ਬਠਿੰਡਾ ਵਿੱਚ ਸਿਹਤ ਕਾਮਿਆਂ ਦੀ ਭੁੱਖ ਹੜਤਾਲ ਜਾਰੀ
ਬਠਿੰਡਾ, 28 ਜੁਲਾਈ
ਇਥੋਂ ਦੇ ਸਿਵਲ ਹਸਪਤਾਲ ਵਿਖੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਚੱਲ ਰਹੀ ਭੁੱਖ ਹੜਤਾਲ ਚੌਥੇ ਦਨਿ ਜਾਰੀ ਰਹੀ। ਇਹ ਭੁੱਖ ਹੜਤਾਲ 24 ਜੁਲਾਈ ਤੋਂ ਜਾਰੀ ਹੈ। ਸੰਘਰਸ਼ ਕਮੇਟੀ ਨੇ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਸਿਹਤ ਡਾਇਰੈਕਟਰ, ਸਿਹਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ ਪਰ ਸਰਕਾਰ ਨੇ ਸਿਹਤ ਕਾਮਿਆਂ ਦੇ ਮਸਲੇ ਹੱਲ ਕਰਨ ਦੀ ਬਜਾਏ ਚੁੱਪ ਧਾਰੀ ਹੋਈ ਹੈ। ਅੱਜ ਭੁੱਖ ਹੜਤਾਲ ਦੇ ਚੌਥੇ ਦਨਿ ਹੜਤਾਲ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਐੱਨਐੱਚਐੱਮ ਤੇ ਠੇਕਾ ਅਧਾਰਿਤ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕੇ 6 ਅਗਸਤ ਤੱਕ ਮਲਟੀਪਰਪਜ਼ ਕਾਮਿਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਅੱਜ ਦੀ ਇਸ ਭੁੱਖ ਹੜਤਾਲ ਵਿੱਚ ਬਲਾਕ ਭਗਤਾ ਦੇ ਸਾਥੀ ਮਲਕੀਤ ਸਿੰਘ ਪ੍ਰਧਾਨ, ਮਨਪ੍ਰੀਤ ਕੌਰ, ਕੁਲਦੀਪ ਸਿੰਘ, ਮਨਦੀਪ ਰਾਣੀ ਅਤੇ ਅਮ੍ਰਿਤਪਾਲ ਕੌਰ ਨੇ ਹਿੱਸਾ ਲਿਆ।