For the best experience, open
https://m.punjabitribuneonline.com
on your mobile browser.
Advertisement

ਮਾਲਵੇ ਵਿੱਚ ਭਾਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ

09:02 AM Sep 04, 2024 IST
ਮਾਲਵੇ ਵਿੱਚ ਭਾਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ
ਬਠਿੰਡਾ ਵਿਚ ਮੰਗਲਵਾਰ ਨੂੰ ਸੜਕ ’ਤੇ ਭਰੇ ਮੀਂਹ ਦੇ ਪਾਣੀ ਵਿਚੋਂ ਲੰਘਦੇ ਹੋਏ ਰਾਹਗੀਰ। -ਫੋਟੋ: ਪਵਨ ਸ਼ਰਮਾ
Advertisement

ਮਨੋਜ ਸ਼ਰਮਾ
ਬਠਿੰਡਾ, 3 ਸਤੰਬਰ
ਬਠਿੰਡਾ ਵਿੱਚ ਅੱਜ ਦੁਪਹਿਰ ਵੇਲੇ ਤੇਜ਼ ਬਾਰਸ਼ ਹੋਈ ਜਿਸ ਨੇ ਮੁੜ ਬਠਿੰਡਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਮੀਂਹ ਨਾਲ ਲੋਕਾਂ ਨੂੰ ਹਲਕੀ ਰਾਹਤ ਮਿਲੀ ਹੈ। ਇਹ ਮੀਂਹ ਸ਼ਹਿਰੀ ਖੇਤਰ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਪਿਆ ਜਿਸ ਦਾ ਫਸਲਾਂ ਨੂੰ ਕਾਫੀ ਫਾਇਦਾ ਹੋਇਆ। ਜਾਣਕਾਰੀ ਅਨੁਸਾਰ ਬਠਿੰਡਾ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਵਰ ਹਾਊਸ ਰੋਡ, ਅਜੀਤ ਰੋਡ, ਮਾਲ ਰੋਡ, ਜੀਟੀ ਰੋਡ, ਪਰਸ ਰਾਮ ਨਗਰ ਅਤੇ ਸਿਰਕੀ ਬਾਜ਼ਾਰ ਦੀਆਂ ਸੜਕਾਂ ਸਮੁੰਦਰ ਦਾ ਰੂਪ ਧਾਰਨ ਕਰ ਗਈਆਂ ਜਿਨ੍ਹਾਂ ’ਚ ਬਠਿੰਡਾ ਦੇ ਡੀਸੀ, ਐੱਸਐੱਸਪੀ ਦੀ ਕੋਠੀਆਂ ਵਾਲਾ ਵੀਆਈਪੀ ਖੇਤਰ ਵੀ ਸ਼ਾਮਲ ਹੈ। ਜਲਥਲ ਹੋਈਆਂ ਸੜਕਾਂ ’ਤੇ ਰਾਹਗੀਰ ਪਾਣੀ ਵਿੱਚ ਫਸੇ ਨਜ਼ਰ ਆਏ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਮੰਗਲਵਾਰ ਨੂੰ 13.2 ਐੱਮਐੱਮ ਬਾਰਸ਼ ਦਰਜ ਕੀਤੀ ਗਈ। ਬਠਿੰਡਾ ਵਿਚ ਦਿਨ ਦਾ ਤਾਪਮਾਨ ਵੱਧ ਤੋਂ ਵੱਧ 28 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਵੇਲੇ ਅਚਾਨਕ ਹਰਿਆਣਾ ਵਾਲੇ ਪਾਸੇ ਤੋਂ ਉੱਠੇ ਬੱਦਲ ਉਠੇ ਜੋ ਮਾਲਵਾ ਖੇਤਰ ਵਿਚ ਖੂਬ ਬਰਸੇ। ਭਾਦੋਂ ਦੇ ਮਹੀਨੇ ਛਾਈਆਂ ਕਾਲੀਆਂ ਘਟਾਵਾਂ ਨੇ ਸਾਉਣ ਮਹੀਨੇ ਦੀ ਯਾਦ ਤਾਜ਼ਾ ਕਰਵਾ ਦਿੱਤੀ।ਇਹ ਮੀਂਹ ਖੇਤੀ ਸੈਕਟਰ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਇਸ ਮੀਂਹ ਨੇ ਮੁੜ੍ਹਕੋ-ਮੁੜ੍ਹਕੀ ਹੋਈ ਪਾਵਰਕੌਮ ਲਈ ਵੀ ਵੱਡੀ ਰਾਹਤ ਦਿੱਤੀ ਹੈ। ਖੇਤੀਬਾੜੀ ਵਿਭਾਗ ਬਠਿੰਡਾ ਦੇ ਮੁੱਖ ਅਫ਼ਸਰ ਜਗਸੀਰ ਸਿੰਘ ਦਾ ਕਹਿਣਾ ਹੈ ਮਾਲਵਾ ਪੱਟੀ ਹੋਈ ਬਰਸਾਤ ਝੋਨੇ ਦੀ ਫ਼ਸਲ ਲਈ ਘਿਉ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਮੀਂਹ ਕਾਰਨ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਅਤੇ ਝੋਨੇ ਦੀ ਗੋਭ ਦੀ ਸੁੰਡੀ ਲਈ ਲਾਹੇਵੰਦ ਹੋਵੇਗਾ। ਮੌਸਮ ਵਿਗਿਆਨੀ ਬਲਜਿੰਦਰ ਸਿੰਘ ਮਾਨ ਨੇ ਆਉਣ ਵਾਲੇ ਤਿੰਨ ਚਾਰ ਦਿਨ ਤੱਕ ਹਲਕੀ ਤੇ ਦਰਮਿਆਨ ਬਾਰਸ਼ ਹੋਣ ਦੀ ਸੰਭਾਵਨਾ ਜਤਾਈ।
