ਬੁਲੰਦੀ
ਅਵਨੀਤ ਕੌਰ
ਪ੍ਰੀਖਿਆ ਕੇਂਦਰ ’ਤੇ ਵਕਤ ਸਿਰ ਪਹੁੰਚਣ ਲਈ ਕੈਬ ਬੁਲਾਈ। ਹੋਸਟਲ ਵਿੱਚੋਂ ਬਾਹਰ ਆਉਂਦਿਆਂ ਹੀ ਕੈਬ ਆ ਮਿਲੀ। ਮੈਂ ਡਰਾਈਵਰ ਅੰਕਲ ਨੂੰ ਸਤਿਕਾਰ ਨਾਲ ਦੁਆ-ਸਲਾਮ ਕਰਦਿਆਂ ਕੈਬ ਵਿੱਚ ਬੈਠੀ। ਕੈਬ ਚਲਾ ਰਿਹਾ ਸ਼ਾਂਤ ਚਿੱਤ ਚਿਹਰਾ। ਅੱਧਖੜ੍ਹ ਉਮਰ, ਸੜਕ ਵੱਲ ਧਿਆਨ। ਹਰੀਆਂ, ਲਾਲ ਬੱਤੀਆਂ ’ਤੇ ਰੁਕਦਾ, ਤੁਰਦਾ। ਅਜਬ ਠਰੰਮਾ। ਮੂਹਰਲੇ ਦੀ ਗ਼ਲਤੀ ਵੀ ਮੁਸਕਰਾ ਕੇ ਟਾਲਦਾ। ਸਾਰਾ ਧਿਆਨ ਸੜਕ ਗੱਡੀ ਚਲਾਉਣ ਵੱਲ। ਆਪਣੇ ਕੰਮ ਵੱਲ ਧਿਆਨ। ਇਹ ਦੇਖ ਮੈਨੂੰ ਆਪਣੇ ਵਿਦਵਾਨ ਪ੍ਰੋਫੈਸਰ ਦੇ ਬੋਲ ਯਾਦ ਆਏ- ‘ਆਪਣੇ ਕੰਮ ਪ੍ਰਤੀ ਬੰਦੇ ਦੀ ਸੁਹਿਰਦਤਾ ਹੀ ਉਸ ਦੀ ਪਛਾਣ ਹੁੰਦੀ ਹੈ। ਕੋਈ ਵੀ ਕੰਮ ਤਾਂ ਹੀ ਸਿਰੇ ਚੜ੍ਹਦਾ ਹੈ ਜਦ ਕਰਨ ਵਾਲਾ ਉਸ ਨਾਲ ਵਫਾ ਨਿਭਾਵੇ।’
ਮੈਨੂੰ ਡਰਾਈਵਰ ਅੰਕਲ ਵਿਚੋਂ ਆਪਣੇ ਜੀਵਨ ਪੰਧ ਮੁਕਾ ਗਏ ਹੈੱਡਮਾਸਟਰ ਨਾਨਾ ਜੀ ਦਾ ਅਕਸ ਨਜ਼ਰ ਆਇਆ। ਸੇਵਾ ਮੁਕਤੀ ਤੋਂ ਬਾਅਦ ਅਕਸਰ ਸਾਡੇ ਕੋਲ ਆਉਂਦੇ। ਆਖਦੇ- ‘ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਰਿਹਾਂ। ਆਪਣੇ ਵਿਦਿਆਰਥੀਆਂ ਦੇ ਨਾਲ ਨਾਲ ਪਰਿਵਾਰ ਨੂੰ ਵੀ ਸਫਲਤਾ ਦੀ ਮੰਜਿ਼ਲ ’ਤੇ ਤੋਰ ਸਕਿਆਂ। ਆਪਣੇ ਕੰਮ ਨਾਲ ਲਗਨ ਜਿ਼ੰਦਗੀ ਨੂੰ ਹਾਰਨ ਨਹੀਂ ਦਿੰਦੀ। ਮਨੁੱਖ ਦੀ ਸਫਲਤਾ ਪਿੱਛੇ ਉਸ ਦੀ ਮਿਹਨਤ ਤੇ ਕਿੱਤੇ ਪ੍ਰਤੀ ਸਮਰਪਣ ਭਾਵਨਾ ਹੁੰਦੀ ਹੈ। ਪੁਸਤਕਾਂ ਵਾਲੀ ਅਲਮਾਰੀ ਖੋਲ੍ਹਦੇ। ਪੁਸਤਕਾਂ ਨਾਲ ਸੰਵਾਦ ਰਚਾਉਂਦੇ। ਜਿ਼ਕਰ ਕਰਦੇ ਜਿਹੜੇ ਮਨੁੱਖ ਇਨ੍ਹਾਂ ਦਾ ਸੰਗ ਸਾਥ ਕਰ ਲੈਣ, ਉਨ੍ਹਾਂ ਦਾ ਜੀਵਨ ਰਾਹ ਹੋਰ ਵੀ ਸੁਖਾਲਾ ਹੋ ਜਾਂਦਾ।’
ਡਰਾਈਵਰ ਅੰਕਲ ਦੇ ਬੋਲਾਂ ਨੇ ਸੋਚਾਂ ਦੀ ਤੰਦ ਬਿਖੇਰੀ- ‘ਬੇਟਾ, ਮੈਂ ਵੀ ਦੋ ਧੀਆਂ ਦਾ ਬਾਪ ਹਾਂ। ਦੋਵਾਂ ਨੂੰ ਪੁੱਤਰਾਂ ਵਾਂਗਰ ਪਾਲਿਆ ਪੋਸਿਆ। ਪੜ੍ਹਾ ਲਿਖਾ ਕੇ ਪੈਰਾਂ ਸਿਰ ਕੀਤਾ। ਚੰਗੇ ਘਰਾਂ ਵਿੱਚ ਸ਼ਾਦੀਆਂ ਕੀਤੀਆਂ। ਆਪੋ-ਆਪਣੇ ਘਰਾਂ ਵਿੱਚ ਸੁਖੀ ਵਸਦੀਆਂ ਨੇ। ਦੋਵਾਂ ਧੀਆਂ ਤੋਂ ਛੋਟੇ ਇਕਲੌਤੇ ਪੁੱਤਰ ਤੋਂ ਵੀ ਕੁਸ਼ ਨਹੀਂ ਲੁਕੋਇਆ। ਹਰ ਸੁਖ ਸਹੂਲਤ ਦਿੱਤੀ। ਨੌਕਰੀ ਸਿਰੇ ਕਰ ਕੇ ਵਿਆਹਿਆ ਵਰਿਆ। ਮੈਂ ਆਪਣੀ ਜੁਆਨੀ ਫੌਜ ਵਿੱਚ ਬਿਤਾਈ। ਸੇਵਾ ਮੁਕਤ ਹੋ ਕੇ ਬੈਂਕ ਦੀ ਨੌਕਰੀ ਕੀਤੀ। ਆਪਣੇ ਧੀਆਂ ਪੁੱਤ ਲਈ ਜੀਵਨ ਦੀ ਹਰ ਖੁਸ਼ੀ ਲੇਖੇ ਲਾਈ। ਆਪਣਾ ਆਪ ਭੁਲਾ ਕੇ ਹਰ ਫਰਜ਼ ਪੂਰਾ ਕੀਤਾ।’
