ਨੀਟ ਨਾਲ ਜੁੜੀਆਂ ਅਰਜ਼ੀਆਂ ’ਤੇ ਸੁਣਵਾਈ 18 ਤੱਕ ਟਲੀ
* ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਵਾਲੀਆਂ ਅਰਜ਼ੀਆਂ ’ਤੇ ਕੀਤੀ ਜਾ ਰਹੀ ਹੈ ਸੁਣਵਾਈ
ਨਵੀਂ ਦਿੱਲੀ, 11 ਜੁਲਾਈ
ਸੁਪਰੀਮ ਕੋਰਟ ਨੇ ਵਿਵਾਦਾਂ ’ਚ ਘਿਰੀ ਨੀਟ-ਯੂਜੀ ਪ੍ਰੀਖਿਆ 2024 ਨਾਲ ਜੁੜੀਆਂ ਅਰਜ਼ੀਆਂ ’ਤੇ ਸੁਣਵਾਈ 18 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਸਿਖਰਲੀ ਅਦਾਲਤ ਨੇ ਕੁਝ ਅਰਜ਼ੀਕਾਰਾਂ ਨੂੰ ਮਾਮਲੇ ’ਚ ਕੇਂਦਰ ਸਰਕਾਰ ਅਤੇ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਦਾਖ਼ਲ ਹਲਫ਼ਨਾਮਿਆਂ ਦੀਆਂ ਕਾਪੀਆਂ ਨਾ ਮਿਲਣ ’ਤੇ ਇਹ ਕਦਮ ਚੁੱਕਿਆ ਹੈ। ਨੀਟ ’ਚ ਕਥਿਤ ਬੇਨੇਮੀਆਂ ਦੀ ਜਾਂਚ ਅਤੇ ਪ੍ਰੀਖਿਆ ਰੱਦ ਕਰਕੇ ਨਵੇਂ ਸਿਰੇ ਤੋਂ ਕਰਾਉਣ ਦੇ ਨਿਰਦੇਸ਼ ਦੇਣ ਲਈ ਕਈ ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਹਨ।
ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ, ‘‘ਮਾਮਲੇ ’ਤੇ ਅੱਗੇ ਸੁਣਵਾਈ ਅਗਲੇ ਵੀਰਵਾਰ (18 ਜੁਲਾਈ) ਨੂੰ ਹੋਵੇਗੀ।’’ ਉਂਜ ਕੇਂਦਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਅਰਜ਼ੀਕਾਰਾਂ ਦੇ ਵਕੀਲ ਨੂੰ ਆਪਣੇ ਹਲਫ਼ਨਾਮੇ ਦੀ ਕਾਪੀ ਦੇ ਦਿੱਤੀ ਹੈ। ਸੰਖੇਪ ਸੁਣਵਾਈ ਦੌਰਾਨ ਅਰਜ਼ੀਕਾਰਾਂ ਦੇ ਵਕੀਲ ਨੇ ਮਾਮਲੇ ਨੂੰ 15 ਜੁਲਾਈ ਨੂੰ ਸੂਚੀਬੱਧ ਕਰਨ ਦੀ ਅਪੀਲ ਕੀਤੀ ਪਰ ਮਹਿਤਾ ਨੇ ਕਿਹਾ ਕਿ ਉਹ ਉਸ ਦਿਨ ਮੌਜੂਦ ਨਹੀਂ ਰਹਿਣਗੇ। ਬੈਂਚ ਨੇ ਕਿਹਾ ਕਿ ਉਨ੍ਹਾਂ ਨੂੰ ਨੀਟ ’ਚ ਕਥਿਤ ਗੜਬੜੀਆਂ ਦੀ ਜਾਂਚ ਦੇ ਮਾਮਲੇ ’ਚ ਸੀਬੀਆਈ ਤੋਂ ਰਿਪੋਰਟ ਮਿਲ ਗਈ ਹੈ। ਕੇਂਦਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਇਕ ਹੋਰ ਹਲਫ਼ਨਾਮਾ ਦਾਖ਼ਲ ਕਰਕੇ ਕਿਹਾ ਸੀ ਕਿ ਆਈਆਈਟੀ ਮਦਰਾਸ ਨੇ ਨੀਟ-ਯੂਜੀ ਦੇ ਨਤੀਜਿਆਂ ਦੇ ਡੇਟਾ ਦਾ ਮੁਲਾਂਕਣ ਕੀਤਾ ਹੈ ਜਿਸ ’ਚ ਨਾ ਤਾਂ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਪ੍ਰੀਖਿਆ ’ਚ ਵੱਡੇ ਪੱਧਰ ’ਤੇ ਗੜਬੜੀ ਹੋਈ ਸੀ ਅਤੇ ਨਾ ਹੀ ਅਜਿਹਾ ਕੁਝ ਸਾਹਮਣੇ ਆਇਆ ਹੈ ਕਿ ਕੁਝ ਉਮੀਦਵਾਰਾਂ ਨੂੰ ਲਾਹਾ ਮਿਲਿਆ ਹੈ ਅਤੇ ਉਨ੍ਹਾਂ ਹੱਦੋਂ ਵੱਧ ਅੰਕ ਹਾਸਲ ਕੀਤੇ ਹਨ।
ਨੀਟ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਦੀ ਕਾਊਂਸਲਿੰਗ ਅਜੇ ਤੱਕ ਸ਼ੁਰੂ ਨਹੀਂ ਹੋਈ ਹੈ ਜਦਕਿ ਸੁਪਰੀਮ ਕੋਰਟ ਨੇ ਇਸ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਂਜ ਹਲਫ਼ਨਾਮੇ ’ਚ ਕਿਹਾ ਗਿਆ ਹੈ ਕਿ 2024-25 ਲਈ ਕਾਊਂਸਲਿੰਗ ਪ੍ਰਕਿਰਿਆ ਚਾਰ ਗੇੜਾਂ ’ਚ ਜੁਲਾਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਕੀਤੀ ਜਾਵੇਗੀ। ਨੀਟ ’ਚ ਕਥਿਤ ਬੇਨਿਯਮੀਆਂ ਦੇ ਦੋਸ਼ ਲਾਉਂਦਿਆਂ ਕਈ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਪ੍ਰੀਖਿਆ ਰੱਦ ਕਰਕੇ ਦੁਬਾਰਾ ਕਰਵਾਈ ਜਾਵੇ। -ਪੀਟੀਆਈ
ਸਿੱਖਿਆ ਮੰਤਰੀ ਵੱਲੋਂ ਨੀਟ ਉਮੀਦਵਾਰਾਂ ਨਾਲ ਮੁਲਾਕਾਤ
ਨਵੀਂ ਦਿੱਲੀ: ਮੈਡੀਕਲ ਦਾਖ਼ਲਾ ਪ੍ਰੀਖਿਆ ’ਚ ਕਥਿਤ ਗੜਬੜ ਦੇ ਮਾਮਲੇ ’ਤੇ ਜਾਰੀ ਵਿਵਾਦ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਆਪਣੀ ਰਿਹਾਇਸ਼ ’ਤੇ ਕੁਝ ਨੀਟ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਪ੍ਰੀਖਿਆ ਨੂੰ ਲੈ ਕੇ ਬਣੀ ਦੁਚਿੱਤੀ, ਕਾਊਂਸਲਿੰਗ ਪ੍ਰਕਿਰਿਆ ਅਤੇ ਫਿਰ ਪੜ੍ਹਾਈ ’ਚ ਦੇਰੀ ਜਿਹੇ ਮੁੱਦਿਆਂ ’ਤੇ ਉਮੀਦਵਾਰਾਂ ਨੇ ਚਿੰਤਾ ਜਤਾਈ। ਕਈ ਹਲਕੇ ਨੀਟ ਦੁਬਾਰਾ ਲਏ ਜਾਣ ਦੀ ਮੰਗ ਕਰ ਰਹੇ ਹਨ ਜਦਕਿ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪੇਪਰ ਲੀਕ ਦੀਆਂ ਇੱਕਾ-ਦੁੱਕਾ ਘਟਨਾਵਾਂ ਹੋਈਆਂ ਹਨ ਅਤੇ ਸਾਰੀ ਪ੍ਰੀਖਿਆ ਰੱਦ ਕਰਕੇ ਉਨ੍ਹਾਂ ਲੱਖਾਂ ਉਮੀਦਵਾਰਾਂ ਦਾ ਕਰੀਅਰ ਖ਼ਤਰੇ ’ਚ ਪੈ ਸਕਦਾ ਹੈ ਜਿਨ੍ਹਾਂ ਗੰਭੀਰਤਾ ਨਾਲ ਪੜ੍ਹ ਕੇ ਪ੍ਰੀਖਿਆ ਦਿੱਤੀ ਸੀ। -ਪੀਟੀਆਈ
ਸੀਬੀਆਈ ਵੱਲੋਂ ਇਕ ਹੋਰ ਵਿਅਕਤੀ ਗ੍ਰਿਫ਼ਤਾਰ
ਨਵੀਂ ਦਿੱਲੀ: ਸੀਬੀਆਈ ਨੇ ਨੀਟ-ਯੂਜੀ ਪੇਪਰ ਲੀਕ ਮਾਮਲੇ ’ਚ ਇਕ ਹੋਰ ਵਿਅਕਤੀ ਰੌਕੀ ਉਰਫ਼ ਰਾਕੇਸ਼ ਰੰਜਨ ਨੂੰ ਗ੍ਰਿਫ਼ਤਾਰ ਕੀਤਾ ਹੈ। ਰੌਕੀ ਪੇਪਰ ਲੀਕ ਦੇ ਮੁੱਖ ਸਾਜ਼ਿਸ਼ਕਾਰ ਸੰਜੀਵ ਮੁਖੀਆ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਨੂੰ ਪਟਨਾ ਦੇ ਬਾਹਰਲੇ ਇਲਾਕੇ ਤੋਂ ਫੜਿਆ ਗਿਆ ਹੈ। ਨਾਲੰਦਾ ਵਾਸੀ ਰੌਕੀ ਪਿੱਛੇ ਸੀਬੀਆਈ ਬਹੁਤ ਦਿਨਾਂ ਤੋਂ ਪਈ ਹੋਈ ਸੀ। ਜਾਂਚ ਏਜੰਸੀ ਨੇ ਉਸ ਨੂੰ ਪਟਨਾ ’ਚ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਜਿਥੋਂ ਉਸ ਨੂੰ 10 ਦਿਨ ਦੀ ਸੀਬੀਆਈ ਹਿਰਾਸਤ ’ਚ ਭੇਜ ਦਿੱਤਾ ਗਿਆ। ਉਸ ਦੀ ਗ੍ਰਿਫ਼ਤਾਰੀ ਮਗਰੋਂ ਸੀਬੀਆਈ ਨੇ ਪਟਨਾ ਅਤੇ ਨੇੜਲੇ ਇਲਾਕਿਆਂ ’ਚ ਤਿੰਨ ਅਤੇ ਕੋਲਕਾਤਾ ’ਚ ਇਕ ਥਾਂ ’ਤੇ ਛਾਪੇ ਮਾਰੇ ਹਨ। ਇਸ ਹਫ਼ਤੇ ਦੇ ਸ਼ੁਰੂ ’ਚ ਸੀਬੀਆਈ ਨੇ ਬਿਹਾਰ ਅਤੇ ਝਾਰਖੰਡ ’ਚ 15 ਥਾਵਾਂ ’ਤੇ ਤਲਾਸ਼ੀ ਲਈ ਸੀ। -ਪੀਟੀਆਈ