For the best experience, open
https://m.punjabitribuneonline.com
on your mobile browser.
Advertisement

ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਵਾਰਡ ਅਟੈਡੈਂਟ ਦੀ ਪਿੱਠ ’ਤੇ ਸਿਹਤ ਕਾਮੇ

10:04 AM Jul 12, 2024 IST
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਵਾਰਡ ਅਟੈਡੈਂਟ ਦੀ ਪਿੱਠ ’ਤੇ ਸਿਹਤ ਕਾਮੇ
ਬਠਿੰਡਾ ਦੇ ਸਿਵਲ ਸਰਜਨ ਦਫ਼ਤਰ ਵਿਚ ਵਾਰਡ ਅਟੈਡੈਂਟ ਦੀ ਗ੍ਰਿਫ਼ਤਾਰੀ ਵਿਰੁੱਧ ਧਰਨਾ ਦਿੰਦੇ ਹੋਏ ਸਿਹਤ ਕਰਮਚਾਰੀ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 11 ਜੁਲਾਈ
ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤੇ ਗਏ ਸਿਵਲ ਸਰਜਨ ਦਫ਼ਤਰ ਬਠਿੰਡਾ ਦੇ ਵਾਰਡ ਅਟੈਡੈਂਟ ਰਾਜ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਅੱਜ ਬਠਿੰਡਾ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਅੱਜ ਦੂਜੇ ਦਿਨ ਵੀ ਰੋਸ ਧਰਨਾ ਦਿੱਤਾ। ਧਰਨਾਕਾਰੀ ਦਾਅਵਾ ਕਰ ਰਹੇ ਸਨ ਕਿ ਰਾਜ ਸਿੰਘ ’ਤੇ ਦਰਜ ਮੁਕੱਦਮਾ ‘ਝੂਠਾ’ ਹੈ ਅਤੇ ਜਦੋਂ ਤੱਕ ਉਸ ਦਾ ਨਾਂਅ ਕੇਸ ਵਿੱਚੋਂ ਖਾਰਜ ਨਹੀਂ ਕੀਤਾ ਜਾਂਦਾ, ਉਹ ਕੰਮ ’ਤੇ ਵਾਪਸ ਨਹੀਂ ਪਰਤਣਗੇ।
ਨੈਸ਼ਨਲ ਹੈਲਥ ਮਿਸ਼ਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਨੇ ਦੱਸਿਆ ਕਿ 9 ਜੁਲਾਈ ਨੂੰ ਪੀਸੀਪੀਐੱਨਡੀਟੀ ਐਕਟ ਦੇ ਤਹਿਤ ਦਫ਼ਤਰ ਸਿਵਲ ਸਰਜਨ ਬਠਿੰਡਾ ਦੀ ਟੀਮ ਵੱਲੋਂ ਪਾਤੜਾਂ ਵਿਚ ਲਿੰਗ ਨਿਰਧਾਰਿਤ ਟੈਸਟ ਕਰਨ ਵਾਲੇ ਇੱਕ ਅਲਟਰਾਸਾਊਂਡ ਕੇਂਦਰ ’ਤੇ ਛਾਪੇਮਾਰੀ ਕੀਤੀ ਗਈ ਸੀ। ਛਾਪੇਮਾਰ ਟੀਮ ’ਚ ਜ਼ਿਲ੍ਹਾ ਪੱਧਰ ਦੀ ਅੱਠ ਮੈਂਬਰੀ ਟੀਮ ਸ਼ਾਮਲ ਸੀ, ਜਿਸ ਦੀ ਅਗਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਕਰ ਰਹੇ ਸਨ ਅਤੇ ਟੀਮ ’ਚ ਰਾਜ ਸਿੰਘ ਵੀ ਸ਼ਾਮਲ ਸੀ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਸੈਂਟਰ ’ਤੇ ਛਾਪੇਮਾਰੀ ਕੀਤੀ ਜਾਣੀ ਸੀ, ਉਸ ਵੱਲੋਂ ਵਿਜੀਲੈਂਸ ਬਿਊਰੋ ਪੰਜਾਬ ਦੇ ਉੱਡਣ ਦਸਤੇ ਨਾਲ ਮਿਲ ਕੇ ਉਲਟਾ ਸਿਹਤ ਵਿਭਾਗ ਬਠਿੰਡਾ ਦੀ ਟੀਮ ਦੇ ਮੈਂਬਰ ਰਾਜ ਸਿੰਘ ਨੂੰ ਹੀ ਫਸਾ ਦਿੱਤਾ ਗਿਆ। ਨਰਿੰਦਰ ਕੁਮਾਰ ਨੇ ਦਾਅਵਾ ਕੀਤਾ ਕਿ ਰਾਜ ਸਿੰਘ ਬਿਲਕੁਲ ਨਿਰਦੋਸ਼ ਹੈ ਅਤੇ ਉਸ ਉੱਪਰ ਦਰਜ ਕੀਤਾ ਗਿਆ ਕੇਸ ਸਰਾਸਰ ਝੂਠਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜ ਸਿੰਘ ਨੂੰ ਬਿਨਾਂ ਸ਼ਰਤ ਦੋਸ਼ ਮੁਕਤ ਨਾ ਕੀਤਾ ਗਿਆ ਤਾਂ ਕਰਮਚਾਰੀ ਉਸ ਦੀ ਬੰਦ ਖਲਾਸੀ ਲਈ ਸੰਘਰਸ਼ ਨੂੰ ਤਿੱਖਾ ਕਰਨਗੇ। ਇਸ ਮੌਕੇ ਧਰਨੇ ਵਿੱਚ ਸਵਰਨਜੀਤ ਕੌਰ ਪ੍ਰਧਾਨ ਨਰਸਿੰਗ ਐਸੋਸੀਏਸ਼ਨ ਬਠਿੰਡਾ, ਸੁਖਮੰਦਰ ਸਿੰਘ ਸਿੱਧੂ ਪ੍ਰਧਾਨ ਫਾਰਮੇਸੀ ਐਸੋਸੀਏਸ਼ਨ ਬਠਿੰਡਾ, ਰਮੇਸ਼ ਸਚਦੇਵਾ ਸੁਪਰਡੈਂਟ ਕਲੈਰੀਕਲ ਯੂਨੀਅਨ, ਵੀਰ ਭਾਸ ਬਲਾਕ ਸਕੱਤਰ ਕਲਾਸ ਫੋਰ ਯੂਨੀਅਨ, ਹਰਜੀਤ ਸਿੰਘ, ਭੁਪਿੰਦਰ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਵਾਰਡ ਅਟੈਂਡੈਟ, ਹਾਕਮ ਸਿੰਘ ਲੈਬਾਰਟਰੀ ਯੂਨੀਅਨ, ਹੈਪੀ ਉੱਭਾ ਮਜ਼ਦੂਰ ਮੁਕਤੀ ਮੋਰਚਾ ਤੋਂ ਇਲਾਵਾ 108 ਐਂਬੂਲੈਂਸ ਯੂਨੀਅਨ, ਨਰਸਿੰਗ ਸਟਾਫ਼ ਅਤੇ ਸਿਵਲ ਸਰਜਨ ਦਫ਼ਤਰ ਦੇ ਕਰਮਚਾਰੀ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×