ਹਿਮਾਚਲ ਪ੍ਰਦੇਸ਼ ਵਿੱਚ ਦੂਰ-ਦੂਰ ਤੱਕ ਭਾਰੀ ਮੀਂਹ
ਸ਼ਿਮਲਾ/ਗੋਪੇਸ਼ਵਰ (ਉੱਤਰਾਖੰਡ), 10 ਅਗਸਤ
ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਸੂਬੇ ਵਿੱਚ ਢਿੱਗਾਂ ਡਿੱਗਣ ਤੇ ਹੜ੍ਹ ਆਉਣ ਕਾਰਨ 128 ਸੜਕਾਂ ਬੰਦ ਹੋ ਗਈਆਂ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਢਾ ਭਲਕੇ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਉਹ ਰਾਮਪੁਰ ਵਿੱਚ ਪੈਂਦੇ ਸਾਮੇਜ ਵਿੱਚ ਕੁਦਰਤੀ ਕਰੋਪੀ ਕਾਰਨ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ ਲੋਕਾਂ ਨਾਲ ਗੱਲਬਾਤ ਵੀ ਕਰਨਗੇ।
ਮੌਸਮ ਵਿਭਾਗ ਦੇ ਖੇਤਰੀ ਦਫ਼ਤਰ ਨੇ ਸੂਬੇ ਵਿੱਚ ‘ਔਰੇਂਜ’ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ ਭਾਰੀ ਤੋਂ ਕਾਫੀ ਭਾਰੀ ਮੀਂਹ ਦੇ ਨਾਲ ਗਰਜ ਨਾਲ ਬਿਜਲੀ ਚਮਕ ਸਕਦੀ ਹੈ। ਇਸ ਤੋਂ ਇਲਾਵਾ 16 ਅਗਸਤ ਤੱਕ ਲਈ ਭਾਰੀ ਮੀਂਹ ਲਈ ‘ਯੈਲੋ’ ਚਿਤਾਵਨੀ ਜਾਰੀ ਕੀਤੀ ਗਈ ਹੈ। ਬੀਤੇ ਦਿਨ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ। ਇਸ ਦੌਰਾਨ ਨਾਹਨ (ਸਿਰਮੌਰ) ਵਿੱਚ ਸ਼ੁੱਕਰਵਾਰ ਸ਼ਾਮ ਤੋਂ ਅੱਜ ਤੱਕ ਸਭ ਤੋਂ ਵੱਧ 168.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਉਸ ਤੋਂ ਬਾਅਦ ਸੰਧੋਲ ਵਿੱਚ 106.4 ਮਿਲੀਮੀਟਰ, ਨਗਰੋਟਾ ਸੂਰੀਆਂ ਵਿੱਚ 93.2 ਮਿਲੀਮੀਟਰ, ਧੌਲਾਕੂਆਂ ਵਿੱਚ 67 ਮਿਲੀਮੀਟਰ, ਜੁੱਬੜਹੱਟੀ ਵਿੱਚ 53.2 ਮਿਲੀਮੀਟਰ ਅਤੇ ਕੰਡਾਘਾਟ ਵਿੱਚ 45.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸਟੇਟ ਐਮਰਜੈਂਸੀ ਅਪ੍ਰੇਸ਼ਨ ਸੈਂਟਰ ਮੁਤਾਬਕ ਮੀਂਹ ਕਾਰਨ ਸੂਬੇ ਵਿੱਚ 44 ਬਿਜਲੀ ਘਰ ਅਤੇ 67 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਨੇ ਐਤਵਾਰ ਸਵੇਰ ਤੱਕ ਮੰਡੀ, ਸਿਰਮੌਰ, ਸ਼ਿਮਲਾ ਅਤੇ ਕੁੱਲੂ ਦੇ ਦੂਰ-ਦੂਰੇਡੇ ਇਲਾਕਿਆਂ ਵਿੱਚ ਘੱਟ ਤੋਂ ਦਰਮਿਆਨੇ ਹੜ੍ਹਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। -ਪੀਟੀਆਈ
ਰਾਜਸਥਾਨ ਵਿੱਚ ਭਾਰੀ ਮੀਂਹ ਜਾਰੀ, ਅਗਲੇ ਹਫਤੇ ਵਧੇਰੇ ਮੀਂਹ ਦੀ ਪੇਸ਼ੀਨਗੋਈ
ਜੈਪੁਰ: ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਕਿਹਾ ਕਿ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਪੈਂਦੇ ਪਿੱਪਲਖੁੰਟ ’ਚ ਸਭ ਤੋਂ ਵੱਧ 112 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਭਰਤਪੁਰ, ਅਲਵਰ ਅਤੇ ਬੀਕਾਨੇਰ ’ਚ ਵੀ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਅਗਲੇ ਹਫਤੇ ਕੁਝ ਥਾਵਾਂ ’ਤੇ ਵਧੇਰੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਸ਼ਨਿਚਰਵਾਰ ਨੂੰ ਸਵੇਰੇ 8.30 ਵਜੇ ਤੱਕ ਭਰਤਪੁਰ ’ਚ 89 ਮਿਲੀਮੀਟਰ ਮੀਂਹ, ਸਵਾਈ ਮਾਧੋਪੁਰ ਵਿੱਚ ਪੈਂਦੇ ਬਾਮਨਵਾਸ ’ਚ 76 ਮਿਲੀਮੀਟਰ, ਅਲਵਰ ਵਿੱਚ ਪੈਂਦੇ ਮੁੰਦਾਵਰ ’ਚ 72 ਮਿਲੀਮੀਟਰ ਅਤੇ ਬੀਕਾਨੇਰ ਦੇ ਖਜੂਵਾਲਾ ਵਿੱਚ 65 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਜੈਪੁਰ, ਅਜਮੇਰ, ਕੋਟਾ ਅਤੇ ਭਰਤਪੁਰ ਡਿਵੀਜ਼ਨਾਂ ਵਿੱਚ ਅਗਲੇ ਪੰਜ-ਸੱਤ ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। -ਪੀਟੀਆਈ