For the best experience, open
https://m.punjabitribuneonline.com
on your mobile browser.
Advertisement

ਡੇਰਾ ਚਰਨ ਘਾਟ ਦਾ ਮੁਖੀ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ

09:07 AM Sep 03, 2024 IST
ਡੇਰਾ ਚਰਨ ਘਾਟ ਦਾ ਮੁਖੀ ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ
ਬਾਬੇ ਨੂੰ ਗ੍ਰਿਫਤਾਰ ਕਰ ਕੇ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਸਤੰਬਰ
ਇਥੋਂ ਨੇੜੇ ਅਖਾੜਾ ਨਹਿਰ ਕਿਨਾਰੇ ਬਣੇ ਡੇਰੇ ਦੇ ਮੁਖੀ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਪੁਲੀਸ ਨੇ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਡੇਰੇ ਨੂੰ ਸੀਲ ਕਰ ਦਿੱਤਾ ਤੇ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ। ਇਸ ਤੋਂ ਇਲਾਵਾ ਪੁਲੀਸ ਨੇ ਡੇਰੇ ਵਿਚ ਰੱਖੇ ਪਾਵਨ ਸਰੂਪ ਵੀ ਨੇੜਲੇ ਗੁਰਦੁਆਰੇ ਵਿਚ ਭਿਜਵਾ ਦਿੱਤੇ ਹਨ। ਜਾਣਕਾਰੀ ਅਨੁਸਾਰ ਅਬੋਹਰ ਬ੍ਰਾਂਚ ਨਹਿਰੀ ਪੁਲ ਅਖਾੜਾ ਨੇੜੇ ਨਾਨਕਸਰ ਸੰਪ੍ਰਦਾਇ ਨਾਲ ਸਬੰਧਤ ਔਖਤੀ ਬਾਬੇ ਬਲਜਿੰਦਰ ਸਿੰਘ ਨੇ ‘ਚਰਨ ਘਾਟ’ ਨਾਂ ਦਾ ਡੇਰਾ ਸਥਾਪਿਤ ਕੀਤਾ ਸੀ। ਉਹ ਕਾਫੀ ਸਮਾਂ ਪਹਿਲਾਂ ਵੀ ਕਥਿਤ ਸਮਾਜ ਵਿਰੋਧੀ ਗਤੀਵਿਧੀਆਂ ਕਾਰਨ ਚਰਚਾ ’ਚ ਰਿਹਾ ਸੀ। ਹੁਣ ਔਰਤ ਵੱਲੋਂ ਬਾਬੇ ’ਤੇ ਜਬਰ-ਜਨਾਹ ਦੇ ਦੋਸ਼ ਲਾਏ ਗਏ ਹਨ, ਜਿਨ੍ਹਾਂ ਦੀ ਪੜਤਾਲ ਸਿੱਖ ਜਥੇਬੰਦੀ ਵੱਲੋਂ ਕੀਤੀ ਗਈ। ਜਥੇਬੰਦੀ ਨੇ ਦੋਸ਼ ਸਾਬਤ ਹੋਣ ਉਪਰੰਤ ਉਸ ਖ਼ਿਲਾਫ਼ ਪੀੜਤ ਔਰਤ ਵੱਲੋਂ ਪੁਲੀਸ ਕੋਲ ਬਿਆਨ ਦਿਵਾ ਕੇ ਕੇਸ ਦਰਜ ਕਰਵਾ ਦਿੱਤਾ, ਜਿਸ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਡੀਐੱਸਪੀ ਜਸਜੋਤ ਸਿੰਘ ਨੇ ਕਰਦਿਆਂ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪੁਲੀਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਸੱਦ ਕੇ ਸਤਿਕਾਰ ਸਹਿਤ ਗੁਰੂ ਸਾਹਿਬ ਦੇ ਪਾਵਨ ਸਰੂਪ ਡੇਰੇ ਵਿੱਚੋਂ ਇਲਾਕੇ ਦੇ ਹੋਰ ਗੁਰੂ ਘਰ ਵਿਚ ਪਹੁੰਚਾ ਦਿੱਤੇ ਹਨ ਅਤੇ ਡੇਰੇ ਨੂੰ ਸੀਲ ਕਰ ਦਿੱਤਾ ਹੈ। ਇਸ ਮਾਮਲੇ ਨੂੰ ਉਜਾਗਰ ਕਰਨ ਵਾਲੀ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਅਖੌਤੀ ਬਾਬੇ ਨੇ 10 ਲੱਖ ਦੇਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਖੌਤੀ ਬਾਬਾ ਦੋਸ਼ ਲਗਾਉਣ ਵਾਲੀ ਬੀਬੀ ਦਾ ਪਿਛਲੇ ਦੋ ਸਾਲ ਤੋਂ ਕਥਿਤ ਸ਼ੋਸ਼ਣ ਕਰ ਰਿਹਾ ਸੀ। ਪੁਲੀਸ ਨੇ ਅੱਜ ਸਵੇਰ ਤੋਂ ਹੀ ਡੇਰੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ।

Advertisement
Advertisement
Author Image

joginder kumar

View all posts

Advertisement