ਉਹ ਜਿੱਤ ਹੀ ਗਈ ਸੰਘਰਸ਼ ਦੀ ਬਾਜ਼ੀ
ਅਰਵਿੰਦਰ ਜੌਹਲ
ਦਿੱਲੀ ਦੇ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਪੈਰਿਸ ਤੋਂ ਪਰਤੀ ਆਪਣੀ ਧੀ ਵਿਨੇਸ਼ ਫੋਗਾਟ ਦਾ ਸਵਾਗਤ ਕਰਨ ਲਈ ਤਿਰੰਗੇ ਹੱਥਾਂ ’ਚ ਫੜੀ ਵਿਸ਼ਾਲ ਜਨ ਸਮੂਹ ਪੁੱਜਿਆ ਹੋਇਆ ਸੀ। ਇਹ ਉਹੀ ਸ਼ਹਿਰ ਹੈ ਜਿੱਥੇ ਕੋਈ ਇੱਕ ਸਾਲ ਪਹਿਲਾਂ ਜਿਣਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਉਠਾਉਣ ਅਤੇ ਨਿਆਂ ਦੀ ਮੰਗ ਲਈ ਧਰਨਾ ਦੇ ਰਹੀਆਂ ਵਿਨੇਸ਼ ਫੋਗਾਟ ਤੇ ਹੋਰ ਮਹਿਲਾ ਪਹਿਲਵਾਨਾਂ ਨੂੰ ਪੁਲੀਸ ਨੇ ਉਸ ਦਿਨ ਸੜਕਾਂ ’ਤੇ ਬੁਰੀ ਤਰ੍ਹਾਂ ਘੜੀਸਿਆ ਸੀ ਜਿਸ ਦਿਨ ਜਮਹੂਰੀਅਤ ਦੀ ਪ੍ਰਤੀਕ ਦੇਸ਼ ਦੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ ਸੀ। ਹਵਾਈ ਅੱਡੇ ਦੇ ਬਾਹਰ ਪੱਤਰਕਾਰਾਂ ਦਾ ਵੱਡਾ ਹਜੂਮ ਵੀ ਜੁੜਿਆ ਹੋਇਆ ਸੀ, ਜੋ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਿਹਾ ਸੀ ਅਤੇ ਉਨ੍ਹਾਂ ਸਵਾਲਾਂ ਦੇ ਜਵਾਬ ’ਚ ਉਸ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ। ਇਹ ਹੰਝੂ ਦੇਸ਼ ਦੇ ਸਮੁੱਚੇ ਪ੍ਰਬੰਧ ’ਤੇ ਆਪਮੁਹਾਰਾ ਪ੍ਰਤੀਕਰਮ ਸੀ ਜਿਸ ਦੇ ਖੇਡ ਮੰਤਰੀ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਦੇਸ਼ ਵਾਸੀਆਂ ਨੂੰ ਵਿਨੇਸ਼ ਫੋਗਾਟ ਦੀ ਸਿਖਲਾਈ ’ਤੇ ਖਰਚ ਹੋਇਆ ਇੱਕ ਇੱਕ ਪੈਸਾ ਗਿਣਵਾਇਆ ਸੀ।
