For the best experience, open
https://m.punjabitribuneonline.com
on your mobile browser.
Advertisement

ਨਫ਼ਰਤੀ ਅੱਗ ਲਈ ਬਰੂਹਾਂ ਦਾ ਸਿਰਨਾਵਾਂ ਬੇਪਛਾਣ

10:40 AM Sep 08, 2024 IST
ਨਫ਼ਰਤੀ ਅੱਗ ਲਈ ਬਰੂਹਾਂ ਦਾ ਸਿਰਨਾਵਾਂ ਬੇਪਛਾਣ
Advertisement

ਅਰਵਿੰਦਰ ਜੌਹਲ
ਨਫ਼ਰਤ ਦੀ ਸਿਆਸਤ ਹੰਢਾ ਰਹੇ ਸਾਡੇ ਸਮਾਜ ਵਿੱਚ ਗਊ ਰੱਖਿਆ ਦੇ ਨਾਂ ’ਤੇ ਕਿਸੇ ਦੀ ਜਾਨ ਲੈ ਲੈਣ ਦਾ ਵਰਤਾਰਾ ਏਨਾ ਸਹਿਜ ਹੋ ਗਿਆ ਹੈ ਕਿ ਇਹ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਨੂੰ ਪ੍ਰੇਸ਼ਾਨ ਕਰਨ ਲਈ ਕਾਫ਼ੀ ਹੈ। ਅਸਲ ਵਿੱਚ ਸਿਆਸਤ ਦਾ ਮਕਸਦ ਸਮਾਜ ਨੂੰ ਸੇਧ ਦੇਣਾ ਹੁੰਦਾ ਹੈ ਪਰ ਜਦੋਂ ਸੱਤਾਧਾਰੀ ਹੀ ਕਾਤਲਾਂ ਨੂੰ ਥਾਪੜੇ ਦੇਣ ਲੱਗ ਜਾਣ ਤਾਂ ਫਿਰ ਇਹੋ ਜਿਹੇ ਵਰਤਾਰਿਆਂ ਨੂੰ ਕੌਣ ਰੋਕ ਸਕਦਾ ਹੈ। ਦਾਦਰੀ ਦੇ ਪਿੰਡ ਬਿਸਾੜਾ ਦੇ ਮੁਹੰਮਦ ਇਖਲਾਕ ਨੂੰ ਉਸ ਦੇ ਪਿੰਡ ਦੇ ਲੋਕਾਂ ਨੇ ਗਊ ਹੱਤਿਆ ਦਾ ਦੋਸ਼ ਲਾ ਕੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਇਖਲਾਕ, ਪਹਿਲੂ ਖਾਨ, ਜੁਨੈਦ, ਨਾਸਿਰ, ਸਾਬਿਰ ਤੋਂ ਹੁੰਦੀ ਹੋਈ ਇਹ ਨਫ਼ਰਤੀ ਅੱਗ ਆਰੀਅਨ ਮਿਸ਼ਰਾ ਤੱਕ ਆ ਪੁੱਜੀ ਹੈ। ਇਸ ਅਰਸੇ ਦੌਰਾਨ ਕਈ ਕੈਲੰਡਰ ਬਦਲ ਗਏ ਅਤੇ ਨਫ਼ਰਤੀ ਸਿਆਸਤ ਦੀਆਂ ਤਰੀਕਾਂ ਹੁਣ ਬਹੁਗਿਣਤੀ ਭਾਈਚਾਰੇ ਦੇ ਕੈਲੰਡਰ ’ਤੇ ਵੀ ਗੂੜ੍ਹੀਆਂ ਹੋਣ ਦਾ ਮੁੱਢ ਬੱਝ ਗਿਆ ਹੈ। ਸਿਆਸਤ ਨੂੰ ਜਦੋਂ ਭਗਵਾ ਰੰਗ ਚਾੜ੍ਹ ਕੇ ਵੋਟਰਾਂ ’ਚ ਵੰਡੀਆਂ ਪਾਈਆਂ ਜਾਣਗੀਆਂ ਤਾਂ ਸੱਤਾ ਤਾਂ ਜ਼ਰੂਰ ਹਾਸਲ ਹੋ ਜਾਵੇਗੀ ਪਰ ਇਹ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਨਿਗਲ ਜਾਵੇਗੀ।
ਪਿਛਲੇ ਕੁਝ ਸਾਲਾਂ ਤੋਂ ਗਊ ਰੱਖਿਆ ਇੱਕ ਵੱਡਾ ਮੁੱਦਾ ਬਣਾ ਦਿੱਤਾ ਗਿਆ ਹੈ। ਹਿੰਦੀ ਪੱਟੀ ਦੇ ਸੂਬਿਆਂ ਵਿੱਚ ਗਊ ਰੱਖਿਆ ਦੇ ਨਾਂ ’ਤੇ ਕਾਇਮ ਦਸਤੇ ਕਿਸੇ ਨੂੰ ਵੀ ਸ਼ੱਕ ਦੀ ਬਿਨਾਅ ’ਤੇ ਘੇਰ ਸਕਦੇ ਹਨ, ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਸਕਦੇ ਹਨ ਅਤੇ ਉਸ ਦੀ ਜਾਨ ਤੱਕ ਵੀ ਲੈ ਸਕਦੇ ਹਨ। ਅਗਸਤ ਮਹੀਨੇ ਦੇ ਅਖ਼ੀਰ ’ਚ ਕੌਮੀ ਰਾਜਧਾਨੀ ਨਾਲ ਲੱਗਦੇ ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿੱਚ ਅਖੌਤੀ ਗਊ ਰੱਖਿਅਕਾਂ ਨੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਆਰੀਅਨ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਇਸ ਲਈ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਜਿਸ ਕਾਰ ਵਿੱਚ ਉਹ ਜਾ ਰਿਹਾ ਸੀ, ਉਸ ਵਿੱਚ ਗਊ ਮਾਸ ਲਿਜਾਇਆ ਜਾ ਰਿਹਾ ਹੈ। ਆਰੀਅਨ ਤਾਂ ਆਪਣੇ ਸਾਥੀਆਂ ਨਾਲ ਇੱਕ ਸ਼ਾਪਿੰਗ ਮਾਲ ਵਿੱਚ ਨੂਡਲਜ਼ ਖਾਣ ਗਿਆ ਸੀ। ਉੱਥੋਂ ਮੁੜਨ ਵੇਲੇ ਉਸ ਨੂੰ ਖ਼ਿਆਲ ਤੱਕ ਵੀ ਨਹੀਂ ਹੋਵੇਗਾ ਕਿ ਇੱਕ ਹੋਰ ਕਾਰ ਵਿੱਚ ਹੱਤਿਆਰੇ ਉਸ ਦਾ ਇੰਤਜ਼ਾਰ ਕਰ ਰਹੇ ਸਨ। ਇਸ ਘਟਨਾ ਨੇ ਬਹੁਤ ਸਾਰੇ ਉਨ੍ਹਾਂ ਮਾਮਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜਦੋਂ ਗਊ ਰੱਖਿਆ ਦੇ ਨਾਂ ’ਤੇ ਘੱਟਗਿਣਤੀ ਫ਼ਿਰਕੇ ਨਾਲ ਜੁੜੇ ਵਿਅਕਤੀਆਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਇਸ ਕੇਸ ਵਿੱਚ ਪਹਿਲੀ ਵਾਰ ਵੱਖਰੀ ਗੱਲ ਇਹ ਹੋਈ ਹੈ ਕਿ ਮਾਰਨ ਵਾਲੇ ਵੀ ਬਹੁਗਿਣਤੀ ਫ਼ਿਰਕੇ ਨਾਲ ਸਬੰਧਿਤ ਸਨ ਅਤੇ ਮਰਨ ਵਾਲਾ ਆਰੀਅਨ ਵੀ ਬਹੁਗਿਣਤੀ ਫ਼ਿਰਕੇ ਦਾ ਸੀ। ਉਹ ਤਾਂ ਅਜੇ ਪਿਛਲੇ ਮਹੀਨੇ ਕਾਂਵੜ ਯਾਤਰਾ ’ਤੇ ਵੀ ਗਿਆ ਸੀ ਅਤੇ ਉਸ ਨੇ ਘਰ ’ਤੇ ਭਗਵਾ ਝੰਡਾ ਵੀ ਲਹਿਰਾਇਆ ਹੋਇਆ ਸੀ। ਇਸ ਮਾਮਲੇ ’ਚ ਹੱਤਿਆਰੇ ਨੇ ਆਰੀਅਨ ਦੇ ਪਿਤਾ ਕੋਲ ਭੁੱਲ ਤਾਂ ਬਖ਼ਸ਼ਾਈ ਪਰ ਭੁੱਲ ਬਖ਼ਸ਼ਾਉਣ ਦਾ ਕਾਰਨ ਇਹ ਸੀ ਕਿ ਕਾਤਲ ਦਾ ਧਰਮ ਵੀ ਉਹੀ ਹੈ ਜੋ ਆਰੀਅਨ ਦਾ ਸੀ। ਇਹ ਘਟਨਾ ਹਰਿਆਣਾ ਪ੍ਰਾਂਤ ’ਚ ਵਾਪਰੀ ਹੈ ਜਿੱਥੇ ਠੀਕ ਇੱਕ ਮਹੀਨੇ ਬਾਅਦ ਚੋਣਾਂ ਹੋਣ ਵਾਲੀਆਂ ਹਨ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਉਸ ਰਾਜ ਵਿੱਚ ਪੁਲੀਸ ਬਹੁਤ ਮੁਸਤੈਦ ਰਹਿੰਦੀ ਹੈ ਜਿਸ ਵਿੱਚ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ ਪਰ ਇੱਥੇ ਤਾਂ 30 ਕਿਲੋਮੀਟਰ ਤੱਕ ਆਰੀਅਨ ਦੀ ਕਾਰ ਦਾ ਪਿੱਛਾ ਕੀਤਾ ਗਿਆ ਅਤੇ ਚੱਲਦੀ ਕਾਰ ਉੱਤੇ ਗੋਲੀਆਂ ਵਰ੍ਹਾਈਆਂ ਗਈਆਂ ਤੇ ਫਿਰ ਐਨ ਨੇੜਿਓਂ ਗੋਲੀਆਂ ਮਾਰ ਕੇ ਇਹ ਯਕੀਨੀ ਬਣਾਇਆ ਗਿਆ ਕਿ ਉਸ ਵਿੱਚ ਕੋਈ ਸਾਹ ਬਾਕੀ ਤਾਂ ਨਹੀਂ ਰਿਹਾ।
ਲਗਭਗ ਤੀਹ ਕਿਲੋਮੀਟਰ ਤੱਕ ਇੱਕ ਕਾਰ ਦੂਜੀ ਕਾਰ ਦਾ ਵਾਹੋਦਾਹੀ ਪਿੱਛਾ ਕਰ ਰਹੀ ਸੀ ਅਤੇ ਉਸ ’ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਸਨ। ਕੀ 30 ਕਿਲੋਮੀਟਰ ’ਚ ਪੁਲੀਸ ਦਾ ਕੋਈ ਇੱਕ ਵੀ ਸਿਪਾਹੀ ਨਹੀਂ ਸੀ? ਕੀ ਇਸ ਰਾਹ ’ਤੇ ਕਿਧਰੇ ਕੋਈ ਇੱਕ ਵੀ ਕੈਮਰਾ ਅਜਿਹਾ ਨਹੀਂ ਸੀ ਜਿਸ ਤੋਂ ਗੋਲੀਬਾਰੀ ਬਾਰੇ ਪੁਲੀਸ ਨੂੰ ਪਤਾ ਲੱਗ ਸਕਦਾ? ਆਰੀਅਨ ਨੂੰ ਮਾਰਨ ਵਾਲੇ ਗੈਂਗ ਦੇ ਮੁਖੀ ਅਨਿਲ ਕੌਸ਼ਿਕ ਦਾ ਪਿਛੋਕੜ ਅਪਰਾਧੀਆਂ ਵਾਲਾ ਹੈ ਪਰ ਫਿਰ ਵੀ ਉਹ ਫਰੀਦਾਬਾਦ ਜ਼ਿਲ੍ਹੇ ਦੀ 11 ਮੈਂਬਰੀ ਗਊ ਰੱਖਿਆ ਫੋਰਸ ਦਾ ਮੈਂਬਰ ਹੈ। ਵੱਖ ਵੱਖ ਸਮਿਆਂ ਵਿੱਚ ਉਸ ਖ਼ਿਲਾਫ਼ ਮੋਬਾਈਲ ਫੋਨ ਖੋਹਣ ਅਤੇ ਲੁੱਟਮਾਰ ਕਰਨ ਦੇ ਕੇਸ ਦਰਜ ਹੋਏ ਸਨ। ਉਸ ਨੂੰ ਪਿਸਤੌਲ ਦਾ ਲਾਇਸੈਂਸ ਵੀ ਮਿਲਿਆ ਹੋਇਆ ਸੀ। ਚੋਣ ਜ਼ਾਬਤੇ ਕਾਰਨ ਉਸ ਨੂੰ ਇਹ ਪਿਸਤੌਲ ਜਮ੍ਹਾਂ ਕਰਵਾਉਣਾ ਪਿਆ ਸੀ। ਫ਼ਰਕ ਸਿਰਫ਼ ਏਨਾ ਪਿਆ ਕਿ ਜੋ ਕਤਲ ਉਸ ਨੇ ਲਾਇਸੈਂਸੀ ਪਿਸਤੌਲ ਨਾਲ ਕਰਨਾ ਸੀ, ਉਹ ਉਸ ਨੇ ਦੇਸੀ ਕੱਟੇ ਨਾਲ ਕੀਤਾ। ਇਸੇ ਕਰ ਕੇ ਹੀ ਕੌਸ਼ਿਕ ਅਤੇ ਉਸ ਦੇ ਗਰੋਹ ਦੇ ਮੈਂਬਰਾਂ ਦੀ ਜ਼ਮਾਨਤ ਨਹੀਂ ਹੋਈ, ਨਹੀਂ ਤਾਂ 2017 ’ਚ 17 ਸਾਲਾ ਜੁਨੈਦ ਦੇ ਕਾਤਲਾਂ ਵਾਂਗ ਇਨ੍ਹਾਂ ਨੇ ਵੀ ਜੇਲ੍ਹ ਤੋਂ ਬਾਹਰ ਆ ਜਾਣਾ ਸੀ।
ਪਿਛਲੇ ਕਰੀਬ ਇੱਕ ਦਹਾਕੇ ’ਚ ਫ਼ਿਰਕੂ ਕੱਟੜਤਾ ਦੀ ਇਹ ਹਨੇਰੀ ਕਈ ਘਰਾਂ ਦੇ ਚਿਰਾਗ ਬੁਝਾ ਚੁੱਕੀ ਹੈ। ਹਾਲੇ ਸਾਲ ਕੁ ਪਹਿਲਾਂ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਰਾਜਸਥਾਨ ਦੇ ਪਸ਼ੂ ਵਪਾਰੀਆਂ ਜੁਨੈਦ ਖਾਨ ਅਤੇ ਨਾਸਿਰ ਨੂੰ ਹਰਿਆਣਾ ਵਿੱਚ ਮਾਰ ਕੇ ਉਨ੍ਹਾਂ ਦੀ ਜੀਪ ਵਿੱਚ ਹੀ ਸਾੜ ਦਿੱਤਾ ਗਿਆ ਸੀ। ਹਾਪੁੜ ’ਚ ਕਾਸਿਮ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਫ਼ਿਰਕਾਪ੍ਰਸਤੀ ਇਸ ਹੱਦ ਤੱਕ ਲੋਕਾਂ ਦੀ ਸੋਚ ਦਾ ਹਿੱਸਾ ਬਣ ਚੁੱਕੀ ਹੈ ਕਿ ਆਰਪੀਐੱਫ ਜਵਾਨ ਚੇਤਨ ਸਿੰਘ ਚੌਧਰੀ ਨੇ ਲੰਘੇ ਸਾਲ ਜੈਪੁਰ-ਮੁੰਬਈ ਐਕਸਪ੍ਰੈੱਸ ਦੀਆਂ ਵੱਖ ਵੱਖ ਬੋਗੀਆਂ ’ਚ ਜਾ ਕੇ ਵੱਖਰੇ ਪਹਿਰਾਵੇ ਤੇ ਵੱਖਰੀ ਪਛਾਣ ਵਾਲੇ ਚਾਰ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਸ ਤਸਵੀਰ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਗੁਨਾਹਗਾਰਾਂ ਨੂੰ ਇਨ੍ਹਾਂ ਕਾਰਿਆਂ ਲਈ ਪਛਤਾਵਾ ਨਹੀਂ ਹੁੰਦਾ। ਇਸ ਵਰਤਾਰੇ ਨੂੰ ਵੰਡਪਾਊ ਸਿਆਸੀ ਆਗੂਆਂ ਵੱਲੋਂ ਹੋਰ ਪੁਖ਼ਤਾ ਕੀਤਾ ਜਾਂਦਾ ਹੈ। ਬਿਲਕੀਸ ਬਾਨੋ ਗੈਂਗਰੇਪ ਅਤੇ ਉਸ ਦੇ ਪਰਿਵਾਰ ਦੇ ਜੀਆਂ ਦੀ ਹੱਤਿਆ ਦੇ ਦੋਸ਼ੀ ਜਦੋਂ ਸਜ਼ਾ ਮੁਆਫ਼ੀ ਮਗਰੋਂ ਛੇਤੀ ਰਿਹਾਅ ਹੋ ਕੇ ਜੇਲ੍ਹ ’ਚੋਂ ਬਾਹਰ ਆਏ ਤਾਂ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਭਾਜਪਾ ਆਗੂ ਜੈਅੰਤ ਸਿਨਹਾ ਨੇ ਵੀ ਝਾਰਖੰਡ ’ਚ ਹਜੂਮੀ ਹਿੰਸਾ ਦੇ ਮੁਲਜ਼ਮਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਸੀ। ਇਸੇ ਤਰ੍ਹਾਂ, ਬਨਾਰਸ ਹਿੰਦੂ ਵਿਸ਼ਵ ਵਿਦਿਆਲੇ ਅੰਦਰ ਗੈਂਗਰੇਪ ਦੇ ਮੁਲਜ਼ਮ ਜਦੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਆਏ ਤਾਂ ਉਨ੍ਹਾਂ ਨੂੰ ਵੀ ਫੁੱਲਾਂ ਦੇ ਹਾਰ ਪਹਿਨਾਏ ਗਏ। ਦੇਸ਼ ਦੀ ਆਬੋ-ਹਵਾ ’ਚ ਇਹ ਜ਼ਹਿਰ ਰਾਤੋ-ਰਾਤ ਨਹੀਂ ਘੁਲਿਆ। ਇਸ ਦੇ ਪਿਛੋਕੜ ’ਚ ਲੰਮਾ ਸਿਆਸੀ ਵਰਤਾਰਾ ਹੈ, ਮਹਿਜ਼ ਸੱਤਾ ਹਾਸਲ ਕਰਨ ਲਈ ਖੇਡੀ ਗਈ ਇਸ ਖੇਡ ਨੇ ਜੋ ਕੰਡੇ ਹੱਥੀਂ ਬੀਜੇ ਸਨ ਹੁਣ ਉਹ ਪਲਕਾਂ ਨਾਲ ਚੁਗਣੇ ਪੈ ਰਹੇ ਹਨ। ਫ਼ਿਰਕੂ ਸਾਂਝ ਨੂੰ ਤਾਰ ਤਾਰ ਕਰਦਿਆਂ ਵੋਟਾਂ ਖ਼ਾਤਰ ਜੋ ਵੰਡੀਆਂ ਪਾਈਆਂ ਗਈਆਂ ਸਨ, ਉਹ ਲੀਹਾਂ ਹੁਣ ਏਨੀਆਂ ਡੂੰਘੀਆਂ ਹੋ ਗਈਆਂ ਨੇ ਕਿ ਲੋਕਾਂ ਦੇ ਦਿਲੋ-ਦਿਮਾਗ਼ ’ਚ ਖੁਣੀਆਂ ਗਈਆਂ ਹਨ। ਰੰਗਾਂ ਦੀ ਇਸ ਸਿਆਸਤ ਨੇ ਖ਼ੂਨੀ ਰੂਪ ਧਾਰ ਲਿਆ ਹੈ ਜਿਸ ਦੀ ਭੇਟ ਕਈ ਬੇਦੋੋਸ਼ੇ ਚੜ੍ਹ ਗਏ ਹਨ।
ਇਸੇ ਸਿਆਸਤ ਦੇ ਸ਼ਿਕਾਰ ਹੋਏ ਆਰੀਅਨ ਮਿਸ਼ਰਾ ਦਾ ਪਿਤਾ, ਜਿਸ ਨੂੰ ਜਵਾਨ ਪੁੱਤਰ ਦੀ ਮੌਤ ਨੇ ਅੰਦਰੋਂ ਤੋੜ ਦਿੱਤਾ ਹੈ, ਬਦਹਵਾਸ ਹੋ ਕੇ ਆਖਦਾ ਹੈ, ‘‘ਗਊ ਤਸਕਰ ਸਮਝ ਕੇ ਇਨ ਕੋ ਕਿਆ ਅਧਿਕਾਰ ਮਿਲਾ ਹੁਆ ਹੈ ਕਿ ਗੋਲੀ ਮਾਰ ਦੇਂ ਹਮ ਕੋ?’’ ਸਵਾਲ ਹੈ ਕਿ ਅਪਰਾਧੀ ਪਿਛੋਕੜ ਵਾਲੇ ਇਨ੍ਹਾਂ ਮੁਲਜ਼ਮਾਂ ਨੂੰ ਗਊ ਰੱਖਿਆ ਦੇ ਨਾਂ ’ਤੇ ਕਾਨੂੰਨ ਆਪਣੇ ਹੱਥ ’ਚ ਲੈਣ ਦਾ ਅਧਿਕਾਰ ਕਿਸ ਨੇ ਦਿੱਤਾ? ਇਸ ਕੇਸ ’ਚ ਗ੍ਰਿਫ਼ਤਾਰ ਮੁਲਜ਼ਮਾਂ ਅਨਿਲ, ਕ੍ਰਿਸ਼ਨ, ਵਰੁਣ, ਆਦੇਸ਼ ਅਤੇ ਸੌਰਵ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਖਬਰਾਂ ਤੋਂ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚ ਗਊ ਤਸਕਰ ਡਸਟਰ ਗੱਡੀ ’ਚ ਘੁੰਮ ਕੇ ਰੇਕੀ ਕਰ ਰਹੇ ਹਨ ਅਤੇ ਜਿੱਥੇ ਵੀ ਪਸ਼ੂ ਮਿਲ ਰਹੇ ਹਨ, ਉਹ ਉਨ੍ਹਾਂ ਨੂੰ ਕੰਟੇਨਰਾਂ ’ਚ ਪਾ ਕੇ ਚੁੱਕ ਰਹੇ ਹਨ। ਆਰੀਅਨ ਨੂੰ ਜਦੋਂ ਇਨ੍ਹਾਂ ਅਖੌਤੀ ਗਊ ਰੱਖਿਅਕਾਂ ਨੇ ਗੱਡੀ ਰੋਕਣ ਲਈ ਕਿਹਾ ਤਾਂ ਉਸ ਨੇ ਗੱਡੀ ਭਜਾ ਲਈ ਜਿਸ ਕਰ ਕੇ ਉਨ੍ਹਾਂ ਦਾ ਸ਼ੱਕ ਹੋਰ ਪੱਕਾ ਹੋ ਗਿਆ ਕਿ ਉਹ ਗਊ ਤਸਕਰ ਹੈ। ਇਸ ਸਾਰੇ ਮਾਮਲੇ ਬਾਰੇ ਪੁਲੀਸ ਨੇ ਅਜੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣੇ ਹਨ ਕਿ ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਕਿੱਥੋਂ ਆਏ, ਇਨ੍ਹਾਂ ਨੂੰ ਗਊ ਤਸਕਰ ਫੜਨ ਲਈ ਕਿਸ ਨੇ ਮੁਖਬਰੀ ਦਿੱਤੀ? ਇਨ੍ਹਾਂ ਦਾ ਕਿਸ ਸਿਆਸੀ ਧਿਰ ਨਾਲ ਸਬੰਧ ਹੈ? ਬਿਨਾਂ ਕਿਸੇ ਸਿਆਸੀ ਪੁਸ਼ਤਪਨਾਹੀ ਤੋਂ ਤੁਸੀਂ ਗਊ ਤਸਕਰੀ ਦੇ ਨਾਂ ’ਤੇ ਕਿਸੇ ਨੂੰ ਜਾਨੋਂ ਮਾਰਨ ਦੀ ਜੁਰੱਅਤ ਨਹੀਂ ਕਰ ਸਕਦੇ।
ਘਟਨਾਵਾਂ ਦੇ ਇਸ ਕੈਲੰਡਰ ’ਚ ਸਮਾਂ ਹੁਣ ਅਜਿਹੇ ਮੋੜ ’ਤੇ ਆ ਗਿਆ ਹੈ ਜਿੱਥੇ ਨਾਵਾਂ ਅਤੇ ਪਹਿਰਾਵਿਆਂ ਦੀ ਪਛਾਣ ਰਲਗੱਡ ਹੋ ਕੇ ਸਭ ਕੁਝ ਬੇਪਛਾਣ ਹੋ ਗਿਆ ਹੈ। ਫ਼ਿਰਕਿਆਂ ਦਾ ਭੇਦ ਜਦੋਂ ਮਿੱਟ ਰਿਹਾ ਹੈ ਤਾਂ ਸਾਰਿਆਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਅੱਗ ਹੁਣ ਉਨ੍ਹਾਂ ਦੇ ਬਰੂਹਾਂ ਨੇੜੇ ਆ ਗਈ ਹੈ ਜਿਸ ਦੀਆਂ ਲਪਟਾਂ ਉਹ ਪਹਿਲਾਂ ਕਿਸੇ ਹੋਰ ਦੇ ਘਰ ’ਚੋਂ ਉੱਠਦੀਆਂ ਦੇਖਦੇ ਸਨ। ਨਫ਼ਰਤਾਂ ਦੇ ਭਾਂਬੜ ਹੁਣ ਸਿਆਸੀ ਜ਼ਮੀਨ ਦੀ ਹਰ ਨੁੱਕਰ ਨੂੰ ਲੂਹਣ ਲੱਗੇ ਹਨ। ਆਸਮਾਨ ਹੁਣ ਤ੍ਰਿਕਾਲੀਂ ਢਲਦੇ ਸੂਰਜ ਨਾਲ ਰੰਗ ਨਹੀਂ ਵਟਾ ਰਿਹਾ ਸਗੋਂ ਨਫ਼ਰਤੀ ਅੱਗ ਦੇ ਪਹਿਰੇ ਹੇਠ ਆ ਗਿਆ ਹੈ। ਇਹ ਅੱਗ ਸਭ ਕੁਝ ਸੁਆਹ ਕਰ ਦੇਵੇਗੀ। ਕਿਸੇ ਫ਼ਿਰਕੇ ਜਾਂ ਜਾਤ ਨੂੰ ਨਹੀਂ ਬਖ਼ਸ਼ੇਗੀ। ਇਸ ’ਤੇ ਕਾਬੂ ਪਾਉਣ ਲਈ ਨਫ਼ਰਤ ਤੇ ਵੰਡਪਾਊ ਸਿਆਸਤ ਛੱਡ ਕੇ ਇਨਸਾਨ ਨੂੰ ਸਿਰਫ਼ ਇਨਸਾਨ ਸਮਝਣਾ ਪਵੇਗਾ। ਸਾਂਝ ਦਾ ਤਰੌਂਕਾ ਹੀ ਇਸ ਨਫ਼ਰਤੀ ਅੱਗ ਨੂੰ ਠੰਢਾ ਕਰ ਸਕਦਾ ਹੈ।

Advertisement

Advertisement
Advertisement
Author Image

sanam grng

View all posts

Advertisement