ਕੋਲਕਾਤਾ ਮੈਟਰੋ ਪ੍ਰਾਜੈਕਟ: ਅਗਲੀ ਸੁਣਵਾਈ ਤੱਕ ਕੋਈ ਦਰੱਖਣ ਨਾ ਕੱਟਿਆ ਜਾਵੇ ਤੇ ਨਾ ਲਾਇਆ ਜਾਵੇ: ਸੁਪਰੀਮ ਕੋਰਟ
ਨਵੀਂ ਦਿੱਲੀ, 13 ਸਤੰਬਰ
ਸੁਪਰੀਮ ਕੋਰਟ ਨੇ ਕੋਲਕਾਤਾ ਦੇ ਵੱਕਾਰੀ ਵਿਕਟੋਰੀਆ ਮੈਮੋਰੀਅਲ ਨਾਲ ਲੱਗਦੇ ਮੈਦਾਨ ਇਲਾਕੇ ਵਿੱਚ ਮੈਟਰੋ ਰੇਲ ਪ੍ਰਾਜੈਕਟ ਦੇ ਮਾਮਲੇ ਵਿੱਚ ਅੱਜ ਨਿਰਦੇਸ਼ ਦਿੱਤਾ ਹੈ ਕਿ ਹੁਣ ਤੋਂ ਅਗਲੀ ਸੁਣਵਾਈ ਤੱਕ ਉੱਥੋਂ ਕੋਈ ਦਰੱਖਤ ਨਹੀਂ ਕੱਟਿਆ ਜਾਵੇਗਾ ਤੇ ਨਾ ਹੀ ਲਾਇਆ ਜਾਵੇਗਾ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਾਨ ਦੇ ਬੈਂਚ ਨੇ ਕਲਕੱਤਾ ਹਾਈ ਕੋਰਟ ਦੇ 20 ਜੂਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਪੱਛਮੀ ਬੰਗਾਲ ਸਰਕਾਰ, ਰੇਲ ਵਿਕਾਸ ਨਿਗਮ ਲਿਮਿਟਡ (ਆਰਵੀਐੱਨਐੱਲ) ਅਤੇ ਹੋਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਹਾਈ ਕੋਰਟ ਨੇ ਕਥਿਤ ਤੌਰ ’ਤੇ ਵੱਡੀ ਗਿਣਤੀ ਵਿੱਚ ਦਰੱਖਤਾਂ ਦੀ ਕਟਾਈ ਅਤੇ ਇਕ-ਦੂਜੇ ਤੋਂ ਹਟਾ ਕੇ ਦੂਜੀ ਜਗ੍ਹਾ ਲਗਾਏ ਜਾਣ ਕਰ ਕੇ ਮੈਦਾਨ ਇਲਾਕੇ ਵਿੱਚ ਸਾਰੇ ਨਿਰਮਾਣ ਕਾਰਜਾਂ ਨੂੰ ਤੁਰੰਤ ਰੋਕਣ ਦਾ ਨਿਰਦੇਸ਼ ਦੇਣ ਦੀ ਅਪੀਲ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਤਿੰਨ ਹਫ਼ਤੇ ਬਾਅਦ ਲਈ ਸੂਚੀਬੱਧ ਕਰਦੇ ਹੋਏ ਕਿਹਾ, ‘‘ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਅਗਲੀ ਤਰੀਕ ਤੱਕ ਕੋਈ ਵੀ ਨਵਾਂ ਦਰੱਖਤ ਨਾ ਕੱਟਿਆ ਜਾਵੇਗਾ ਅਤੇ ਨਾ ਹੀ ਲਾਇਆ ਜਾਵੇਗਾ।’’ ਬੈਂਚ ਨੇ ਆਰਵੀਐੱਨਐੱਲ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ, ‘‘ਤੁਸੀਂ ਕੰਮ ਜਾਰੀ ਰੱਖ ਸਕਦੇ ਹੋ, ਪਰ ਅੱਜ ਤੋਂ ਦਰੱਖਤ ਨਹੀਂ ਕੱਟਿਓ।’’ -ਪੀਟੀਆਈ