ਹਰਿਆਣਾ ਦੇ ਪਿੰਡ ਬਲਾਲੀ ਦੀ ਜੰਮਪਲ ਵਿਨੇਸ਼ ਦਾ ਬਚਪਨ ਸਾਧਾਰਨ ਪੇਂਡੂ ਕੁੜੀਆਂ ਵਰਗਾ ਸੀ। ਤਿੰਨ ਭੈਣ-ਭਰਾਵਾਂ ’ਚੋਂ ਉਹ ਸਭ ਤੋਂ ਛੋਟੀ ਹੈ। ਨਿੱਕੇ ਹੁੰਦਿਆਂ ਉਸ ਦਾ ਸੁਫਨਾ ਸੀ ਕਿ ਉਸ ਦੇ ਲੰਬੇ ਵਾਲ ਹੋਣ, ਹੱਥ ’ਚ ਮੋਬਾਈਲ ਫੜਿਆ ਹੋਵੇ ਤੇ ਸਾਰੇ ਉਹ ਕੰਮ ਕਰੇ ਜੋ ਉਸ ਦੇ ਹਾਣ ਦੀਆਂ ਕੁੜੀਆਂ ਕਰਦੀਆਂ ਸਨ। ਪਰਿਵਾਰ ’ਚ ਸਭ ਤੋਂ ਛੋਟੀ ਹੋਣ ਕਾਰਨ ਉਹ ਆਪਣੇ ਪਿਉ ਦੀ ਸਭ ਤੋਂ ਲਾਡਲੀ ਧੀ ਸੀ। ਉਸ ਦਾ ਪਿਉ ਬੱਸ ਡਰਾਈਵਰ ਸੀ ਜਿਸ ਨੇ ਉਸ ਨੂੰ ਖਿਡਾਉਂਦਿਆਂ ਸਹਿਜ ਹੀ ਨਿੱਕੀ ਬੱਚੀ ਦੇ ਮਨ ਵਿੱਚ ਜਹਾਜ਼ ’ਚ ਉੱਡਣ ਦਾ ਸੁਫਨਾ ਪਾ ਦਿੱਤਾ। ਉਹ ਅਜੇ ਮਸਾਂ ਨੌਂ ਵਰ੍ਹਿਆਂ ਦੀ ਸੀ ਕਿ ਉਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਹੁਣ ਉਸ ਦੀ ਇਕੱਲੀ ਮਾਂ ’ਤੇ ਇਨ੍ਹਾਂ ਬੱਚਿਆਂ ਦੀ ਜ਼ਿੰਮੇਵਾਰੀ ਆ ਪਈ। ਕੁਦਰਤ ਨੂੰ ਅਜੇ ਵੀ ਕੁਝ ਹੋਰ ਮਨਜ਼ੂਰ ਸੀ। ਉਸ ਦੀ ਮਾਂ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਪਰ ਮਾਂ ਨੇ ਇਸ ਬਿਮਾਰੀ ਨਾਲ ਜੂਝਦਿਆਂ ਔਖੀਆਂ ਪ੍ਰਸਥਿਤੀਆਂ ਦਾ ਹੌਸਲੇ ਨਾਲ ਟਾਕਰਾ ਕੀਤਾ। ਸ਼ਾਇਦ ਔਖੇ ਹਾਲਾਤ ’ਚ ਜੂਝਣ ਦਾ ਜਜ਼ਬਾ ਉਸ ਨੂੰ ਆਪਣੀ ਮਾਂ ਕੋਲੋਂ ਹੀ ਵਿਰਸੇ ’ਚ ਮਿਲਿਆ ਹੈ।
ਪਿਤਾ ਦੇ ਇਸ ਦੁਨੀਆ ’ਚੋਂ ਚਲੇ ਜਾਣ ਮਗਰੋਂ ਉਸ ਦੇ ਕੰਨਾਂ ਵਿੱਚ ਆਪਣੇ ਪਿਤਾ ਦੀ ਆਵਾਜ਼ ਗੂੰਜਦੀ, ‘‘ਮੈਂ ਬੱਸ ਚਲਾਉਂਦਿਆਂ ਆਪਣੇ ਉੱਤੇ ਆਸਮਾਨ ’ਚ ਉੱਡਦਾ ਉਹ ਜਹਾਜ਼ ਦੇਖਣਾ ਚਾਹੁੰਦਾ ਹਾਂ ਜਿਸ ਵਿੱਚ ਮੇਰੀ ਧੀ ਬੈਠੀ ਹੋਵੇ।’’ ਅਸਲ ਵਿੱਚ ਵਿਨੇਸ਼ ਦੀਆਂ ਜਾਗਦੀਆਂ ਅੱਖਾਂ ਦੇ ਇਸੇ ਸੁਫਨੇ ਨੇ ਉਸ ਨੂੰ ਕੁਸ਼ਤੀ ’ਚ ਦੇਸ਼ ਲਈ ਜਿੱਤ ਹਾਸਲ ਕਰਨ ਵਾਸਤੇ ਮਿਹਨਤ ਦੇ ਰਾਹ ਪਾ ਦਿੱਤਾ। ਜਿੱਤ ਦਾ ਸਫ਼ਰ ਕੋਈ ਆਸਾਨ ਨਹੀਂ ਹੁੰਦਾ। ਰਾਹ ’ਚ ਬਹੁਤ ਸਾਰੀਆਂ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਹਨਤ ਅਤੇ ਖੇਡ ਭਾਵਨਾ ਤੁਹਾਨੂੰ ਔਖੀਆਂ ਪ੍ਰਸਥਿਤੀਆਂ ’ਚ ਹਾਰ ਤੋਂ ਨਾ ਡਰਨ ਅਤੇ ਜਿੱਤ ਲਈ ਮੁੜ ਹੰਭਲਾ ਮਾਰਨ ਦਾ ਵੱਲ ਸਿਖਾਉਂਦੀ ਹੈ।
ਵਿਨੇਸ਼ ਦਾ ਕਹਿਣਾ ਹੈ ਕਿ ਉਸ ਦਾ ਸੁਫਨਾ ਸੀ ਕਿ ਉਹ ਆਪਣੇ ਦੇਸ਼ ਲਈ ਮੈਡਲ ਜਿੱਤ ਕੇ ਆਪਣੇ ਦੁਆਲੇ ਤਿਰੰਗਾ ਲਪੇਟ ਕੇ ਜੇਤੂ ਦੇ ਤੌਰ ’ਤੇ ਦੁਨੀਆ ਭਰ ਦੇ ਦਰਸ਼ਕਾਂ ਅਤੇ ਖਿਡਾਰੀਆਂ ਸਾਹਮਣੇ ਮੈਦਾਨ ਵਿੱਚ ਇੱਕ ਮਾਣਮੱਤਾ ਚੱਕਰ ਲਾਵੇ। ਇਸ ਸੁਫਨੇ ਨੂੰ ਹਕੀਕਤ ਬਣਾਉਣ ਲਈ ਉਸ ਨੇ ਜੀਅ-ਜਾਨ ਲਾ ਕੇ ਮਿਹਨਤ ਕੀਤੀ। ਉਹ ਕੁੜੀ, ਜੋ ਦੇਸ਼ ਦੇ ਸਮੁੱਚੇ ਤਾਕਤਵਰ ਤੰਤਰ ਨਾਲ ਜੂਝਦੀ ਹੋਈ ਪੈਰਿਸ ਓਲੰਪਿਕ ’ਚ ਪੁੱਜੀ, ਮਹਿਜ਼ ਸੌ ਗ੍ਰਾਮ ਭਾਰ ਵਧ ਜਾਣ ਕਾਰਨ ਤਕਨੀਕੀ ਤੌਰ ’ਤੇ ਕੁਸ਼ਤੀ ਮੁਕਾਬਲੇ ’ਚੋਂ ਬਾਹਰ ਹੋ ਗਈ। ਇੱਕੋ ਦਿਨ ’ਚ 50 ਕਿਲੋਗ੍ਰਾਮ ਭਾਰ ਵਰਗ ’ਚ ਤਿੰਨ ਕੁਸ਼ਤੀਆਂ ਪੂਰੇ ਦਮ-ਖਮ ਨਾਲ ਲੜਨ ਅਤੇ ਜਿੱਤਣ ਮਗਰੋਂ ਜਦੋਂ ਉਹ ਕੁਸ਼ਤੀ ਮੁਕਾਬਲੇ ਦੀ ਆਖ਼ਰੀ ਪੌੜੀ ’ਤੇ ਪੁੱਜੀ ਤਾਂ ਸੋਨ ਤਗ਼ਮਾ ਉਸ ਕੋਲੋਂ ਹੀ ਨਹੀਂ, 140 ਕਰੋੜ ਵਾਸੀਆਂ ਦੇ ਮੁਲਕ ਕੋਲੋਂ ਵੀ ਬੱਸ ਇੱਕ ਕਦਮ ਦੂਰ ਹੀ ਜਾਪਦਾ ਸੀ।
ਸੱਤ ਅਗਸਤ ਨੂੰ ਜਿਸ ਦਿਨ ਵਿਨੇਸ਼ ਨੂੰ ਫਾਈਨਲ ਮੁਕਾਬਲੇ ਲਈ ਅਯੋਗ ਠਹਿਰਾਇਆ ਗਿਆ, ਉਸ ਮਗਰੋਂ ਉਸ ਨੇ ਭਾਵੁਕ ਹੁੰਦਿਆਂ ਕੁਸ਼ਤੀ ਨੂੰ ਅਲਵਿਦਾ ਕਹਿਣ ਦਾ ਐਲਾਨ ਕਰਦਿਆਂ ਆਪਣੀ ਮਾਂ ਪ੍ਰੇਮਲਤਾ ਨੂੰ ਸੰਬੋਧਨ ਕਰਦਿਆਂ ਲਿਖਿਆ, ‘‘ਮਾਂ ਕੁਸ਼ਤੀ ਮੈਥੋਂ ਜਿੱਤ ਗਈ, ਮੈਂ ਹਾਰ ਗਈ। ਮੈਨੂੰ ਮੁਆਫ਼ ਕਰੀਂ, ਤੇਰਾ ਸੁਫਨਾ ਅਤੇ ਮੇਰਾ ਹੌਸਲਾ ਸਭ ਟੁੱਟ ਗਿਆ ਹੈ। ਮੇਰੇ ’ਚ ਹੁਣ ਹੋਰ ਤਾਕਤ ਨਹੀਂ ਰਹੀ। ਅਲਵਿਦਾ ਕੁਸ਼ਤੀ 2001-2024, ਮੈਂ ਤੁਹਾਡੇ ਸਾਰਿਆਂ ਦੀ ਸ਼ੁਕਰਗੁਜ਼ਾਰ ਰਹਾਂਗੀ। ਮੈਨੂੰ ਮੁਆਫ਼ ਕਰ ਦਿਓ।’’ ਸਰਕਾਰੀ ਤੰਤਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ’ਚ ਵੱਖ ਵੱਖ ਤਰ੍ਹਾਂ ਦੀਆਂ ਦਿੱਕਤਾਂ, ਸਾਜ਼ਿਸ਼ਾਂ ਅਤੇ ਸੋਸ਼ਲ ਮੀਡੀਆ ’ਤੇ ਖ਼ਾਸ ਗਲੀਜ਼ ਜ਼ਹਿਨੀਅਤ ਦੇ ਲੋਕਾਂ ਵੱਲੋਂ ਉਸ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਸਾਹਮਣਾ ਕਰਦਿਆਂ ਉਹ ਇਕੇਰਾਂ ਅੰਦਰੋਂ ਟੁੱਟ ਗਈ ਅਤੇ ਉਨ੍ਹਾਂ ਕਮਜ਼ੋਰ ਪਲਾਂ ’ਚ ਭਾਵੁਕ ਹੋ ਕੇ ਉਸ ਨੇ ਕੁਸ਼ਤੀ ਛੱਡਣ ਦਾ ਐਲਾਨ ਕਰ ਦਿੱਤਾ। ਉਸ ਅੰਦਰਲੀ ਆਮ ਕੁੜੀ ਉਸ ਉੱਤੇ ਭਾਰੂ ਹੋ ਗਈ ਪਰ ਫਿਰ ਉਸ ਅੰਦਰਲੀ ਜੁਝਾਰੂ ਤੇ ਚੈਂਪੀਅਨ ਵਿਨੇਸ਼ ਆਪਣੇ ਅੰਦਰਲੇ ਸਾਰੇ ਟੁਕੜਿਆਂ ਨੂੰ ਸਮੇਟ ਕੇ ਮੁੜ ਉੱਠ ਖੜੋਤੀ ਅਤੇ ਉਸ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਐਲਾਨ ਕੀਤਾ ਹੈ ਕਿ ਉਸ ਨੇ ਹਾਰ ਨਹੀਂ ਮੰਨੀ। ਉਸ ਦਾ ਟੀਚਾ ਅਜੇ ਅਧੂਰਾ ਹੈ। ਉਹ ਖ਼ੁਦ ਨੂੰ 2032 ਤੱਕ ਕੁਸ਼ਤੀ ਲੜਦਿਆਂ ਦੇਖਦੀ ਹੈ। ਉਹ ਪੈਰਿਸ ਓਲੰਪਿਕ ’ਚ ਮੈਡਲ ਭਾਵੇਂ ਹਾਰ ਗਈ ਪਰ ਜ਼ਿੰਦਗੀ ਅਤੇ ਖੇਡ ਦੇ ਮੈਦਾਨ ’ਚ ਸੰਘਰਸ਼ ’ਤੇ ਡਟੇ ਰਹਿਣ ਦੀ ਬਾਜ਼ੀ ਉਹ ਜਿੱਤ ਗਈ ਹੈ।