ਭਰਵੇਂ ਮੀਂਹ ਨਾਲ ਗਰਮੀ ਤੇ ਹੁੰਮਸ ਤੋਂ ਰਾਹਤ ਮਿਲੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਗਸਤ
ਇੱਥੇ ਅੱਜ ਪਏ ਭਰਵੇਂ ਮੀਂਹ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਕਿਉਕਿ ਕੁਝ ਦਨਿਾਂ ਤੋਂ ਹੁੰਮਸ ਵਾਲੀ ਗਰਮੀ ਪੈਣ ਕਾਰਨ ਲੋਕਾਂ ਦਾ ਬੁਰਾ ਹਾਲ ਸੀ। ਇਸ ਮੀਂਹ ਨਾਲ ਜਿੱਥੇ ਲੋਕਾਂ ਨੇ ਭਾਰੀ ਰਾਹਮ ਮਹਿਸੂਸ ਕੀਤੀ ਉੱਥੇ ਹੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਸ਼ਹਿਰ ਅਤੇ ਇਲਾਕੇ ਦੀਆਂ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ। ਇੱਥੋਂ ਤੱਕ ਕਿ ਕਈ ਸੜਕਾਂ ਵੀ ਮੀਂਹ ਦੇ ਪਾਣੀ ਨਾਲ ਭਰ ਗਈਆਂ ਸਨ। ਕੁਝ ਕੁ ਸੜਕਾਂ ਦਾ ਤਾਂ ਐਨਾ ਮਾੜਾ ਹਾਲ ਰਿਹਾ ਕਿ ਲੋਕਾਂ ਨੂੰ ਰਾਹ ਬਦਲ ਕੇ ਆਉਣਾ ਪਿਆ ਤੇ ਆਵਾਜਾਈ ਪ੍ਰਭਾਵਿਤ ਹੋਈ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਇਸ ਇਲਾਕੇ ਵਿੱਚ ਕਈ ਦਨਿਾਂ ਬਾਅਦ ਅੱਜ ਹੋਈ ਭਰਵੀਂ ਬਾਰਿਸ਼ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਰੌਣਕ ਪਰਤ ਆਈ। ਮਿਲੀ ਜਾਣਕਾਰੀ ਅਨੁਸਾਰ ਇਸ ਸਮੁੱਚੇ ਖੇਤਰ ਵਿੱਚ ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਹਲਕੀ ਤੇ ਦਰਮਿਆਨੀ ਬਾਰਿਸ਼ ਹੁੰਦੀ ਰਹੀ। ਝੋਨੇ, ਹਰੇ ਚਾਰੇ ਸਮੇਤ ਸਾਉਣੀ ਦੀਆਂ ਹੋਰਨਾਂ ਫ਼ਸਲਾਂ ਲਈ ਇਹ ਬਾਰਿਸ਼ ਲਾਹੇਵੰਦ ਸਾਬਿਤ ਹੋਵੇਗੀ। ਜ਼ਿਲ੍ਹਾ ਖੇਤੀਬਾੜੀ ਮੁੱਖ ਅਫਸਰ ਸੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਖੇਤਰ ਵਿੱਚ ਅੱਜ ਹੋਈ ਬਾਰਿਸ਼ ਲਗਪਗ ਸਾਰੀਆਂ ਫ਼ਸਲਾਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੱਕੀ ਵਾਲੇ ਖੇਤ ਨੀਵੇਂ ਹੋਣ ਤਾਂ ਉਨ੍ਹਾਂ ਵਿੱਚੋਂ ਪਾਣੀ ਦੀ ਤੁਰੰਤ ਨਿਕਾਸੀ ਕਰ ਦੇਣੀ ਚਾਹੀਦੀ ਹੈ।