ਧਰਤੀ ਦਾ ਸਵਰਗ
ਵਿਕਾਸ ਕਪਿਲਾ
ਗੱਲ ਛੋਟੇ ਹੁੰਦਿਆਂ ਦੀ ਹੈ। ਪਿੰਡਾਂ ਸ਼ਹਿਰਾਂ ਵਿੱਚ ਗੈਸ ਚੁੱਲ੍ਹੇ ਆਏ ਨਹੀਂ ਸੀ। ਘਰ ਦੀਆਂ ਸੁਆਣੀਆਂ ਚੌਂਕੇ ਦੇ ਕੰਮ ਵਿੱਚ ਹੀ ਰੁੱਝੀਆਂ ਰਹਿੰਦੀਆਂ। ਸਾਰਾ ਦਿਨ ਸਾਂਝੀਆਂ ਤੇ ਸੀਰੀਆਂ ਦੇ ਰੋਟੀ ਟੁੱਕ ਦਾ ਆਹਰ ਕਰੀ ਜਾਂਦੀਆਂ। ਮਿੱਟੀ ਦੇ ਚੁੱਲ੍ਹੇ ਵਿੱਚ ਜਦ ਇੱਕ ਵਾਰ ਲੱਕੜਾਂ ਮਘਾ ਲੈਣੀਆਂ, ਫਿਰ ਰਾਤ ਨੂੰ ਹੀ ਜਾ ਕੇ ਚੁੱਲ੍ਹਾ ਬੁਝਾਉਣਾ। ਘਰ ਦੀ ਇੱਕ ਕੋਠੜੀ ਲੱਕੜਾਂ ਨਾਲ ਭਰੀ ਰਹਿਣੀ। ਹਰ ਸਾਲ ਬਾਪੂ ਨੇ ਲੱਕੜ ਮੰਡੀ ਜਾ ਕੇ ਲੱਕੜਾਂ ਦਾ ਗੱਡਾ ਲੈ ਆਉਣਾ ਤੇ ਫਿਰ ਕੁਝ ਕਸ਼ਮੀਰੀਆਂ ਨੇ ਘਰ-ਘਰ ਜਾ ਕੇ ਲੱਕੜਾਂ ਪਾੜਨ ਬਾਰੇ ਹੋਕਾ ਲਾਉਣਾ ਤੇ ਬਦਲੇ ਵਿੱਚ ਅਨਾਜ ਜਾਂ ਪੈਸੇ ਜੋ ਮਿਲਣਾ, ਉਹ ਲੈ ਜਾਣਾ ਤੇ ਲੱਕੜਾਂ ਪਾੜ ਕੇ ਬਾਲਣ ਬਣਾ ਕੇ ਕੋਠੜੀ ਵਿੱਚ ਭਰ ਦੇਣਾ। ਸਮਾਂ ਬਹੁਤ ਔਕੜਾਂ ਭਰਿਆ ਪਰ ਮਜ਼ੇਦਾਰ ਸੀ।
ਇਹ ਸਭ ਕੁਝ ਅੱਖਾਂ ਅੱਗੇ ਕਿਸੇ ਸੁਫਨੇ ਵਾਂਗ ਘੁੰਮ ਗਿਆ ਜਦ ਲਾਗਲੇ ਪਿੰਡ ਰਾਸ਼ਨ ਵੰਡਣ ਲਈ ਡੀਪੂ ’ਤੇ ਬੈਠਾ ਸੀ। ਕੁਹਾੜੀ ਚੁੱਕੀ ਕਸ਼ਮੀਰੀ ਮੇਰੇ ਲਾਗੇ ਥੜ੍ਹੇ ’ਤੇ ਆ ਬੈਠਾ। ਉਸ ਨੂੰ ਦੇਖ ਕੇ ਪਹਿਲਾਂ ਤਾਂ ਇਹੋ ਗੱਲ ਦਿਮਾਗ ਵਿੱਚ ਆਈ ਕਿ ਇਹ ਹੁਣ ਕਿਹੜਾ ਕੰਮ ਭਾਲਦਾ ਫਿਰਦਾ ਇਸ ਪਿੰਡ ਵਿੱਚ; ਜਦ ਹਰ ਘਰ ਵਿੱਚ ਤਾਂ ਗੈਸ ਦੇ ਚੁੱਲ੍ਹੇ ਬਲਦੇ ਨੇ। ਹੁਣ ਤਾਂ ਡੀਪੂਆਂ ’ਤੇ ਮਿੱਟੀ ਦਾ ਤੇਲ ਆਉਣਾ ਵੀ ਬੰਦ ਹੋ ਚੁੱਕਿਆ। ਪਹਿਲਾਂ ਤਾਂ ਲੱਗਿਆ ਕਿ ਕਿਤੇ ਕਣਕ ਵੰਡਦੇ ਦੇਖ ਕੇ ਰਾਸ਼ਨ ਦੀ ਭਾਲ ਵਿੱਚ ਹੀ ਨਾ ਆ ਬੈਠਾ ਹੋਵੇ ਪਰ ਜਦ ਗੱਲ ਤੁਰੀ ਤਾਂ ਕਹਿੰਦਾ- “ਸਾਰੇ ਪਿੰਡ ਵਿੱਚ ਗੇੜਾ ਮਾਰ ਆਇਆਂ, ਦੋ ਕੁ ਘਰਾਂ ਵਿੱਚ ਹੀ ਕੰਮ ਮਿਲਿਆ, ਉਂਝ ਅੱਜ ਜੋਗਾ ਕੰਮ ਹੋ ਗਿਆ।” ਉਸ ਦੀ ਇਸ ਗੱਲ ’ਤੇ ਉਤਸੁਕਤਾ ਹੋਈ ਕਿ ਇਹ ਆਪਣੇ ਘਰ ਤੋਂ ਇੰਨੀ ਦੂਰ ਰੋਜ਼ ਦੇ ਰੋਟੀ ਟੁੱਕ ਜੋਗਾ ਕਮਾਉਣ ਤਾਂ ਆਇਆ ਨਹੀਂ ਹੋਣਾ, ਪਿੱਛੇ ਘਰ-ਪਰਿਵਾਰ ਵੀ ਹੋਵੇਗਾ, ਉਹ ਵੀ ਤਾਂ ਸੋਚਦੇ ਹੋਣਗੇ ਕਿ ਪਿਓ ਦੂਜੀ ਜਗ੍ਹਾ ਕਮਾਉਣ ਗਿਆ ਤਾਂ ਘਰ ਦੇ ਗੁਜ਼ਾਰੇ ਜੋਗਾ ਕੁਝ ਭੇਜੇਗਾ। ਮੇਰੇ ਕੋਲੋਂ ਰਿਹਾ ਨਾ ਗਿਆ, ਉਹਨੂੰ ਪੁੱਛ ਬੈਠਾ।
ਉਸ ਦਾ ਨਾਂ ਬਸ਼ੀਰ ਖਾਨ ਸੀ ਪਰ ਪਿੰਡ ਵਿੱਚ ਲੋਕ ਉਸ ਨੂੰ ਬਸ਼ੀਰਾ ਆਖਦੇ। ਹਰ ਸਾਲ ਮਈ ਜੂਨ ਵਿੱਚ ਉਹ ਪੰਜਾਬ ਆ ਜਾਂਦਾ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਘੁੰਮ ਫਿਰ ਕੇ ਜਿਸ ਘਰ ਵਿੱਚ ਵੀ ਲੱਕੜਾਂ ਪਾੜਨ ਦਾ ਕੰਮ ਹੁੰਦਾ, ਕਰ ਦਿੰਦਾ। ਲੋਕਾਂ ਦੇ ਘਰਾਂ ਵਿੱਚ ਨਵਾਂ ਅਨਾਜ ਆ ਚੁੱਕਾ ਹੁੰਦਾ; ਸੋ, ਪੈਸੇ ਅਨਾਜ ਜੋ ਮਿਲਦਾ, ਲੈ ਲੈਂਦਾ ਹਾਂ। ਕਹਿੰਦਾ- “ਸਾਡੇ ਵੱਲ ਦਿਹਾੜੀ ਮੁਸ਼ਕਿਲ ਨਾਲ ਮਿਲਦੀ, ਹਾਲਾਤ ਇੰਨੇ ਖਰਾਬ ਨੇ ਕਿ ਕਈ ਵਾਰ ਤਾਂ ਭੁੱਖੇ ਹੀ ਸੌਣਾ ਪੈਂਦਾ। ਇਨ੍ਹਾਂ ਪਿੰਡਾਂ ਵਿੱਚ ਮੈਂ ਬਹੁਤ ਸਾਲਾਂ ਤੋਂ ਆਉਂਦਾ ਹਾਂ, ਇਸ ਲਈ ਸਭ ਨਾਲ ਪਿਆਰ ਤੇ ਨੇੜਤਾ ਬਣੀ ਹੋਈ ਹੈ ਤੇ ਤੰਗੀ ਤੁਰਸ਼ੀ ਵਿੱਚ ਵੀ ਕਈ ਲੋਕ ਮਦਦ ਕਰ ਦਿੰਦੇ।”
ਮੈਂ ਪੁੱਛਿਆ, “ਘਰ ਵਿੱਚ ਹੋਰ ਕੌਣ ਹੈ?” ਕਹਿੰਦਾ, “ਮੇਰੇ ਦੋ ਬੱਚੇ ਹਨ- ਮੁੰਡਾ ਤੇ ਕੁੜੀ। ਉਨ੍ਹਾਂ ਨੂੰ ਆਪਣੇ ਛੋਟੇ ਭਰਾ ਤੇ ਉਸ ਦੀ ਘਰਵਾਲੀ ਕੋਲ ਛੱਡ ਕੇ ਆਇਆਂ।” ਮੇਰੇ ਮੂੰਹੋਂ ਆਪ ਮੁਹਾਰੇ ਹੀ ਸਵਾਲ ਫੁੱਟਿਆ, “ਤੇ ਤੇਰੀ ਘਰਵਾਲੀ?” ਉਸ ਨੇ ਜੋ ਜਵਾਬ ਦਿੱਤਾ, ਉਸ ਨੇ ਮੈਨੂੰ ਜਿਵੇਂ ਉੱਥੇ ਹੀ ਜਮਾ ਦਿੱਤਾ ਹੋਵੇ। ਕਹਿੰਦਾ, “ਮੇਰਾ ਪਿੰਡ ਸ੍ਰੀਨਗਰ ਤੋਂ 30 ਕੁ ਕਿਲੋਮੀਟਰ ’ਤੇ ਹੈ। ਪਿੰਡ ਨੂੰ ਕੋਈ ਸੜਕ ਵੀ ਨਹੀਂ ਜਾਂਦੀ। ਬੱਸ ਕੱਚਾ ਪਹਾ ਏ ਜੋ ਪਹਾੜੀਆਂ ’ਚੋਂ ਹੋ ਕੇ ਨਿਕਲਦਾ। ਘਰਵਾਲੀ ਹਾਮਲਾ ਸੀ ਤੇ ਅਚਾਨਕ ਜਦ ਰਾਤ ਨੂੰ ਦਰਦ ਉੱਠਿਆ ਤਾਂ ਪਾਲਕੀ ਵਿੱਚ ਪਾ ਕੇ ਦੋ ਬੰਦੇ ਸ਼ਹਿਰ ਦੇ ਵੱਡੇ ਹਸਪਤਾਲ ਲੈ ਤੁਰੇ, ਰਸਤਾ ਊਭੜ-ਖਾਬੜ ਸੀ ਤੇ ਹਲੂਣਾ ਬਹੁਤ ਲੱਗ ਰਿਹਾ ਸੀ। ਰਸਤਾ ਲੰਮਾ ਵੀ ਸੀ ਤੇ ਬੱਸ! ਰਸਤੇ ਵਿੱਚ ਉਸ ਤੋਂ ਦਰਦ ਨਾ ਸਹਿ ਹੋਇਆ ਤੇ ਦਮ ਤੋੜ ਦਿੱਤਾ।” ਮੈਨੂੰ ਲੱਗਿਆ, ਇਹ ਗੱਲ ਇੰਨੀ ਛੋਟੀ ਨਹੀਂ ਸੀ, ਜਿੰਨੀ ਸੁਖਾਲੀ ਇਹ ਮੈਨੂੰ ਦੱਸ ਗਿਆ। ਇਹ ਦੱਸਣ ਲਈ ਵੀ ਫੌਲਾਦ ਦਾ ਜਿਗਰਾ ਚਾਹੀਦਾ ਸੀ।
