ਬੱਚਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਸਤੰਬਰ
ਇੱਥੋਂ ਦੀ ਪੁਲੀਸ ਨੇ ਨਵਜੰਮੇ ਬੱਚਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਗਰੋਹ ਦੇ ਪੰਜ ਮੈਂਬਰਾਂ ਨੂੰ ਦੋ ਨਵਜੰਮੀਆਂ ਬੱਚੀਆਂ ਦੀ ਖ਼ਰੀਦੋ-ਫ਼ਰੋਖ਼ਤ ਕਰਦਿਆਂ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਕਰੀਬ 10 ਦਿਨ ਅਤੇ ਦੂਸਰੀ ਬੱਚੀ ਦੀ ਉਮਰ ਕਰੀਬ 5 ਦਿਨ ਹੈ। ਇਹ ਕਾਰਵਾਈ ਕੋਤਵਾਲੀ ਪਟਿਆਲਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਾਲੀ ਟੀਮ ਨੇ ਕੀਤੀ ਹੈ। ਐੱਸਪੀ ਸਿਟੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਐੱਸਆਈ ਗੁਰਪ੍ਰੀਤ ਕੌਰ ਤੇ ਟੀਮ ਨੂੰ ਸੂਚਨਾ ਮਿਲੀ ਕਿ ਕੁਲਵਿੰਦਰ ਕੌਰ ਉਰਫ਼ ਮਨੀ ਵਾਸੀ ਪਿੰਡ ਕੁੱਸਾ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਸਟਾਫ਼ ਨਰਸ ਦਾ ਕੰਮ ਕਰਨ ਦੇ ਨਾਲ-ਨਾਲ ਨਵਜੰਮੇ ਬੱਚਿਆਂ ਦੀ ਖ਼ਰੀਦ ਕਰਕੇ ਇਨ੍ਹਾਂ ਨੂੰ ਮਹਿੰਗੇ ਭਾਅ ’ਤੇ ਅੱਗੇ ਲੋੜਵੰਦਾਂ ਨੂੰ ਵੇਚ ਦਿੰਦੀ ਹੈ। ਮਥੁਰਾ ਕਲੋਨੀ ਪਟਿਆਲਾ ਵਿਚ ਨਵ ਜੰਮਿਆ ਬੱਚਾ ਸਰਬਜੀਤ ਕੌਰ ਵਾਸੀ ਪਿੰਡ ਦੁਲਮਾ, ਜੋ ਸਰਕਾਰੀ ਹਸਪਤਾਲ, ਸੰਗਰੂਰ ਵਿੱਚ ਸਫ਼ਾਈ ਸੇਵਿਕਾ ਸੀ, ਰਾਜੇਸ਼ ਕੁਮਾਰ ਸਿਰਸਾ ਨੂੰ ਵੇਚਣ ਆਈ ਹੈ। ਇਸ ਮੌਕੇ ਪੁਲੀਸ ਨੇ ਕਾਰਵਾਈ ਕਰਦਿਆਂ ਤਿੰਨ ਜਣਿਆਂ ਨੂੰ 10 ਦਿਨਾਂ ਦੀ ਨਵ ਜਨਮੀ ਬੱਚੀ ਸਣੇ ਕਾਬੂ ਕੀਤਾ ਤੇ ਅਦਾਲਤ ਨੇ ਉਨ੍ਹਾਂ ਦਾ ਚਾਰ ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ। ਪੁਲੀਸ ਨੇ ਪੁੱਛ ਪੜਤਾਲ ਦੌਰਾਨ ਇਨ੍ਹਾਂ ਦੇ ਗਰੋਹ ਦੇ ਹੋਰ ਮੈਂਬਰ ਜਸ਼ਨਦੀਪ ਕੌਰ ਉਰਫ਼ ਹੈਪੀ ਤੇ ਕਮਲੇਸ਼ ਕੌਰ ਨੂੰ ਗ੍ਰਿਫ਼ਤਾਰ ਕਰਕੇ ਪੰਜ ਦਿਨਾਂ ਦੀ ਬੱਚੀ ਬਰਾਮਦ ਕੀਤੀ ਹੈ।