ਮੰਗਾਂ ਮਨਵਾਉਣ ਲਈ ਸਿਹਤ ਕਾਮਿਆਂ ਦੀ ਭੁੱਖ ਹੜਤਾਲ ਜਾਰੀ
ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੁਲਾਈ
ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਆਪਣੀਆਂ ਹੱਕੀ ਮੰਗਾਂ ਸਬੰਧੀ ਸਿਵਲ ਸਰਜਨ ਦਫ਼ਤਰ ਮਾਨਸਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਅੱਜ ਤੀਜੇ ਦਨਿ ਵੀ ਜਾਰੀ ਰਹੀ।
ਅੱਜ ਭੁੱਖ ਹੜਤਾਲ ਦੇ ਤੀਸਰੇ ਦਨਿ ਸਿਹਤ ਮੁਲਾਜ਼ਮ ਪ੍ਰੇਮ ਸਿੰਘ, ਹਰਪ੍ਰੀਤ ਸਿੰਘ, ਕਿਰਨਜੀਤ ਕੌਰ, ਅਮਨਦੀਪ ਕੌਰ, ਸਿਮਰਜੀਤ ਕੌਰ ਭੁੱਖ ਹੜਤਾਲ ’ਤੇ ਬੈਠੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਦੱਸਿਆ ਕਿ ਇਹ ਭੁੱਖ ਹੜਤਾਲ ਸਿਹਤ ਮੁਲਾਜ਼ਮਾਂ ਦੀਆਂ ਤਿੰਨ ਮੰਗਾਂ ਮਨਵਾਉਣ ਲਈ ਰੱਖੀ ਗਈ ਹੈ। ਇਸ ਭੁੱਖ ਹੜਤਾਲ ਦਾ ਪੀਸੀਐੱਮਐੱਸ ਐਸੋਸੀਏਸ਼ਨ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਨੇ ਪੁਰਜ਼ੋਰ ਸਮਰਥਨ ਕੀਤਾ ਹੈ। ਇਸ ਮੌਕੇ ਕਿਰਨਜੀਤ ਕੌਰ, ਜਗਦੀਸ਼ ਸਿੰਘ ਪੱਖੋ, ਚਰਨਜੀਤ ਕੌਰ, ਗੁਰਪ੍ਰੀਤ ਸਿੰਘ, ਚਾਨਣਦੀਪ ਸਿੰਘ ਅਤੇ ਗੁਰਚਰਨ ਕੌਰ ਨੇ ਵੀ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਦੇ ਪੱਕੇ ਅਤੇ ਠੇਕਾ ਅਧਾਰਤ ਸਿਹਤ ਕਾਮਿਆਂ ਦੀ ਸਾਂਝੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਦੇ ਜ਼ਿਲ੍ਹਾ ਹੈਡਕੁਆਰਟਰਾਂ ਉੱਤੇ ਕੀਤੀ ਜਾ ਰਹੀ ਭੁੱਖ ਹੜਤਾਲ ਅੱਜ ਤੀਸਰੇ ਦਨਿ ਵੀ ਜਾਰੀ ਰਹੀ। ਇਥੇ ਜ਼ਿਲ੍ਹੇ ਵਿੱਚ ਅੱਜ ਬਲਾਕ ਕੋਟ ਈਸੇ ਖਾਂ ਦੀ ਪ੍ਰਧਾਨ ਇੰਦਰਜੀਤ ਕੌਰ, 1263 ਹੈਲਥ ਵਰਕਰਾਂ ਵਿੱਚੋਂ ਪਰਮਿੰਦਰ ਕੁਮਾਰ ਬੱਡੂਵਾਲ, ਜਸਪਾਲ ਸਿੰਘ ਅਤੇ ਠੇਕਾ ਮਲਟੀਪਰਪਜ਼ ਹੈਲਥ ਵਰਕਰਾਂ ਵਿੱਚੋਂ ਮਿਥਲੇਸ਼ ਕੁਮਾਰੀ, ਬਲਜੀਤ ਕੌਰ ਦੁੱਨੇਕੇ ਅਤੇ ਮਨਦੀਪ ਕੌਰ ਬਸਤੀ ਬੱਗੇਆਣਾ ਭੁੱਖ ਹੜਤਾਲ ’ਤੇ ਬੈਠੇ।
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਦੀ ਸੀਨੀਅਰ ਆਗੂ ਮਨਵਿੰਦਰ ਕੌਰ ਕਟਾਰੀਆ, ਮਹਿੰਦਰ ਪਾਲ ਲੂੰਬਾ, ਦਵਿੰਦਰ ਸਿੰਘ ਤੂਰ, ਪੈਰਾਮੈਡੀਕਲ ਆਗੂ ਗੁਰਜੰਟ ਸਿੰਘ ਮਾਹਲਾ ਨੇ ਕਿਹਾ ਕਿ ਇਹ ਭੁੱਖ ਹੜਤਾਲ 6 ਅਗਸਤ ਤੱਕ ਜਾਰੀ ਰਹੇਗੀ।