ਚੱਕਰਵਾਤੀ ਤੂਫ਼ਾਨ ‘ਦਾਨਾ’ ਕਾਰਨ ਉੜੀਸਾ ਤੇ ਪੱਛਮੀ ਬੰਗਾਲ ’ਚ ਭਾਰੀ ਮੀਂਹ
ਭੁਬਨੇਸ਼ਵਰ/ਕੋਲਕਾਤਾ, 25 ਅਕਤੂਬਰ
ਉੜੀਸਾ ਤੇ ਪੱਛਮੀ ਬੰਗਾਲ ’ਚ ਚੱਕਰਵਾਤੀ ਤੂਫਾਨ ਦਾਨਾ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ ਅਤੇ ਤੂਫ਼ਾਨ ਦਾ ਅਸਰ ਘਟਣ ਮਗਰੋਂ ਅੱਜ ਹਵਾਈ ਤੇ ਰੇਲ ਆਵਾਜਾਈ ਮੁੜ ਸ਼ੁਰੂ ਹੋ ਗਈ। ਇਨ੍ਹਾਂ ਸੂਬਿਆਂ ’ਚ ਚੱਕਰਵਾਤੀ ਤੂਫ਼ਾਨ ਕਾਰਨ ਭਾਰੀ ਮੀਂਹ ਪਿਆ ਅਤੇ ਰੁੱਖ ਤੇ ਬਿਜਲੀ ਦੇ ਖੰਭੇ ਡਿੱਗ ਗਏ।
ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਦੱਸਿਆ ਕਿ ਹਾਲੇ ਤੱਕ ਸੂਬੇ ’ਚੋਂ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਆਈ ਹੈ, ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਦਾਨਾ ਦੇ ਉੜੀਸਾ ਦੇ ਤੱਟ ’ਤੇ ਪਹੁੰਚਣ ਦੀ ਪ੍ਰਕਿਰਿਆ ਅੱਜ ਸਵੇਰੇ 8.30 ਵਜੇ ਪੂਰੀ ਹੋ ਗਈ ਅਤੇ ਇਸ ਨੂੰ ਇੱਥੇ ਪਹੁੰਚਣ ’ਚ ਘੱਟ ਤੋਂ ਘੱਟ ਸਾਢੇ ਅੱਠ ਘੰਟੇ ਦਾ ਸਮਾਂ ਲੱਗਾ। ਇਕ ਵਿਗਿਆਨੀ ਨੇ ਦੱਸਿਆ ਕਿ ਉੜੀਸਾ ਦੇ ਤੱਕ ’ਤੇ ਲੰਘੀ ਦੇਰ ਰਾਤ 12.05 ਵਜੇ ਤੂਫ਼ਾਨ ਦਾਨਾ ਦੇ ਪਹੁੰਚਣ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਉਸ ਸਮੇਂ ਇਸ ਦੀ ਰਫ਼ਤਾਰ 110 ਕਿਲੋਮੀਟਰ ਪ੍ਰਤੀ ਘੰਟਾ ਸੀ। -ਪੀਟੀਆਈ
ਸਵਾ ਦੋ ਲੱਖ ਲੋਕ ਸੁਰੱਖਿਅਤ ਥਾਵਾਂ ’ਤੇ ਭੇਜੇ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਦਾਨਾ ਕਾਰਨ ਸੂਬੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪ੍ਰਸ਼ਾਸਨ ਨੇ ਹੇਠਲੇ ਇਲਾਕਿਆਂ ਤੋਂ ਤਕਰੀਬਨ 2.16 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ। ਮੌਸਮ ਵਿਭਾਗ ਅਨੁਸਾਰ ਤੂਫ਼ਾਨ ਕਾਰਨ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ’ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਵੀ ਪਿਆ ਹੈ।