For the best experience, open
https://m.punjabitribuneonline.com
on your mobile browser.
Advertisement

ਪੈਟਰੋਲ ਪੰਪ ਦੇ ਕਰਿੰਦੇ ਨੂੰ ਲੁੱਟਣ ਵਾਲੇ ਸੱਤ ਮੁਲਜ਼ਮ ਨਗਦੀ ਸਣੇ ਗ੍ਰਿਫ਼ਤਾਰ

08:58 AM Sep 04, 2024 IST
ਪੈਟਰੋਲ ਪੰਪ ਦੇ ਕਰਿੰਦੇ ਨੂੰ ਲੁੱਟਣ ਵਾਲੇ ਸੱਤ ਮੁਲਜ਼ਮ ਨਗਦੀ ਸਣੇ ਗ੍ਰਿਫ਼ਤਾਰ
ਬਠਿੰਡਾ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐੱਸਐੱਸਪੀ ਅਮਨੀਤ ਕੌਂਡਲ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ/ਧਰਮਪਾਲ ਸਿੰਘ ਤੂਰ
ਬਠਿੰਡਾ/ਸੰਗਤ ਮੰਡੀ, 3 ਸਤੰਬਰ
ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਕੱਲ੍ਹ 5 ਲੱਖ ਰੁਪਏ ਦੀ ਨਗਦੀ ਖੋਹ ਕੇ ਫ਼ਰਾਰ ਹੋਣ ਵਾਲੇ ਕਥਿਤ ਗਰੋਹ ਦੇ 7 ਮੈਂਬਰਾਂ ਨੂੰ ਬਠਿੰਡਾ ਪੁਲੀਸ ਨੇ ਕੁਝ ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਇਹ ਖੁਲਾਸਾ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਕੋਲੋਂ ਪੰਜ ਲੱਖ ਦੀ ਨਗਦੀ ਸਮੇਤ ਵਾਰਦਾਤ ਸਮੇਂ ਵਰਤੇ ਗਏ 4 ਲੋਹੇ ਦੇ ਰਾਡ, ਇੱਕ ਹਥੌੜਾ ਅਤੇ 3 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਸਾਰੇ ਮੁਲਜ਼ਮ ਬਠਿੰਡਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ ਜਿਨ੍ਹਾਂ ਦੀ ਪਛਾਣ ਜਸਵੀਰ ਸਿੰਘ ਉਰਫ਼ ਜੱਸਾ ਵਾਸੀ ਜੋਧਪੁਰ ਰੋਮਾਣਾ, ਅਜੈਬ ਸਿੰਘ ਉਰਫ ਬਿੱਲਾ ਵਾਸੀ ਚੱਕ ਰਲਦੂ ਸਿੰਘ ਵਾਲਾ, ਅਵਤਾਰ ਸਿੰਘ ਉਰਫ ਮੋਟਾ ਵਾਸੀ ਗਹਿਰੀ ਬੁੱਟਰ, ਸੁਖਵੀਰ ਸਿੰਘ ਉਰਫ ਬੰਟੀ ਵਾਸੀ ਫੂਸ ਮੰਡੀ, ਜਗਜੀਤ ਸਿੰਘ ਉਰਫ ਜੱਗਾ ਵਾਸੀ ਫੂਸ ਮੰਡੀ, ਬੌਬੀ ਸਿੰਘ ਵਾਸੀ ਚੱਕ ਰਲਦੂ ਸਿੰਘ ਵਾਲਾ, ਨਗਵੀਰ ਸਿੰਘ ਉਰਫ ਨਵੀ ਵਾਸੀ ਗਹਿਰੀ ਬੁੱਟਰ ਵਜੋਂ ਹੋਈ ਹੈ।ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ ਜਸਵੀਰ ਸਿੰਘ ਉਰਫ ਜੱਸਾ ਪੈਟਰੋਲ ਪੰਪ ’ਤੇ ਮੌਜੂਦ ਸੀ ਅਤੇ ਉਸ ਨੇ ਕਰਿੰਦੇ ਨੂੰ ਨਗਦੀ ਲਿਜਾਂਦਿਆਂ ਵੇਖ ਲਿਆ। ਜੱਸੇ ਨੇ ਆਪਣੇ ਦੋਸਤ ਅਜੈਬ ਸਿੰਘ ਉਰਫ ਬਿੱਲਾ ਨੂੰ ਵ੍ਹੱਟਸਐਪ ਮੈਸੇਜ/ਕਾਲ ਰਾਹੀਂ ਪੈਟਰੌਲ ਪੰਪ ਦੇ ਕੈਸ਼ੀਅਰ ਦੇ ਜਾਣ ਦੀ ਸੂਚਨਾ ਦਿੱਤੀ।
ਇਸ ਤੋਂ ਬਾਅਦ ਅਜੈਬ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਰਸਤੇ ਵਿੱਚ ਘੇਰ ਕੇ ਉਸ ਕੋਲੋਂ 5 ਲੱਖ ਰੁਪਏ ਦੀ ਨਗਦੀ ਖੋਹ ਲਈ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਮੁੱਢਲੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਵੱਲੋਂ ਇਸ ਵਾਰਦਾਤ ਨੂੰ ਪਹਿਲਾਂ ਰੱਖੜੀ ਵਾਲੇ ਦਿਨ ਅੰਜਾਮ ਦੇਣਾ ਸੀ ਪਰ ਉਹ ਅਸਫ਼ਲ ਰਹੇ। ਜ਼ਿਲ੍ਹਾ ਪੁਲੀਸ ਕਪਤਾਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਲੰਘੇ ਸੋਮਵਾਰ ਜੋਧਪੁਰ ਰੋਮਾਣਾ ਅਤੇ ਜੱਸੀ ਪੌ ਵਾਲੀ ਪਿੰਡਾਂ ਵਿਚਕਾਰਲੇ ਰਸਤੇ ’ਚ ਰੇਲਵੇ ਫਾਟਕ ਨੇੜਿਓਂ ਪੰਜ ਨਕਾਬਪੋਸ਼ ਮੋਟਰਸਾਈਕਲ ਲੁਟੇਰਿਆਂ ਵੱਲੋਂ ਰਿਲਾਇੰਸ ਪੰਪ ਦੇ ਕਾਰਿੰਦੇ ਤਰਜਿੰਦਰ ਸਿੰਘ ਤੋਂ ਪੰਜ ਲੱਖ ਰੁਪਏ ਖੋਹ ਲਏ ਗਏ ਸਨ। ਇਸ ਸਬੰਧ ’ਚ ਪੁਲੀਸ ਵੱਲੋਂ ਥਾਣਾ ਸਦਰ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਸੀ।

Advertisement

Advertisement
Advertisement
Author Image

Advertisement