ਫ਼ਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਭਾਦੋਂ ਮਹੀਨੇ ਦੀ ਅੱਜ ਹੋਈ ਜ਼ਬਰਦਸਤ ਬਰਸਾਤ ਨੇ ਫ਼ਤਹਿਗੜ੍ਹ ਪੰਜਤੂਰ ਨੂੰ ਜਲਥਲ ਕਰ ਦਿੱਤਾ। ਇਥੋਂ ਦੇ ਸਾਰੇ ਗਲੀ ਮੁਹੱਲੇ ਬਾਰਸ਼ ਦੇ ਪਾਣੀ ਨਾਲ ਡੁੱਬ ਗਏ। ਕਸਬੇ ਦਾ ਮੇਨ ਬਾਜ਼ਾਰ ਖਾਸ ਕਰਕੇ ਗੁਰੂ ਨਾਨਕ ਮਾਰਕੀਟ ਪੂਰੀ ਤਰ੍ਹਾਂ ਮੀਹ ਪਾਣੀ ਨਾਲ ਭਰ ਗਈ ਅਤੇ ਦੁਕਾਨਾਂ ਅੰਦਰ ਪਾਣੀ ਵੜਨ ਗਿਆ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਅੰਦਰ ਵੜ ਰਹੇ ਮੀਂਹ ਦੇ ਪਾਣੀ ਤੋਂ ਬਚਾ ਕੀਤਾ। ਇਥੋਂ ਦੇ ਸਾਰੇ ਹੀ ਗਲੀ ਮਹੱਲਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਅਤੇ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ। ਪਿੰਡ ਮੰਦਰ ਕਲਾਂ ਤੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਭਾਈ ਜੈਤਾ ਜੀ ਦੀ ਯਾਦ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਭਲਾਈ ਸੰਸਥਾ ਵੱਲੋਂ ਹਰੇਕ ਸਾਲ ਸਜਾਏ ਜਾਂਦੇ ਨਗਰ ਕੀਰਤਨ ਨੂੰ ਵੀ ਮੀਂਹ ਨੇ ਪ੍ਰਭਾਵਿਤ ਕੀਤਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁਕਤਸਰ ਖੇਤਰ ’ਚ ਸਾਉਣ ਦਾ ਮਹੀਨਾ ਕਰੀਬ ਸੁੱਕਾ ਲੰਘਣ ਤੋਂ ਬਾਅਦ ਅੱਜ ਅਚਾਨਕ ਹੋਈ ਭਾਰੀ ਬਾਰਸ਼ ਨੇ ਮੁਕਤਸਰ ਖੇਤਰ ਨੂੰ ਜਲਥਲ ਕਰ ਦਿੱਤਾ। ਬਠਿੰਡਾ ਵੱਲੋਂ ਆਏ ਬੱਦਲਾਂ ਨੇ ਕਰੀਬ ਦੋ ਘੰਟੇ ਲਗਾਤਾਰ ਮੀਂਹ ਪਾਇਆ। ਇਸ ਨਾਲ ਸ਼ਹਿਰੀ ਖੇਤਰ ਵਿੱਚ ਭਾਰੀ ਮੁਸੀਬਤ ਬਣਾ ਗਈ। ਮੁਕਤਸਰ ਦੇ ਸਾਰੇ ਬਾਜ਼ਾਰ ਅਤੇ ਅੰਦਰੂਨੀ ਖੇਤਰ ਪਾਣੀ ਨਾਲ ਭਰ ਗਿਆ। ਹਾਲ ਬਜ਼ਾਰ, ਬੈਂਕ ਰੋਡ, ਗਾਂਧੀ ਚੌਂਕ, ਕੋਟਲੀ ਰੋਡ, ਬਾਵਾ ਕਲੋਨੀ ਆਦਿ ਖੇਤਰ ਦੇ ਘਰਾਂ ਵਿੱਚ ਅਤੇ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ। ਇਸ ਦੌਰਾਨ ਚੱਲੀ ਤੇਜ਼ ਹਵਾ ਨੇ ਮੁਸੀਬਤ ਨੂੰ ਹੋਰ ਵਧਾ ਦਿੱਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਇਲਾਕੇ ਵਿੱਚ ਅੱਜ ਦੁਪਹਿਰ ਸਮੇਂ ਭਰਵਾਂ ਮੀਂਹ ਪਿਆ। ਇਸ ਕਾਰਨ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਲੋਕਾਂ ਨੂੰ ਆਉਣ ਜਾਣ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸੀਵਰੇਜ ਦੀ ਸਮੱਸਿਆ ਤੋਂ ਪੀੜਤ ਗੁਰੂ ਅਰਜਨ ਦੇਵ ਨਗਰ ਅਤੇ ਵਾਰਡ ਨੰਬਰ ਇੱਕ ਦੇ ਵਾਸੀਆਂ ਲਈ ਇਹ ਮੀਂਹ ਹੋਰ ਆਫਤ ਬਣ ਕੇ ਬਹੁੜਿਆ ਹੈ। ਦੂਜੇ ਪਾਸੇ ਇਸ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਵੀ ਮਿਲੀ ਹੈ।

