ਸਿਹਤ ਕਾਮੇ ਭੁੱਖ ਹੜਤਾਲ ’ਤੇ ਬੈਠੇ
ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੁਲਾਈ
ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈ਼ਸਲਿਆਂ ਖ਼ਿਲਾਫ਼ ਸਿਵਲ ਸਰਜਨ ਦਫ਼ਤਰ ਮਾਨਸਾ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਅੱਜ ਭੁੱਖ ਹੜਤਾਲ ’ਤੇ ਸਿਹਤ ਕਰਮਚਾਰੀ ਗੁਰਚਰਨ ਕੌਰ, ਸੁਮਨਪ੍ਰੀਤ ਕੌਰ, ਹਰਜੀਤ ਕੌਰ, ਚਾਨਣ ਦੀਪ ਸਿੰਘ ਅਤੇ ਮਨੋਜ ਕੁਮਾਰ ਬੈਠੇ। ਜਥੇਬੰਦੀ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਡਾ.ਲਾਲ ਚੰਦ ਠੁਕਰਾਲ ਨੂੰ ਮੰਗ ਪੱਤਰ ਦਿੱਤਾ ਅਤੇ ਸਰਕਾਰ ਦੇ ਮਾਰੂ ਫੈ਼ਸਲਿਆਂ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਵੀਂ ਭਰਤੀ ਕਰਨ ਤੋਂ ਪਹਿਲਾਂ ਪਿਛਲੇ 15 ਸਾਲ ਤੋਂ ਐੱਨਐੱਚਐੱਮ ਅਤੇ 2211 ਹੈੱਡ ਅਧੀਨ ਠੇਕੇ ’ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਰੈਗੂਲਰ ਕਰੇ ਅਤੇ ਸਿਹਤ ਵਿਭਾਗ ਵਿੱਚ ਨਵੇਂ ਭਰਤੀ ਹੋਏ ਮਲਟੀਪਰਪਜ਼ ਹੈਲਥ ਵਰਕਰ ਮੇਲ ਦਾ ਪਰਖ ਕਾਲ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਇਹ ਭੁੱਖ ਹੜਤਾਲ 6 ਅਗਸਤ 2020 ਤੱਕ ਜਾਰੀ ਰਹੇਗੀ ਅਤੇ 7 ਅਗਸਤ 2020 ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ।
ਬਠਿੰਡਾ, (ਮਨੋਜ ਸ਼ਰਮਾ): ਅੱਜ ਬਠਿੰਡਾ ਦੇ ਸ਼ਹੀਦ ਮਨੀ ਸਿੰਘ ਹਸਪਤਾਲ ’ਚ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ 5 ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਨੇ ਭੁੱਖ ਹੜਤਾਲ ’ਤੇ ਬੈਠਦਿਆਂ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਅੱਜ ਦੇ ਧਰਨੇ ਮੌਕੇ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਸੂਬਾ ਸਕੱਤਰ ਗਗਨਦੀਪ ਸਿੰਘ ,ਜਰਨਲ ਸਕੱਤਰ ਰੇਖਾ ਰਾਣੀ, ਕਨਵੀਨਰ ਭੁਪਿੰਦਰ ਕੌਰ, ਕਿਰਨ ਕੌਰ ਅਤੇ ਅਮਨਦੀਪ ਭੁੱਖ ਹੜਤਾਲ ’ਤੇ ਬੈਠਦਿਆਂ ਸਿਹਤ ਕਾਮਿਆਂ ਦੀ ਮੰਗਾਂ ਨੂੰ ਮਨਵਾਉਣ ਲਈ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢੀ।