ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੜ੍ਹਾਂ ਨੇ ਡੋਬੇ ਧੀਆਂ ਵਿਆਹੁਣ ਦੇ ਸੁਫ਼ਨੇ

08:46 AM Jul 26, 2023 IST
ਪਿੰਡ ਗੱਟਾ ਮੁੰਡੀ ਕਾਸੂ ਨੇੜੇ ਧੁੱਸੀ ਬੰਨ੍ਹ ਪੂਰਦੇ ਹੋਏ ਲੋਕ। -ਫੋਟੋ: ਮਲਕੀਅਲ ਸਿੰਘ

ਅਕਾਂਕਸ਼ਾ ਐੱਨ. ਭਾਰਦਵਾਜ
ਜਲੰਧਰ, 25 ਜੁਲਾਈ
ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਲੋਹੀਆਂ ਬਲਾਕ ਵਿੱਚ ਆਏ ਹੜ੍ਹਾਂ ਨੇ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਵਿਆਹ ਕਰਨੇ ਵੀ ਔਖੇ ਹੋ ਗਏ ਹਨ। ਪਿੰਡ ਮੁੰਡੀ ਚੋਹਲੀਆਂ ਦੇ ਸ਼ਿੰਗਾਰਾ ਸਿੰਘ (50) ਨੂੰ ਆਪਣੀਆਂ ਧੀਆਂ ਦੇ ਵਿਆਹ ਦੀ ਚਿੰਤਾ ਵਿੱਚ ਰਾਤ ਨੂੰ ਨੀਂਦ ਨਹੀਂ ਆਉਂਦੀ। ਉਹ ਆਪਣੀਆਂ ਧੀਆਂ ਦੇ ਵਿਆਹ ਵਾਸਤੇ ਪੈਸੇ ਜੋੜ ਰਿਹਾ ਸੀ ਪਰ ਹੜ੍ਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਨੇ ਸਭ ਕੁਝ ਤਬਾਹ ਕਰ ਦਿੱਤਾ। ਸ਼ਿੰਗਾਰਾ ਸਿੰਘ ਨੇ ਭਾਵੁਕ ਹੁੰਦਿਆਂ ਆਖਿਆ,‘‘ਬਾਕੀਆਂ ਲਈ ਤਾਂ ਪਾਣੀ ਆਇਆ ਤੇ ਪਾਣੀ ਗਿਆ ਪਰ ਸਾਡਾ ਤਾਂ ਪਾਣੀ ਸਭ ਕੁਝ ਰੋੜ੍ਹ ਕੇ ਲੈ ਗਿਆ।’’ ਪਿੰਡ ਲੋਹੀਆਂ ਦੇ ਕੁਝ ਵਿਅਕਤੀਆਂ ਨੇ ਆਖਿਆ ਕਿ ਉਨ੍ਹਾਂ ਆਪਣੇ ਧੀਆਂ ਦੇ ਵਿਆਹ ਕਰਨੇ ਸਨ ਪਰ ਹੜ੍ਹ ਨੇ ਉਨ੍ਹਾਂ ਦਾ ਸਭ ਕੁਝ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਕੋਲ ਵਿਆਹ ’ਚ ਦੇਣ ਜੋਗਾ ਕੁਝ ਨਹੀਂ ਬਚਿਆ।
ਸਾਲ 2019 ਵਿੱਚ ਆਏ ਹੜ੍ਹਾਂ ਵਿਚ ਵੀ ਸ਼ਿੰਗਾਰਾ ਸਿੰਘ ਦਾ ਮਕਾਨ ਡਿੱਗ ਗਿਆ ਸੀ, ਜੋ ਉਸ ਨੇ ਕਰਜ਼ਾ ਚੁੱਕ ਕੇ ਦੁਬਾਰਾ ਬਣਾਇਆ ਪਰ ਹੁਣ ਆਏ ਹੜ੍ਹਾਂ ਕਾਰਨ ਮਕਾਨ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਘਰ-ਬਾਰ ਛੱਡ ਕੇ ਕਿਸੇ ਹੋਰ ਥਾਂ ’ਤੇ ਰਹਿ ਰਿਹਾ ਹੈ। ਸ਼ਿੰਗਾਰਾ ਸਿੰਘ ਨੇ ਆਖਿਆ ਕਿ ਉਹ ਦਰਮਿਆਨਾ ਕਿਸਾਨ ਹੈ ਅਤੇ ਉਨ੍ਹਾਂ ਦੋ ਏਕੜ ਝੋਨਾ ਲਾਇਆ ਸੀ। ਉਸ ਨੇ ਆਖਿਆ ਕਿ ਝੋਨੇ ਦੇ ਨਾਲ ਉਨ੍ਹਾਂ ਸੁਫਨੇ ਵੀ ਬੀਜੇ ਸਨ। ਉਸ ਨੇ ਆਖਿਆ ਕਿ ਉਸ ਦੀਆਂ ਧੀਆਂ ਵਿਆਹੁਣ ਵਾਲੀਆਂ ਹਨ ਅਤੇ ਹੁਣ ਉਹ ਉਨ੍ਹਾਂ ਦੇ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ।
ਇਸੇ ਪਿੰਡ ਦੇ ਕਿਸਾਨ ਬਲਕਾਰ ਸਿੰਘ ਨੇ ਆਖਿਆ ਕਿ ਉਸ ਨੇ ਆਪਣੀ ਧੀ ਦੇ ਵਿਆਹ ਦੀ ਗੱਲ ਤੋਰੀ ਸੀ। ਉਸ ਨੇ ਆਖਿਆ,‘‘ਉਹ ਬਹੁਤੀ ਕਾਹਲ ਨਹੀਂ ਕਰ ਰਹੇ ਸਨ ਅਤੇ ਅਸੀਂ ਇੰਤਜ਼ਾਰ ਕਰ ਸੀ ਕਿ ਝੋਨਾ ਵੇਚ ਕੇ ਵਿਆਹ ਕਰ ਦਿਆਂਗੇ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਸੁਫਨਾ ਸੱਚ ਨਹੀਂ ਹੋਵੇਗਾ।’’ ਉਸ ਨੇ ਖ਼ਦਸ਼ਾ ਪ੍ਰਗਟਾਇਆ ਕਿ ਹੁਣ ਮੁੰਡੇ ਵਾਲਾ ਪਰਿਵਾਰ ਉਨ੍ਹਾਂ ਨੂੰ ਰਿਸ਼ਤੇ ਲਈ ਹੱਥ-ਪੱਲਾ ਨਹੀਂ ਫੜਾਏਗਾ। ਉਸ ਨੇ ਆਖਿਆ ਕਿ ਹੜ੍ਹ ਕਾਰਨ ਉਸ ਦੀ ਧੀ ਦਾ ਭਵਿੱਖ ਵੀ ਦਾਅ ’ਤੇ ਲੱਗ ਗਿਆ ਹੈ। ਉਸ ਨੇ ਆਖਿਆ ਕਿ ਉਸ ਨੇ ਦੋ ਏਕੜ ਝੋਨਾ ਲਾਇਆ ਸੀ ਪਰ ਜਦੋਂ ਹੜ੍ਹ ਆਇਆ ਤਾਂ ਸਭ ਕੁਝ ਬਰਬਾਦ ਹੋ ਗਿਆ। ਉਸ ਨੇ ਆਖਿਆ ਕਿ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਕੁਦਰਤ ਉਸ ਦੇ ਪਰਿਵਾਰ ’ਤੇ ਅਜਿਹਾ ਕਹਿਰ ਢਾਹੇਗੀ।

Advertisement

Advertisement