ਬੁਲਡੋਜ਼ਰ ਚਲਾਉਣ ਲਈ ਦਿਲ ਤੇ ਦਿਮਾਗ ਦੀ ਲੋੜ: ਯੋਗੀ
ਲਖਨਊ, 4 ਸਤੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ’ਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ’ਤੇ ਬੁਲਡੋਜ਼ਰ ਦਾ ਰੁਖ਼ ਗੋਰਖਪੁਰ ਵੱਲ ਮੋੜਨ ਦਾ ਬਿਆਨ ਦੇਣ ਵਾਲੇ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੁਲਡੋਜ਼ਰ ਚਲਾਉਣ ਲਈ ‘ਦਿਲ ਤੇ ਦਿਮਾਗ’ ਦੀ ਲੋੜ ਹੁੰਦੀ ਹੈ।
ਮੁੱਖ ਮੰਤਰੀ ਨੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਬੁਲਡੋਜ਼ਰ ’ਤੇ ਹਰ ਵਿਅਕਤੀ ਦੇ ਹੱਥ ’ਚ ਫਿਟ ਨਹੀਂ ਹੋ ਸਕਦੇ। ਇਸ ਲਈ ਦਿਲ ਤੇ ਦਿਮਾਗ ਦੋਵੇਂ ਚਾਹੀਦੇ ਹਨ। ਬੁਲਡੋਜ਼ਰ ਜਿਹੀ ਸਮਰੱਥਾ ਤੇ ਦ੍ਰਿੜ੍ਹ ਨਿਸ਼ਚਾ ਜਿਸ ’ਚ ਹੋਵੇ, ਉਹੀ ਬੁਲਡੋਜ਼ਰ ਚਲਾ ਸਕਦਾ ਹੈ। ਦੰਗਈਆਂ ਸਾਹਮਣੇ ਨੱਕ ਰਗੜਨ ਵਾਲੇ ਲੋਕ ਬੁਲਡੋਜ਼ਰ ਸਾਹਮਣੇ ਪਸਤ ਹੋ ਜਾਣਗੇ।’ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸੱਤਾ ’ਚ ਵਾਪਸ ਆਉਣ ਦੀ ਯਾਦਵ ਦੀ ਖਾਹਿਸ਼ ਦਿਨ ’ਚ ਸੁਫ਼ਨੇ ਲੈਣ ਤੋਂ ਵੱਧ ਕੁਝ ਵੀ ਨਹੀਂ ਹੈ।
ਦੂਜੇ ਪਾਸੇ ਅਖਿਲੇਸ਼ ਯਾਦਵ ਨੇ ਕਿਹਾ ਕਿ ਬੁਲਡੋਜ਼ਰ ’ਚ ਦਿਮਾਗ ਨਹੀਂ ਬਲਕਿ ਸਟੀਅਰਿੰਗ ਹੁੰਦਾ ਹੈ। ਉੱਤਰ ਪ੍ਰਦੇਸ਼ ਦੀ ਜਨਤਾ ਕਦੋਂ ਕਿਸ ਦਾ ਸਟੀਅਰਿੰਗ ਬਦਲ ਦੇਵੇ ਕੁਝ ਪਤਾ ਨਹੀਂ। ਉਨ੍ਹਾਂ ਸੁਪਰੀਮ ਕੋਰਟ ਦੇ ਰੁਖ਼ ਦਾ ਜ਼ਿਕਰ ਕਰਦਿਆਂ ਕਿਹਾ, ‘ਤੁਸੀਂ ਜਾਣਬੁੱਝ ਕੇ ਜਿਨ੍ਹਾਂ ਤੋਂ ਬਦਲਾ ਲੈਣਾ ਸੀ, ਨੀਵਾਂ ਦਿਖਾਉਣਾ ਸੀ ਉੱਥੇ ਆਪਣੀ ਸਰਕਾਰ ਦੀ ਤਾਕਤ ਨਾਲ ਤੁਸੀਂ ਜਾਣਬੁੱਝ ਕੇ ਬੁਲਡੋਜ਼ਰ ਚਲਾਇਆ। ਇਸ ਕਾਰਨ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਹੀ ਕਿਹਾ ਜਾ ਸਕਦਾ ਹੈ ਕਿ ਬੁਲਡੋਜ਼ਰ ਗ਼ੈਰਸੰਵਿਧਾਨਕ ਚੀਜ਼ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਬੁਲਡੋਜ਼ਰ ਨਹੀਂ ਚੱਲ ਸਕਦਾ ਤਾਂ ਕੀ ਹੁਣ ਤੱਕ ਜੋ ਬੁਲਡੋਜ਼ਰ ਚੱਲਿਆ ਉਸ ਲਈ ਸਰਕਾਰ ਮੁਆਫ਼ੀ ਮੰਗੇਗੀ?’ ਇਸੇ ਤਰ੍ਹਾਂ ਕਾਂਗਰਸ ਦੀ ਯੂਪੀ ਇਕਾਈ ਦੇ ਪ੍ਰਧਾਨ ਅਜੈ ਰਾਏ ਨੇ ਕਿਹਾ ਕਿ ਸੂਬੇ ’ਚ ਬੁਲਡੋਜ਼ਰ ਸੱਭਿਆਚਾਰ ਨਿਆਂਪੂਰਨ ਨਹੀਂ ਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। -ਪੀਟੀਆਈ