Advertisement

ਭਾਦੋਂ ਦੇ ਮੀਂਹ ਨਾਲ ਸੰਗਤ ਮੰਡੀ ਜਲਥਲ

ਸੰਗਤ ਮੰਡੀ ਦੇ ਮੁੱਖ ਬਾਜ਼ਾਰ ’ਚ ਭਰਿਆ ਮੀਂਹ ਦਾ ਪਾਣੀ। -ਫੋਟੋ: ਤੂਰ

ਸੰਗਤ ਮੰਡੀ (ਪੱਤਰ ਪ੍ਰੇਰਕ): ਇਥੇ ਅੱਜ ਦੁਪਿਹਰ ਤੋਂ ਪੈ ਰਹੇ ਭਾਰੀ ਮੀਂਹ ਨਾਲ ਸੰਗਤ ਮੰਡੀ ਜਲਥਲ ਹੋ ਗਈ ਹੈ ਜਿਸ ਕਰਕੇ ਮੀਂਹ ਦਾ ਪਾਣੀ ਕਈ ਲੋਕਾਂ ਦੇ ਮਕਾਨਾਂ ਅਤੇ ਦੁਕਾਨਾਂ ਵਿੱਚ ਦਾਖ਼ਲ ਹੋ ਗਿਆ। ਭਾਰੀ ਮੀਂਹ ਨਾਲ ਜਿੱਥੇ ਗਰਮੀ ਭਰੀ ਹੁੰਮਸ ਤੋਂ ਰਾਹਤ ਮਿਲੀ ਹੈ ਉਥੇ ਸੰਗਤ ਮੰਡੀ ਦੇ ਬਾਜ਼ਾਰਾਂ ਵਿੱਚ ਹੜਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੀਂਹ ਕਾਰਨ ਸੰਗਤ ਮੰਡੀ ਦਾ ਮੇਨ ਬਾਜ਼ਾਰ ਅਤੇ ਬੱਸ ਅੱਡੇ ਨੂੰ ਰੇਲਵੇ ਸਟੇਸ਼ਨਾਂ ਜੋੜਨ ਵਾਲੀ ਮੁੱਖ ਸੜਕ ਉੱਤੇ ਕਈ-ਕਈ ਫੁੱਟ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੀਂਹ ਦਾ ਪਾਣੀ ਮੰਡੀ ਵਾਸੀਆਂ ਦੇ ਕਈ ਘਰਾਂ ਅਤੇ ਦੁਕਾਨਾਂ ਅੰਦਰ ਦਾਖਲ ਹੋ ਗਿਆ। ਲੋਕਾਂ ਵੱਲੋਂ ਆਪਣੇ ਪੱਧਰ ’ਤੇ ਪਾਣੀ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਮੰਡੀ ਵਾਸੀਆਂ ’ਚ ਰੋਸ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ।

Advertisement

Advertisement
Author Image

Advertisement