For the best experience, open
https://m.punjabitribuneonline.com
on your mobile browser.
Advertisement

ਤਿੱਖੀ ਧੁੱਪ ਨਿਕਲਣ ਕਾਰਨ ਸ਼ਹਿਰ ’ਚ ਗਰਮੀ ਵਧੀ

07:36 AM Apr 09, 2024 IST
ਤਿੱਖੀ ਧੁੱਪ ਨਿਕਲਣ ਕਾਰਨ ਸ਼ਹਿਰ ’ਚ ਗਰਮੀ ਵਧੀ
ਗਰਮੀ ਤੋਂ ਬਚਣ ਲਈ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਫੁੱਲਾਂ ਨਾਲ ਲੱਦੀਆਂ ਝਾੜੀਆਂ ਹੇਠ ਅਰਾਮ ਕਰਦੇ ਹੋਏ ਲੋਕ। -ਫੋਟੋ: ਹਿਮਾਂਸ਼ੂ
Advertisement

ਸਤਵਿੰਦਰ ਬਸਰਾ
ਲੁਧਿਆਣਾ, 8 ਅਪਰੈਲ
ਗਰਮੀਆਂ ਵਿੱਚ ਪੂਰੇ ਸੂਬੇ ਨਾਲੋਂ ਵੱਧ ਗਰਮ ਹੁੰਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਨਿਕਲ ਰਹੀ ਧੁੱਪ ਕਾਰਨ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਸੋਮਵਾਰ ਦੁਪਹਿਰ ਸਮੇਂ ਇਸ ਸਾਲ ਦੇ ਅਪਰੈਲ ਮਹੀਨੇ ਦਾ ਸਭ ਤੋਂ ਗਰਮ ਦਿਨ ਰਿਹਾ। ਇਸ ਗਰਮੀ ਤੋਂ ਬਚਣ ਲਈ ਲੋਕ ਦਰੱਖਤਾਂ ਦੀ ਛਾਂ ਹੇਠਾਂ ਸੁੱਤੇ ਦੇਖੇ ਗਏ। ਪਿਛਲੇ ਤਿੰਨ-ਚਾਰ ਦਿਨ ਤੋਂ ਲੁਧਿਆਣਾ ਵਿੱਚ ਤਿੱਖੀ ਧੁੱਪ ਨਿਕਲ ਰਹੀ ਹੈ। ਇਸ ਕਾਰਨ ਗਰਮੀ ਦਾ ਦਿਨੋਂ ਦਿਨ ਪਾਸਾਰਾ ਹੁੰਦਾ ਜਾ ਰਿਹਾ ਹੈ।
ਇਸ ਸਾਲ ਦੇ ਅਪਰੈਲ ਮਹੀਨੇ ਹੁਣ ਤੱਕ ਸਭ ਤੋਂ ਵੱਧ ਤਾਪਮਾਨ 31-32 ਡਿਗਰੀ ਸੈਲਸੀਅਸ ਤੱਕ ਰਿਹਾ ਹੈ ਪਰ ਸੋਮਵਾਰ ਨੂੰ ਇਹ ਤਾਪਮਾਨ 33.6 ਡਿਗਰੀ ਸੈਲਸੀਅਸ ਤੱਕ ਵਧ ਗਿਆ। ਇਸ ਵਧੀ ਹੋਈ ਗਰਮੀ ਅਤੇ ਸਰਕਾਰੀ ਛੁੱਟੀ ਹੋਣ ਕਾਰਨ ਦੁਪਹਿਰ ਸਮੇਂ ਸੜਕਾਂ ’ਤੇ ਭੀੜ ਆਮ ਦਿਨਾਂ ਦੇ ਮੁਕਾਬਲੇ ਕਾਫੀ ਘੱਟ ਰਹੀ। ਮੌਸਮ ਵਿੱਚ ਆਏ ਇਸ ਬਦਲਾਅ ਕਾਰਨ ਫੁੱਲ-ਬੂਟੇ ਵੀ ਪੂਰੇ ਜ਼ੋਬਨ ’ਤੇ ਦਿਖਾਈ ਦੇ ਰਹੇ ਹਨ। ਸੜਕਾਂ ਦੇ ਕਿਨਾਰਿਆਂ ’ਤੇ ਲੱਗੀਆਂ ਵੇਲਾਂ ਵੀ ਫੁੱਲਾਂ ਨਾਲ ਭਰ ਗਈਆਂ ਹਨ। ਕਣਕ ਦੀ ਫਸਲ ਵੀ ਸੁਨਹਿਰੀ ਹੋਣੀ ਸ਼ੁਰੂ ਹੋ ਗਈ ਹੈ। ਇਸ ਗਰਮੀ ਤੋਂ ਬਚਣ ਲਈ ਕਈ ਬੇ-ਘਰੇ ਲੋਕ ਗੁਰੂ ਨਾਨਕ ਸਟੇਡੀਅਮ ਦੇ ਸਾਹਮਣੇ ਫੁੱਲਾਂ ਨਾਲ ਲੱਦੀਆਂ ਝਾੜੀਆਂ ਦੀ ਛਾਂ ਹੇਠਾਂ ਅਰਾਮ ਕਰਦੇ ਵੀ ਨਜ਼ਰੀ ਪਏ। ਉੱਧਰ ਪੀਏਯੂ ਦੇ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 33.6 ਅਤੇ ਘੱਟ ਤੋਂ ਘੱਟ ਤਾਪਮਾਨ 15.6 ਡਿਗਰੀ ਦਰਜ ਕੀਤਾ ਹੈ। ਸ਼ਹਿਰ ਦੇ ਬਾਜ਼ਾਰਾਂ ਵਿੱਚ ਪਾਣੀ ਠੰਢਾ ਕਰਨ ਲਈ ਬਿਜਲਈ ਯੰਤਰਾਂ ਤੋਂ ਇਲਾਵਾ ਗਰੀਬ ਲੋਕਾਂ ਦੇ ਦੇਸੀ ਫਰਿੱਜ ਵਜੋਂ ਜਾਣੇ ਜਾਂਦੇ ਟੂਟੀਆਂ ਵਾਲੇ ਘੜੇ ਵੀ ਵਿਕਣੇ ਸ਼ੁਰੂ ਹੋ ਗਏ ਹਨ। ਸਥਾਨਕ ਫਿਰੋਜ਼ਪੁਰ ਰੋਡ, ਜਲੰਧਰ ਬਾਈਪਾਸ ਰੋਡ, ਸ਼ਿੰਗਾਰ ਸਿਨੇਮਾ ਰੋਡ ਅਤੇ ਚੰਡੀਗੜ੍ਹ ਰੋਡ ’ਤੇ ਅਜਿਹੇ ਘੜੇ ਰੱਖੇ ਦੇਖੇ ਜਾ ਸਕਦੇ ਹਨ।

Advertisement

Advertisement
Author Image

Advertisement
Advertisement
×