ਆਯੂਸ਼ਮਾਨ ਭਾਰਤ ਤਹਿਤ 70 ਤੇ ਵੱਧ ਉਮਰ ਵਰਗ ਦੇ ਬਜ਼ੁਰਗਾਂ ਲਈ ਸਿਹਤ ਕਵਰੇਜ ਜਲਦੀ ਸ਼ੁਰੂ ਹੋਣ ਦੀ ਆਸ
ਨਵੀਂ ਦਿੱਲੀ, 13 ਸਤੰਬਰ
ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏਬੀ ਪੀਐੱਮ-ਜੇਏਵਾਈ) ਤਹਿਤ 70 ਸਾਲ ਤੇ ਉਸ ਤੋਂ ਵੱਧ ਉਮਰ ਵਰਗ ਦੇ ਸਾਰੇ ਬਜ਼ੁਰਗਾਂ ਲਈ ਸਿਹਤ ਕਵਰੇਜ ਇਕ ਹਫ਼ਤੇ ਦੇ ਅੰਦਰ ਸ਼ੁਰੂ ਹੋਣ ਦੀ ਆਸ ਹੈ। ਇਸ ਯੋਜਨਾ ਨਾਲ ਲਗਪਗ ਸਾਰੇ ਛੇ ਕਰੋੜ ਸੀਨੀਅਰ ਸਿਟੀਜ਼ਨਜ਼ ਨੂੰ ਫਾਇਦਾ ਹੋਵੇਗਾ। ਅਧਿਕਾਰਤ ਸੂਰਤਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਸ਼ੁਰੂਆਤ ਵਿੱਚ ਚੋਣਵੀਆਂ ਥਾਵਾਂ ’ਤੇ ਪ੍ਰਯੋਗਿਕ ਆਧਾਰ ’ਤੇ ਰਜਿਸਟਰੇਸ਼ਨ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਇਸ ਨੂੰ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਇਹ ਇਕ ‘ਐਪਲੀਕੇਸ਼ਨ’ ਆਧਾਰਿਤ ਯੋਜਨਾ ਹੈ ਜਿਸ ਵਾਸਤੇ ਲੋਕਾਂ ਨੂੰ ਪੀਐੱਮਜੇਏਵਾਈ ਪੋਰਟਲ ਜਾਂ ਆਯੂਸ਼ਮਾਨ ਐਪ ’ਤੇ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਇਕ ਅਧਿਕਾਰਤ ਸੂਤਰ ਮੁਤਾਬਕ, 70 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ, ਭਾਵੇਂ ਉਸ ਦੀ ਉਮਰ ਕੁਝ ਵੀ ਹੋਵੇ ਇਸ ਯੋਜਨਾ ਲਈ ਅਪਲਾਈ ਕਰਨ ਦੇ ਯੋਗ ਹੋਵੇਗਾ। ਸੂਤਰ ਨੇ ਕਿਹਾ, ‘‘ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਆਯੂਸ਼ਮਾਨ ਕਾਰਡ ਹੈ, ਉਨ੍ਹਾਂ ਨੂੰ ਮੁੜ ਤੋਂ ਨਵੇਂ ਕਾਰਡ ਵਾਸਤੇ ਅਪਲਾਈ ਕਰਨਾ ਹੋਵੇਗਾ ਅਤੇ ਆਪਣੀ ਈ-ਕੇਵਾਈਸੀ ਦੁਬਾਰਾ ਪੂਰੀ ਕਰਨੀ ਹੋਵੇਗੀ।’’ -ਪੀਟੀਆਈ