ਠੰਢ ਤੋਂ ਬਚਣ ਲਈ ਪੰਡਾਲ ’ਚ ਹੀਟਰ ਲਾਏ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 28 ਦਸੰਬਰ
ਢਾਬੀ ਗੁੱਜਰਾਂ ਬਾਰਡਰ ’ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਵਜੋਂ ਪਹਿਰਾ ਦਿੰਦੇ ਨੌਜਵਾਨਾਂ ਅਤੇ ਰਾਤ ਸਮੇਂ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਤੋਂ ਬਚਾਉਣ ਲਈ ਮੋਰਚੇ ’ਤੇ ਹੀਟਰ ਲਾ ਦਿੱਤੇ ਹਨ। ਹੀਟਰ ਇੰਨੀ ਗਰਮੀ ਪੈਦਾ ਕਰਦੇ ਹਨ ਕਿ ਇਸ ਦੇ ਚੱਲਦਿਆਂ ਪੰਜ-ਪੰਜ ਮੀਟਰ ਦੂਰੀ ਤੱਕ ਠੰਢ ਨਹੀਂ ਲੱਗਦੀ। ਰਾਤ ਨੂੰ ਕਿਸਾਨ ਸਟੇਜ ਵਾਲੀ ਥਾਂ ’ਤੇ ਪੰਡਾਲ ਵਿੱਚ ਆਸਾਨੀ ਨਾਲ ਸੁੱਤੇ ਰਹਿੰਦੇ ਹਨ। ਕਿਸਾਨਾਂ ਨੇ ਦੱਸਿਆ ਕਿ ਇਹ ਹੀਟਰ ਗੈਸ ਸਿਲੰਡਰ ’ਤੇ ਚੱਲਦਾ ਹੈ। ਇਸ ’ਚ ਇੱਕ ਵੱਡੀ ਪਾਈਪ ’ਤੇ ਬਰਨਰ ਫਿੱਟ ਕਰਕੇ ਸੇਕ ਨੂੰ ਉੱਪਰ ਜਾਣ ਤੋਂ ਰੋਕਣ ਲਈ ਇੱਕ ਤਵੀ ਲਾਈ ਹੋਈ ਹੈ, ਜਿਸ ਕਾਰਨ ਸੇਕ ਦੂਰ ਦੂਰ ਤੱਕ ਫੈਲਦਾ ਹੈ ਤੇ ਕਿਸਾਨਾਂ ਨੂੰ ਠੰਢ ਨਹੀਂ ਲੱਗਦੀ। ਇਸ ਦੇ ਚੱਲਦਿਆਂ ਰਾਤ ਨੂੰ ਪਹਿਰਾ ਦੇ ਰਹੇ ਕਿਸਾਨਾਂ ਨੂੰ ਧੂਣੀਆਂ ਆਦਿ ਲਾਉਣ ਦੀ ਲੋੜ ਨਹੀਂ ਪੈਂਦੀ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 34 ਦਿਨ ਬੀਤ ਜਾਣ ਕਾਰਨ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸੇ ਦੌਰਾਨ ਪੰਡਾਲ ਵਿੱਚ ਬੈਠੇ 9-10 ਸਾਲ ਦੇ ਸੁਖਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ (ਬਾਪੂ) ਕਿਸਾਨ ਆਗੂ ਮਰਨ ਵਰਤ ’ਤੇ ਬੈਠਾ ਹੈ ਹੁਣ ਉਹ ਜਿੱਤ ਦੇ ਝੰਡੇ ਗੱਡ ਕੇ ਹ ਘਰਾਂ ਨੂੰ ਜਾਣਗੇ ਇਹ ਠੰਢ ਗਰਮੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੀ। ਦੂਸਰੇ ਪਾਸੇ ਕਿਸਾਨ ਠੰਢ ਦੀ ਪ੍ਰਵਾਹ ਨਾ ਕਰਦੇ ਹੋਏ ਲੰਗਰ ਦੀ ਰੋਜ਼ਾਨਾ ਸੇਵਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਕੁਝ ਕਿਸਾਨ ਬਾਰਡਰ ’ਤੇ ਆਰਜ਼ੀ ਕੁੱਲੀਆਂ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਮੋਰਚੇ ਦੀ ਚੜ੍ਹਦੀਕਲਾ ਲਈ ਅਰਦਾਸਾਂ ਕਰ ਰਹੇ ਹਨ। ਕਿਸਾਨ ਆਗੂ ਮਨਜੀਤ ਸਿੰਘ ਨਿਆਲ, ਯਾਦਵਿੰਦਰ ਸਿੰਘ ਬੁਰੜ ਰਾਜ ਸਿੰਘ ਥੇੜੀ ਅਤੇ ਦਲਬਾਗ ਸਿੰਘ ਹਰੀਗੜ੍ਹ ਨੇ ਦੱਸਿਆ ਕਿ ਕਿਸਾਨ ਕੁਦਰਤੀ ਆਫਤਾਂ, ਸਰਕਾਰ ਦੇ ਜ਼ਬਰ ਨੂੰ ਆਪਣੇ ਪਿੰਡੇ ’ਤੇ ਹੰਡਾ ਕੇ ਵੀ ਅਕਾਲ ਪੁਰਖ ਦਾ ਸ਼ੁਕਰ ਕਰਦਾ ਹੈ। ਇਸੇ ਕਰਕੇ ਇਸ ਨੂੰ ਅੰਨਦਾਤੇ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ।
