ਹਸਪਤਾਲ ਵਿੱਚ ਪਾਣੀ ਦਾਖਲ ਹੋਣ ਕਾਰਨ ਸਿਹਤ ਸੇਵਾਵਾਂ ਠੱਪ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 10 ਜੁਲਾਈ
ਇਥੇ ਪਿਛਲੇ ਚਾਰ ਦਨਿਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਬਲਾਚੌਰ ਦੇ ਇਲਾਕੇ ਵਿੱਚ ਕਹਿਰ ਢਾਹਿਆ ਹੋਇਆ ਹੈ। ਸਬ ਡਿਵੀਜ਼ਨਲ ਹਸਪਤਾਲ ਬਲਾਚੌਰ ਵਿੱਚ ਸਿਆਣਾ ਖੱਡ ਦਾ ਪਾਣੀ ਵੜਨ ਕਾਰਨ ਵਾਰਡਾਂ ਅਤੇ ਪੂਰੇ ਹਸਪਤਾਲ ਕੰਪਲੈਕਸ ਵਿੱਚ 2-2 ਫੁੱਟ ਤੱਕ ਚੜ੍ਹ ਗਿਆ ਹੈ, ਜਿਸ ਦੇ ਸਿੱਟੇ ਵਜੋਂ ਹਸਪਤਾਲ ਦੇ ਅਧਿਕਾਰੀਆਂ ਨੂੰ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਅਤੇ ਪਿੰਡ ਸਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਿਫਟ ਕਰਨਾ ਪਿਆ। ਹਸਪਤਾਲ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ। ਹਸਪਤਾਲ ਦੇ ਅੰਦਰ ਜਾਣਾ ਬੰਦ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਹਸਪਤਾਲ ’ਚ ਪਾਣੀ ਵੜਨ ਨਾਲ ਬੁਨਿਆਦੀ ਢਾਂਚੇ ਅਤੇ ਦਵਾਈਆਂ ਦਾ ਡੇਢ ਕਰੋੜ ਰੁਪਏ ਦੇ ਲਗਪਗ ਨੁਕਸਾਨ ਹੋ ਗਿਆ ਹੈ। ਦੱਸਣਯੋਗ ਹੈ ਕਿ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਪਿੰਡ ਸਿਆਣਾ ਦੀ ਸ਼ਾਮਲਾਟ ਜ਼ਮੀਨ ਵਿੱਚ ਸਥਿਤ ਹੈ ਅਤੇ ਪੂਰੇ ਦਾ ਪੂਰਾ ਹਸਪਤਾਲ ਕੰਪਲੈਕਸ ਸਿਆਣਾ ਖੱਡ ਦੇ ਰਕਬੇ ਵਿੱਚ ਖੱਡ ਦੇ ਪਾਣੀ ਦੀ ਮਾਰ ਹੇਠ ਹੈ।ਇਥੋਂ ਦੇ ਹੋਰ ਖੇਤਰਾਂ ਵਿਚ ਵੀ ਅਧਿਕਾਰੀਆਂ ਨੇ ਜਾੲਿਜ਼ਾ ਲਿਆ।