ਉਸ ਨੇ ਦੱਸਿਆ ਕਿ ਖਰਾਬ ਹਾਲਾਤ ਕਰ ਕੇ ਸੈਰ-ਸਪਾਟੇ ਦੇ ਕਾਰੋਬਾਰ ’ਤੇ ਵੀ ਅਸਰ ਪਿਆ ਹੈ, ਸੈਲਾਨੀ ਬਹੁਤ ਘਟ ਗਏ ਨੇ ਤੇ ਜੋ ਆਮਦਨ ਉਨ੍ਹਾਂ ਦੇ ਆਉਣ ’ਤੇ ਹੁੰਦੀ ਸੀ, ਉਹ ਵੀ ਜਾਂਦੀ ਰਹੀ। ਲੱਕੜਾਂ ਵਾਲਾ ਕੰਮ ਵੀ ਹੁਣ ਨਾ ਬਰਾਬਰ ਹੀ ਹੈ। ਕੋਈ ਸਮਾਂ ਸੀ ਜਦ ਇੱਕ ਪਿੰਡ ਵਿੱਚ ਹੀ ਮਹੀਨਾ-ਮਹੀਨਾ ਕੰਮ ਮਿਲੀ ਜਾਂਦਾ ਸੀ, ਹੁਣ ਦਸ ਪਿੰਡ ਘੁੰਮ ਕੇ ਵੀ ਓਨਾ ਕੰਮ ਨਹੀਂ ਮਿਲਦਾ। ਬੱਸ ਇੱਕ ਪਿਆਰ ਹੈ ਜੋ ਇੱਥੇ ਖਿੱਚ ਲਿਆਉਂਦਾ। ਸਾਡੇ ਬੱਚੇ ਵੀ ਹੁਣ ਕੰਮ ਕਰਦੇ ਨੇ; ਮੁੰਡੇ ਦਿੱਲੀ ਜਾ ਕੇ ਹੋਟਲਾਂ ’ਚ ਤੇ ਕੁੜੀਆਂ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਰਹੇ ਨੇ। ਠੇਕੇਦਾਰ ਪਿੰਡਾਂ ਵਿੱਚ ਘੁੰਮ-ਘੁੰਮ ਕੇ ਬੱਚੇ ਲੈ ਜਾਂਦੇ ਤੇ ਵੱਡੇ ਸ਼ਹਿਰਾਂ ਵਿੱਚ ਨੌਕਰ ਲੁਆ ਦਿੰਦੇ। ਘਰਦੇ ਵੀ ਸੋਚਦੇ ਕਿ ਇੱਥੇ ਰਹੇ ਤਾਂ ਪਤਾ ਨਹੀਂ ਜਿਊਂਦੇ ਵੀ ਰਹਿਣਗੇ ਕਿ ਨਹੀਂ। ਜੇ ਕੰਮ ਕਾਰ ਕਰ ਲੈਣਗੇ ਤਾਂ ਘਰ ਦਾ ਚੁੱਲ੍ਹਾ ਵੀ ਬਲਦਾ ਰਹੂ।
ਇਹ ਕਹਿੰਦਿਆਂ ਉਹ ਉਦਾਸੀ ’ਚ ਡੁੱਬ ਕੇ ਚੁੱਪ ਹੋ ਗਿਆ।
ਮੈਂ ਸੋਚ ਰਿਹਾ ਸੀ ਕਿ ਜਿਸ ਨੂੰ ਅਸੀਂ ਧਰਤੀ ਦਾ ਸਵਰਗ ਕਹਿੰਦੇ ਹਾਂ, ਉਸ ਦੀ ਹਕੀਕਤ ਕਿੰਨੀ ਦਰਦ ਭਰੀ ਹੈ।
ਸੰਪਰਕ: 98155-19519