ਇਹ ਦੱਸਦਿਆਂ ਆਪਣਾ ਆਪ ਛੋਟਾ ਲਗਦਾ। ਅੰਕਲ ਦੀਆਂ ਛਲਕੀਆਂ ਅੱਖਾਂ ਸਭ ਕੁਝ ਬਿਆਨ ਕਰ ਗਈਆਂ। ਕੁਝ ਪਲ ਕੈਬ ਵਿੱਚ ਸ਼ਾਂਤੀ ਪਸਰੀ ਰਹੀ। ਮੇਰੇ ਮਨ ਸਾਹਵੇਂ ਸਾਡੀ ਮੰਡੀ ਦੇ ਸ਼ਾਹੂਕਾਰ ਬਜ਼ੁਰਗ ਮਾਪੇ ਆ ਖੜ੍ਹੇ। ਚੰਗੇ ਸਰਦੇ ਪੁਜਦੇ, ਵੱਡੇ ਕਾਰੋਬਾਰ ਦੇ ਮਾਲਕ। ਮਹਿੰਗੀਆਂ ਕਾਰਾਂ ਵਿੱਚ ਘੁੰਮਣ ਵਾਲੇ ਸੇਠ। ਆਖਿ਼ਰੀ ਉਮਰੇ ਮੋਹ ਪਿਆਰ ਵੱਸ ਜਾਇਦਾਦ ਮੁੰਡਿਆਂ ਦੇ ਨਾਂ ਕੀ ਕੀਤੀ, ਉਨ੍ਹਾਂ ਸਾਹਵੇਂ ਬੇਵੱਸ ਹੋ ਗਏ। ਜਿਨ੍ਹਾਂ ਦੋ ਮੁੰਡਿਆਂ ’ਤੇ ਸੇਠ ਨੂੰ ਅੰਤਾਂ ਦਾ ਮਾਣ ਸੀ, ਉਨ੍ਹਾਂ ਸਾਰਾ ਕਾਰੋਬਾਰ ਸਾਂਭਦਿਆਂ ਅੱਖਾਂ ਫੇਰ ਲਈਆਂ। ਮਾਪਿਆਂ ਪੱਲੇ ਰਹਿ ਗਈ ਕਲਪਨਾ ਤੇ ਨਿਰਾਸ਼ਾ। ਘਰੋਂ ਬਾਹਰ ਨਿਕਲਣ ਨਹੀਂ ਦਿੰਦੇ। ਮਾਪੇ ਹੱਥੀਂ ਉਸਾਰੇ ਮਹਿਲ ’ਚ ਜਿ਼ੰਦਗੀ ਦਾ ਬੋਝ ਢੋਣ ਲਈ ਮਜਬੂਰ ਹੋ ਗਏ।
ਲਾਲ ਬੱਤੀਆਂ ’ਤੇ ਕੈਬ ਰੁਕੀ। ਡਰਾਈਵਰ ਅੰਕਲ ਮੁੜ ਬੋਲਣ ਲੱਗੇ- ‘ਬੇਟਾ, ਤੁਹਾਡੇ ਵਰਗੇ ਪੁੱਤਰ ਧੀਆਂ ਦੇਖ ਮਨ ਖ਼ੁਸ਼ ਹੁੰਦਾ। ਮਾਪੇ ਤੁਹਾਨੂੰ ਪੜ੍ਹਾਉਣ ਲਿਖਾਉਣ ਲਈ ਕਾਲਜ, ਯੂਨੀਵਰਸਿਟੀ ਭੇਜਦੇ ਨੇ। ਆਪਣਾ ਢਿੱਡ ਪੇਟ ਬੰਨ੍ਹ ਕੇ ਹਰ ਲੋੜ ਪੂਰੀ ਕਰਦੇ ਨੇ। ਤੁਹਾਡੇ ਸਾਹ ਵਿੱਚ ਸਾਹ ਲੈਂਦੇ ਨੇ। ਆਪਣੇ ਪੈਰਾਂ ਸਿਰ ਹੋ ਕੇ ਤੁਹਾਡਾ ਵੀ ਤਾਂ ਮਾਪਿਆਂ ਲਈ ਕੋਈ ਫਰਜ਼ ਬਣਦਾ! ਹੁਣ ਮੇਰੇ ਵੱਲ ਦੇਖ ਬੇਟਾ। ਸਾਰੀ ਉਮਰ ਘਰ ਪਰਿਵਾਰ ਲਈ ਲਗਾ ਦਿੱਤੀ। ਤਿੰਨ ਤਿੰਨ ਨੌਕਰੀਆਂ ਕਰ ਕੇ ਔਲਾਦ ਨੂੰ ਹਰ ਸਹੂਲਤ ਦੇਣ ਵਿੱਚ ਜੁਟਿਆ ਰਿਹਾ। ਆਖਿ਼ਰੀ ਉਮਰੇ ਅਸੀਂ ਦੋਵੇਂ ਜੀਅ ’ਕੱਲੇ ’ਕਹਿਰੇ ਰਹਿ ਗਏ। ਸਾਡੇ ਦੋਹਾਂ ਜੀਆਂ ਦੇ ਸੁਫ਼ਨਿਆਂ ਤੇ ਆਸਾਂ ਉੱਪਰ ਪਾਣੀ ਫਿਰ ਗਿਆ।’
‘ਮੇਰੇ ਮਨ ਵਿੱਚ ਇਹ ਖਿਆਲ ਅਕਸਰ ਆਉਂਦਾ... ਫੌਜ ਦੀ ਨੌਕਰੀ ਕਰ ਕੇ ਮੈਂ ਸਾਂਝਾਂ ਨਹੀਂ ਪਾਲ ਸਕਿਆ ਜਿਹੜੀਆਂ ਬੰਦੇ ਦੇ ਜੀਵਨ ਦੀ ਨੀਂਹ ਹੁੰਦੀਆਂ। ਸਭਾ, ਸੁਸਾਇਟੀਆਂ ਤੋਂ ਹਮੇਸ਼ਾ ਦੂਰ ਰਿਹਾ। ਗਲੀ, ਮੁਹੱਲੇ ਤੇ ਰਿਸ਼ਤੇਦਾਰਾਂ ਨਾਲ ਮੇਰੀ ਮੱਤ ਨਹੀਂ ਮਿਲੀ। ਬੱਸ ਆਪਣੀ ਨੌਕਰੀ ਤੇ ਘਰ ਪਰਿਵਾਰ ਨਾਲ ਹੀ ਨਾਤਾ ਰੱਖਿਆ। ਵਕਤ ਬਦਲਿਆ ਤਾਂ ਧੀਆਂ ਪੁੱਤ ਸਾਥ ਛੱਡ ਗਏ। ਜੇ ਆਪਣੀ ਜਿ਼ੰਦਗੀ ਵਿੱਚ ਨਿੱਜ ਤੋਂ ਬਿਨਾਂ ਕੁਝ ਕਮਾਇਆ ਹੁੰਦਾ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ।’
‘ਬੰਦਾ ਧਨ ਕਮਾ ਕਮਾ ਘਰ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦਾ। ਔਲਾਦ ਨੂੰ ਪੜ੍ਹਾ ਲਿਖਾ ਤਰੱਕੀ ਦੇ ਰਾਹ ਤੋਰਦਾ। ਬਿਰਧ ਉਮਰੇ ਦੋ ਵਕਤ ਦੀ ਰੋਟੀ ਲਈ ਫਿਰ ਖੁਦ ਭਟਕਣਾ ਪਵੇ, ਅਜਿਹੇ ਜਿਊਣ ਦਾ ਕੀ ਮਤਲਬ ਹੋਇਆ ਫਿਰ! ਅਜਿਹਾ ਜਿਊਣਾ ਦਿਲ ਦਾ ਦਰਦ ਬਣ ਜਾਂਦਾ। ਲਗਦਾ ਪਹਿਲਾਂ ਕੀਤੀ ਮਿਹਨਤ ਬੇਅਰਥ ਗਈ ਤੇ ਵਕਤ ਬੇਕਾਰ। ਵਕਤ ਦੇ ਇਸ ਵਰਤਾਰੇ ਨਾਲ ਸਿੱਝਣ ਲਈ ਮੈਂ ਜਿਊਣ ਦਾ ਨਵਾਂ ਰਾਹ ਤਲਾਸ਼ ਲਿਆ। ਉਦਾਸੀ ਤੋਂ ਦੂਰ ਨਿਰਾਸ਼ਾ ਤੋਂ ਪਾਸੇ ਜਿਸ ਵਿੱਚ ਰਿਸ਼ਤਿਆਂ ਜਿਹਾ ਨਿੱਘ ਹੈ। ਅਪਣੱਤ ਤੇ ਸਾਂਝ ਦਾ ਸਰੂਰ ਹੈ। ਕੰਮ ਵਿੱਚ ਰੁੱਝੇ ਰਹਿਣਾ। ਬੀਤੇ ’ਤੇ ਪਛਤਾਉਣ ਦੀ ਬਜਾਇ ਭਵਿੱਖ ਬਾਰੇ ਸੋਚਣਾ। ਜਿ਼ੰਦਗੀ ਨੂੰ ਇਮਤਿਹਾਨ ਸਮਝਣਾ ਤੇ ਤੁਰਨਾ। ਇਹ ਜਿਊਣਾ ਦੁੱਖਾਂ ਦੀ ਦਵਾ ਵੀ ਬਣਦਾ ਤੇ ਮਨ ਦਾ ਸਕੂਨ ਵੀ। ਇਸ ਨੂੰ ਮੈਂ ਨਿੱਤ ਦਾ ਕਰਮ ਬਣਾ ਲਿਆ।’
ਮੇਰਾ ਪ੍ਰੀਖਿਆ ਕਾਲਜ ਆਉਣ ’ਤੇ ਅੰਕਲ ਦੀ ਹੱਡ-ਬੀਤੀ ਨੂੰ ਵਿਰਾਮ ਲੱਗਾ। ਉਹਨੂੰ ਬਣਦਾ ਕਿਰਾਇਆ ਦੇ ਕੇ ਪ੍ਰੀਖਿਆ ਕੇਂਦਰ ਦਾ ਰੁਖ਼ ਕੀਤਾ। ਅੰਕਲ ਦੀ ਜੀਵਨ ਕਥਾ ਮੈਨੂੰ ਜੀਵਨ ਦੀ ਪ੍ਰੀਖਿਆ ਜਾਪੀ।
ਨਾਨਾ ਜੀ ਦੇ ਬੋਲਾਂ ਦੀ ਆਹਟ ਸੁਣੀ- ‘ਪੁੱਤਰ! ਜਿ਼ੰਦਗੀ ਦਾ ਸੰਘਰਸ਼ ਤਾਂ ਹਰ ਮੋੜ ’ਤੇ ਹੁੰਦਾ। ਔਖ ਸੌਖ ਤੇ ਨਿਰਾਸ਼ਾ ’ਚ ਡਟੇ ਰਹਿਣਾ, ਹਾਲਤਾਂ ਤੋਂ ਸਬਕ ਲੈਣਾ, ਰੁਕਣ ਦੀ ਬਜਾਇ ਸਾਬਤ ਕਦਮੀ ਤੁਰਦੇ ਰਹਿਣਾ ਜੀਵਨ ਦੀ ਬੁਲੰਦੀ ਬਣਦੈ।’ ਮੈਨੂੰ ਡਰਾਈਵਰ ਅੰਕਲ ਵੱਲੋਂ ਹਾਲਤਾਂ ਸਾਹਵੇਂ ਈਨ ਮੰਨਣ ਦੀ ਬਜਾਇ ਬੁਲੰਦੀ ਨਾਲ ਜਿਊਣ ਦੇ ਯਤਨਾਂ ’ਤੇ ਰਸ਼ਕ ਹੋਇਆ। ਮੈਂ ਬੁਲੰਦ ਆਸ ਨਾਲ ਪ੍ਰੀਖਿਆ ਕੇਂਦਰ ’ਚ ਜਾ ਬੈਠੀ।
ਸੰਪਰਕ: salamzindgi88@gmail.com