ ਘਰੇਲੂ ਤੇ ਜਾਇਦਾਦ ਵਗੈਰਾ ਦੇ ਮਸਲਿਆਂ ਸਬੰਧੀ ਮੇਰੇ ਤੋਂ ਅਰਜ਼ੀਆਂ ਟਾਈਪ ਕਰਵਾਉਣ ਲਈ ਇਹ ਸੋਚ ਕੇ ਆਉਂਦੇ ਰਹਿੰਦੇ ਹਨ ਕਿ ਇਹ ਵੱਡੀ ਉਮਰ ਦਾ ਤੇ ਜ਼ਿੰਦਗੀ ਦੇ ਤਜਰਬੇ ਵਾਲਾ ਹੈ, ਸਹੀ ਢੰਗ ਤਰੀਕੇ ਨਾਲ ਅਰਜ਼ੀ ਲਿਖ ਦੇਵੇਗਾ। ਇੱਕ ਦਿਨ ਦੁਕਾਨ ’ਤੇ ਦਸ ਕੁ ਵਜੇ ਕੰਮ ਸ਼ੁਰੂ ਕੀਤਾ ਤਾਂ ਮੇਰੀ ਉਮਰ ਤੋਂ ਵੱਡਾ ਨਜ਼ਰ ਆਉਂਦਾ ਇੱਕ ਵਿਅਕਤੀ ਆਇਆ। ਉਹ ਬੈਠ ਕੇ ਆਪਣੀ ਸਮੱਸਿਆ ਦੱਸਣ ਹੀ ਲੱਗਿਆ ਸੀ ਕਿ ਇੱਕ ਹੋਰ ਵਿਅਕਤੀ ਉਸੇ ਉਮਰ ਦਾ ਆਇਆ। ਆਉਣ ਵਾਲੇ ਨੇ ਆਪਣੀ ਮੋਟੇ ਫਰੇਮ ਵਾਲੀ ਐਨਕ ਨੂੰ ਸਹੀ ਕਰਦਿਆਂ ਬੈਠੇ ਵਿਅਕਤੀ ਨੂੰ ਨੀਝ ਨਾਲ ਵੇਖਿਆ ਤੇ ਪੁੱਛਿਆ, ‘‘ਤੂੰ ਸੁੰਦਰ ਸੰਧੂ ਹੈ,’’ ਤਾਂ ਬੈਠੇ ਵਿਅਕਤੀ ਨੇ ਉਸ ਨੂੰ ਕਿਹਾ, ‘‘ਸਹੀ ਪਛਾਣਿਆ, ਤੇ ਤੂੰ ਕਿਰਪਾਲ ਸਿੰਘ ਲੱਗਦੈਂ ਆਵਾਜ਼ ਤੋਂ।’’ ‘‘ਆਹੋ’’, ਦੋਵੇਂ ਇੱਕ ਦੂਜੇ ਨੂੰ ਪਛਾਣ ਕੇ ਬੜੇ ਖ਼ੁਸ਼ ਹੋ ਕੇ ਬਗਲਗੀਰ ਹੋਏੇ। ਦੋਵਾਂ ਨੇ ਇੱਕ ਦੂਜੇ ਦਾ ਅਤੇ ਪਰਿਵਾਰਾਂ ਦੇ ਜੀਆਂ ਦਾ ਹਾਲ ਚਾਲ ਪੁੱਛਿਆ। ਉਹ ਅਰਜ਼ੀਆਂ ਲਿਖਾਉਣੀਆਂ ਭੁੱਲ ਗਏ ਤੇ 50-60 ਸਾਲ ਪਿੱਛੇ ਪਹੁੰਚ ਗਏ। ਉਨ੍ਹਾਂ ਦੀਆਂ ਗੱਲਾਂ ਮੁੱਕਣ ਵਿੱਚ ਨਹੀਂ ਆ ਰਹੀਆਂ ਸਨ। ਢੇਰ ਸਾਰੀਆਂ ਗੱਲਾਂ ਸੁਣਨ ਤੋਂ ਪਤਾ ਲਗਿਆ ਕਿ ਉਹ ਇਕੱਠੇ ਪੜ੍ਹਦੇ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਪਰਿਵਾਰ ਰਾਜਸਥਾਨ ਜਾ ਵੱਸਿਆ ਸੀ, ਉਹ ਆਪਣੀ ਇੱਥੋਂ ਦੀ ਜਾਇਦਾਦ ਦੇ ਸਬੰਧ ਵਿੱਚ ਕੋਈ ਪੁਰਾਣਾ ਰਿਕਾਰਡ ਕਚਹਿਰੀ ਤੋਂ ਲੈਣ ਆਇਆ ਸੀ। ਮੇਰੀ ਦੁਕਾਨ ’ਤੇ ਇਨ੍ਹਾਂ ਦਾ ਸਬੱਬੀਂ ਮੇਲ ਹੋ ਗਿਆ। ਮੈਂ ਵੇਖਿਆ ਕਿ ਉਹ ਜਿਹੜੇ ਕੰਮਾਂ ਲਈ ਆਏ ਸਨ ਉਨ੍ਹਾਂ ਨੂੰ ਭੁੱਲ ਕੇ ਆਪਣੀਆਂ ਗੱਲਾਂ ਵਿੱਚ ਮਸਤ ਸਨ। ਮੇਰਾ ਵੀ ਸਾਰਾ ਧਿਆਨ ਉਨ੍ਹਾਂ ਦੀਆਂ ਗੱਲਾਂ ਵੱਲ ਹੋ ਗਿਆ। ਪਹਿਲਾਂ ਬੈਠੇ ਹੋਏ ਵਿਅਕਤੀ ਸੁੰਦਰ ਸੰਧੂ ਨੇ ਆਪਣੇ ਘਰ ਦੀ ਗੱਲ ਛੋਹ ਲਈ ਕਿ ਉਸ ਦੀ ਪਤਨੀ ਹਰਬੰਸ ਕੌਰ ਨੂੰ ਹਾਰਟ ਅਟੈਕ ਆ ਗਿਆ ਸੀ। ਛੇਤੀ ਪਤਾ ਲੱਗ ਜਾਣ ਕਰਕੇ ਉਸ ਦੀ ਬਾਈਪਾਸ ਸਰਜਰੀ ਹੋ ਗਈ ਤੇ ਉਸ ਦੀ ਜਾਨ ਬਚ ਗਈ। ‘‘ਬਾਈਪਾਸ ਸਰਜਰੀ ਕਿੱਥੋਂ ਕਰਵਾਈ?’’ਕਿਰਪਾਲ ਸਿੰਘ ਨੇ ਪੁੱਛਿਆ। ‘‘ਮੇਰੀ ਪੋਤਰੀ ਨੇ ਹੀ ਬਠਿੰਡਾ ਹਸਪਤਾਲ ’ਚ ਕੀਤੀ ਸੀ।’’ ‘‘ ਹੈਂ, ਤੇਰੀ ਪੋਤਰੀ ਡਾਕਟਰ ਬਣਗੀ?’’ ‘‘ਆਹੋ,’’ ਤੇ ਸੁੰਦਰ ਸੰਧੂ ਨੇ ਦੱਸਣਾ ਸ਼ੁਰੂ ਕੀਤਾ ਕਿ ਉਸ ਦਾ ਪੁੱਤ ਬੈਂਕ ਵਿੱਚ ਨੌਕਰੀ ਕਰਦਾ ਹੈ, ਉਸ ਦਾ ਵਿਆਹ ਵੀ ਇੱਕ ਪੜ੍ਹੀ ਲਿਖੀ ਸਰਕਾਰੀ ਅਧਿਆਪਕਾ ਨਾਲ ਹੋ ਗਿਆ। ਭਾਵੇਂ ਹਰਬੰਸ ਕੌਰ ਵੀ ਪੜ੍ਹੀ ਲਿਖੀ ਹੈ, ਉਸ ਨੂੰ ਪਤਾ ਵੀ ਹੈ ਕਿ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਫਿਰ ਵੀ ਉਸ ਦੀ ਖ਼ਾਹਿਸ਼ ਸੀ ਕਿ ਉਨ੍ਹਾਂ ਦੇ ਘਰ ਪਹਿਲਾਂ ਪੋਤਰਾ ਆਵੇ। ਉਹ ਆਨੇ-ਬਹਾਨੇ ਘਰੇ ਨੂੰਹ-ਪੁੱਤਰ ਨੂੰ ਸੁਣਾਉਂਦੀ ਰਹਿੰਦੀ ਕਿ ਉਸ ਨੂੰ ਤਾਂ ਪਹਿਲਾਂ ਪੋਤਰਾ ਚਾਹੀਦੈ। ਮੇਰੇ ਨੂੰਹ ਪੁੱਤਰ ਅਤੇ ਮੈਂ ਵੀ ਉਸ ਨੂੰ ਕਹਿਣਾ ਕਿ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ। ਇਹ ਆਪਣੇ ਵੱਸ ਨਹੀਂ ਜੋ ਕੁਦਰਤ ਸਾਨੂੰ ਦੇਵੇਗੀ, ਉਹੀ ਜੀਅ ਆਵੇਗਾ ਅਤੇ ਸਾਨੂੰ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ ਪਰ ਉਹ ਆਪਣਾ ਪੋਤੇ ਦਾ ਰਾਗ ਅਲਾਪਦੀ ਰਹਿੰਦੀ।
ਤਿੰਨ ਕੁ ਮਹੀਨਿਆਂ ਬਾਅਦ ਮੇਰੀ ਘਰ ਵਾਲੀ ਨੇ ਦੱਸਿਆ ਕਿ ਨੂੰਹ ਦੇ ਦਿਨ ਟੱਪੇ ਹਨ, ਘਰ ਵਿੱਚ ਸਾਰੇ ਖ਼ੁਸ਼ ਸਨ। ਭਾਵੇਂ ਉਹ ਵੀ ਖ਼ੁਸ਼ ਸੀ ਪਰ ਆਪਣੀ ਗੱਲ ’ਤੇ ਅੜੀ ਹੋਈ ਸੀ ਕਿ ਆਪਾਂ ਤਾਂ ਟੈਸਟ ਕਰਵਾਵਾਂਗੇ, ਜੇ ਕੁੜੀ ਹੋਈ ਤਾਂ ਅਬਾਰਸ਼ਨ ਕਰਵਾ ਦੇਵਾਂਗੇ। ਉਹ ਇਕੱਲੀ ਇੱਕ ਪਾਸੇ ਅਤੇ ਅਸੀਂ ਸਾਰੇ ਇੱਕ ਪਾਸੇ ਸੀ। ਅਖ਼ੀਰ ਫੈਸਲਾ ਹੋਇਆ ਕਿ ਨੂੰਹ ਦੇ ਪੇਕਿਆਂ ਨਾਲ ਗੱਲ ਕੀਤੀ ਜਾਵੇ। ਉਨ੍ਹਾਂ ਨੂੰ ਸੁਨੇਹਾ ਭੇਜ ਦਿੱਤਾ ਤੇ ਅਗਲੇ ਦਿਨ ਹੀ ਉਹ ਘਰ ਆ ਗਏ। ਉਹ ਬਹੁਤ ਖ਼ੁਸ਼ ਸਨ। ਚਾਹ-ਪਾਣੀ ਪੀਣ ਤੋਂ ਪਿੱਛੋਂ ਹਰਬੰਸ ਕੌਰ ਨੇ ਉਨ੍ਹਾਂ ਨੂੰ ਆਪਣਾ ਮੰਤਵ ਦੱਸਿਆ ਤਾਂ ਉਨ੍ਹਾਂ ਦਾ ਰੰਗ ਉੱਡ ਗਿਆ। ਤੁਰੰਤ ਕਹਿਣ ਲੱਗੇ, ‘‘ਇਹ ਘੋਰ ਪਾਪ ਨਹੀਂ ਕਰਨਾ। ਟੈਸਟ ਨਾ ਕਰਵਾਉ। ਜੇ ਲੜਕੀ ਹੋਈ ਤਾਂ ਅਸੀਂ ਲੈ ਜਾਵਾਂਗੇ ਤੇ ਪਾਲ ਲਵਾਂਗੇ, ਜੇ ਲੜਕਾ ਹੋਇਆ ਤਾਂ ਤੁਹਾਡਾ।’’ ਬਹੁਤ ਮੁਸ਼ਕਿਲ ਨਾਲ ਮੇਰੀ ਘਰ ਵਾਲੀ ਮੰਨ ਗਈ। ਜਣੇਪੇ ਦਾ ਸਮਾਂ ਆਇਆ ਤਾਂ ਨੂੰਹ ਨੂੰ ਹਸਪਤਾਲ ਲੈ ਗਏ। ਜਣੇਪਾ ਹੋਣ ’ਤੇ ਨਰਸ ਬਾਹਰ ਆਈ ਤੇ ਕਹਿਣ ਲੱਗੀ, ‘‘ਮੁਬਾਰਕ ਹੋਵੇ, ਲੱਛਮੀ ਆਈ ਹੈ।’’ ਅਸੀਂ ਸਾਰੇ ਖ਼ੁਸ਼ ਸੀ ਪਰ ਮੇਰੀ ਘਰ ਵਾਲੀ ਦਾ ਮੂੰਹ ਲੱਥਾ ਹੋਇਆ ਸੀ।
ਸਾਰਿਆਂ ਨੇ ਵਾਰੋ-ਵਾਰੀ ਬੱਚੀ ਨੂੰ ਵੇਖਿਆ। ਡਲਿਵਰੀ ਨਾਰਮਲ ਹੋਣ ਕਰਕੇ ਡਾਕਟਰਾਂ ਨੇ ਉਸੇ ਦਿਨ ਸ਼ਾਮ ਨੂੰ ਛੁੱਟੀ ਦੇ ਦਿੱਤੀ। ਘਰ ਆ ਗਏ। ਮੇਰੀ ਘਰ ਵਾਲੀ ਨੇ ਪੋਤਰੀ ਨੂੰ ਚੁੱਕਿਆ, ਉਸ ਵੱਲ ਤੱਕਦੀ ਰਹੀ, ਨਿਹਾਰਦੀ ਰਹੀ। ਉਸ ਵੱਲ ਵੇਖਦੇ ਵੇਖਦੇ ਖ਼ਿਆਲਾਂ ਵਿੱਚ ਗੁਆਚ ਗਈ। ਉਸ ਨੂੰ ਗੋਦੀ ਵਿੱਚ ਲਾਡ-ਪਿਆਰ ਕਰਨ ਲੱਗੀ। ਬਹੂ ਦੇ ਪੇਕਿਆਂ ਨੂੰ ਸੁਨੇਹਾ ਘੱਲਿਆ। ਅਗਲੇ ਦਿਨ ਉਹ ਆਏ, ਬਹੁਤ ਖ਼ੁਸ਼ ਸਨ। ਉਨ੍ਹਾਂ ਨੇ ਜੱਚਾ-ਬੱਚਾ ਦੀ ਸਿਹਤ ਬਾਰੇ ਜਾਣਿਆ। ਜਦੋਂ ਉਨ੍ਹਾਂ ਵਾਪਸ ਜਾਣਾ ਸੀ ਤਾਂਂ ਉਨ੍ਹਾਂ ਮੇਰੀ ਘਰ ਵਾਲੀ ਨੂੰ ਕਿਹਾ,‘‘ ਅਸੀਂ ਆਪਣਾ ਵਾਅਦਾ ਨਿਭਾਉਣ ਆਏ ਹਾਂ। ਬੱਚੀ ਸਾਨੂੰ ਦੇ ਦਿਓ, ਅਸੀਂ ਪਾਲ ਲਵਾਂਗੇ।’’ ਪਰ ਇੱਕ ਹੀ ਦਿਨ ਵਿੱਚ ਬੱਚੀ ਨੇ ਐਨਾ ਮੋਹ ਲੈ ਲਿਆ ਕਿ ਹਰਬੰਸ ਕੌਰ ਨੇ ਨਾਂਹ ਕਰ ਦਿੱਤੀ। ਜਿਵੇਂ ਜਿਵੇਂ ਸਿਰਮਨ ਵੱਡੀ ਹੁੰਦੀ ਗਈ, ਉਹ ਸਾਰੇ ਪਰਿਵਾਰ ਦਾ ਮੋਹ ਲੈਂਦੀ ਰਹੀ। ਪੜ੍ਹਨ ਵਿੱਚ ਬਹੁਤ ਹੁਸ਼ਿਆਰ, ਹਰ ਇੱਕ ਦੀ ਇੱਜ਼ਤ ਤੇ ਸਤਿਕਾਰ ਕਰਨ ਵਾਲੀ। ਉਸ ਨੇ 10ਵੀਂ ਤੱਕ ਵਜ਼ੀਫਾ ਲਿਆ। ਡਾਕਟਰ ਬਣਨ ਲਈ ਮੁੱਢਲੀ ਪ੍ਰੀਖਿਆ ਪਹਿਲੀ ਵਾਰ ਹੀ ਪਾਸ ਕਰ ਲਈ। ਚੰਗੀ ਪੁਜ਼ੀਸ਼ਨ ਲੈਂਦਿਆਂ ਐਮਬੀਬੀਐੱਸ ਕਰ ਗਈ। ਫਿਰ ਕਹਿੰਦੀ ਹੋਰ ਪੜ੍ਹਨਾ ਹੈ, ਦੋ ਸਾਲ ਹੋਰ ਲਾਏ ਪੋਸਟ ਗਰੈਜੂਏਸ਼ਨ ਹੋ ਗਈ। ਹੁਣ ਉਹ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੀ ਮਾਹਿਰ ਵਜੋਂ ਸੇਵਾਵਾਂ ਦੇ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਹਰਬੰਸ ਕੌਰ ਸਵੇਰੇ ਸਵੇਰੇ ਚੱਕਰ ਆਉਣ ’ਤੇ ਘਰੇ ਡਿੱਗ ਪਈ। ਉਸ ਨੂੰ ਨੇੜੇ ਦੇ ਡਾਕਟਰ ਕੋਲ ਲੈ ਗਏ। ਉਸ ਨੇ ਮੁੱਢਲੀ ਸਹਾਇਤਾ ਦਿੱਤੀ ਤੇ ਦੱਸਿਆ ਕਿ ਇਸ ਨੂੰ ਹਾਰਟ ਅਟੈਕ ਆਇਆ ਹੈ। ਉਸ ਨੇ ਛੇਤੀ ਕਿਸੇ ਹਾਰਟ ਸਪੈਸ਼ਿਲਸਟ ਡਾਕਟਰ ਕੋਲ ਲਿਜਾਣ ਲਈ ਕਿਹਾ। ਅਸੀਂ ਤੁਰੰਤ ਆਪਣੀ ਪੋਤਰੀ ਸਿਮਰਨ ਨੂੰ ਫੋਨ ਕਰਕੇ ਉਸ ਕੋਲ ਪਹੁੰਚ ਗਏ।
ਸਿਮਰਨ ਸਾਨੂੰ ਹਸਪਤਾਲ ਦੇ ਗੇਟ ’ਤੇ ਉਡੀਕ ਰਹੀ ਸੀ। ਸਾਡੇ ਪਹੁੰਚਦੇ ਹੀ ਮੇਰੀ ਪਤਨੀ ਨੂੰ ਸਟਰੈਚਰ ’ਤੇ ਪਾ ਕੇ ਹਸਪਤਾਲ ਦੇ ਕਰਮਚਾਰੀ ਛੇਤੀ ਛੇਤੀ ਅੰਦਰ ਲੈ ਗਏ। ਘੰਟੇ ਕੁ ਬਾਅਦ ਇੱਕ ਨਰਸ ਬਾਹਰ ਆਈ। ਉਸ ਨੇ ਦੱਸਿਆ, ‘‘ਮਾਤਾ ਜੀ ਦੀ ਸਰਜਰੀ ਹੋ ਰਹੀ ਹੈ, ਘਬਰਾਉਣ ਵਾਲੀ ਕੋਈ ਗੱਲ ਨਹੀਂ, ਡਾਕਟਰ ਸਾਹਿਬ ਨੇ ਉਨ੍ਹਾਂ ਨੂੰ ਸੰਭਾਲ ਲਿਆ ਹੈ।’’ ਹਰਬੰਸ ਕੌਰ ਨੂੰ ਅਪਰੇਸ਼ਨ ਤੋਂ ਬਾਅਦ ਦੋ ਦਿਨ ਆਈਸੀਯੂ ਵਿੱਚ ਰੱਖਿਆ। ਤੀਜੇ ਦਿਨ ਹਰਬੰਸ ਕੌਰ ਨੂੰ ਜਨਰਲ ਵਾਰਡ ਵਿੱਚ ਤਬਦੀਲ ਕੀਤਾ ਗਿਆ ਤਾਂ ਮੇਰੀ ਨੂੰਹ ਮੈਨੂੰ ਮੇਰੀ ਪਤਨੀ ਕੋਲ ਲੈ ਕੇ ਗਈ। ਮੇਰੀ ਪਤਨੀ ਦੀਆਂ ਅੱਖਾਂ ਵਿੱਚੋਂ ਪਾਣੀ ਵਗ ਰਿਹਾ ਸੀ। ਉਹ ਆਪਣੀ ਪੋਤੀ ਵੱਲ ਵੇਖ ਰਹੀ ਸੀ, ਜਿਵੇਂ ਸਿਮਰਨ ਨੂੰ ਕਹਿ ਰਹੀ ਹੋਵੇ, ‘‘ਮੈਂ ਤੈਨੂੰ ਜੰਮਣ ਤੋਂ ਪਹਿਲਾਂ ਮਰਵਾਉਣ ਲਈ ਪੂਰੀ ਵਾਹ ਲਾਈ ਸੀ ਪਰ ਹੁਣ ਤੂੰ ਮੈਨੂੰ ਪੂਰੀ ਵਾਹ ਲਾ ਕੇ ਬਚਾ ਲਿਆ ਅਤੇ ਦੂਜੀ ਜ਼ਿੰਦਗੀ ਦਿੱਤੀ।’’
ਸੰਪਰਕ: 98144-39224