ਇਸ ਦੌਰਾਨ ਕਿਸਾਨ ਆਗੂ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਅਣਦੇਖੀ ਵਿੱਰੁਧ ਪੰਜਾਬ ਰੋਡਵੇਜ਼, ਪੀਆਰਟੀਸੀ ਦੇ ਕਾਮੇ, ਟਰਾਂਸਪੋਰਟ ਯੂਨੀਅਨਾਂ, ਦੋਧੀ ਡੇਅਰੀ ਵਾਲੇ ਜਥੇਬੰਦੀਆਂ ਅਤੇ ਮੁਲਜ਼ਮਾਂ ਯੂਨੀਅਨਾਂ ਨੇ ਬੰਦ ਸਫ਼ਲ ਬਣਾਉਣ ਦਾ ਐਲਾਨ ਕੀਤਾ ਹੈ। ਦੋਵੇਂ ਫੋਰਮਾਂ ਵੱਲੋਂ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਨੂੰ ਅਤੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਿ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਕਰਨ।
ਕੇਂਦਰ ਨੇ ਕਿਸਾਨਾਂ ਨਾਲ ਧੋਖਾ ਕੀਤਾ: ਜਸਵੀਰ ਸਿੰਘ ਰੋਡੇ
ਮਸਤੂਆਣਾ ਸਾਹਿਬ (ਸੰਗਰੂਰ) (ਸਤਨਾਮ ਸਿੰਘ ਸੱਤੀ): ਕਿਸਾਨੀ ਸੰਘਰਸ਼ ਵਿੱਚ ਜੂਝ ਰਹੇ 33 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਅਤੇ ਮੋਰਚੇ ਦੀ ਫਤਿਹ ਲਈ ਅੱਜ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਪੰਥਕ ਧਿਰਾਂ ਵੱਲੋਂ ਖਨੌਰੀ ਬਾਰਡਰ ਲਈ ਕੂਚ ਕੀਤਾ ਗਿਆ। ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਇਸ ਮੌਕੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਰੋਡੇ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਚਰਨਜੀਤ ਸਿੰਘ ਜੱਸੋਵਾਲ, ਜਥੇਦਾਰ ਨਰਿੰਦਰ ਸਿੰਘ ਕਾਲਾਬੂਲਾ ਅਤੇ ਜਥੇਬੰਦੀ ਦੇ ਸਿੰਘਾਂ ਦਾ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਉਹ ਸ਼ਾਮ ਸਮੇਂ ਮੋਰਚੇ ’ਤੇ ਪੁੱਜੇ ਗਏ। ਭਾਈ ਜਸਵੀਰ ਸਿੰਘ ਰੋਡੇ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਅਤੇ ਪਹਿਲੇ ਕਿਸਾਨੀ ਅੰਦੋਲਨ ਮੌਕੇ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਈ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਡੱਲੇਵਾਲ ਨੂੰ ਸਰੀਰਕ ਤੌਰ ’ਤੇ ਕੋਈ ਨੁਕਸਾਨ ਪਹੁੰਚਦਾ ਹੈ ਅਤੇ ਇਸ ਕਾਰਨ ਸਥਿਤੀ ਵਿਗੜਦੀ ਹੈ ਤਾਂ ਇਸ ਦੀ ਸਿੱਧੇ ਸਿੱਧੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ।